ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਤੋਂ ਇਲਾਵਾ ਹਰਿਆਣਾ ਵਿਚ ਜ਼ਬਰਦਸਤ ਅਤੇ ਹੋਰ ਰਾਜਾਂ ਵਿਚ ਵੀ ਮਿਲੇ ਹੁੰਗਾਰੇ ਨੇ ਅੰਦੋਲਨ ਲਈ ਲੋਕਾਂ ਦੀ ਵਧ ਰਹੀ ਹਮਾਇਤ ਦੀ ਤਸਦੀਕ ਕੀਤੀ ਹੈ। ਚੋਣਾਂ ਵਾਲੇ ਪੰਜੇ ਰਾਜਾਂ ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ, ਆਸਾਮ ਅਤੇ ਪੁਡੂਚਿਰੀ ’ਚ ਬੰਦ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ। ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਢਿੱਲ ਦਿੱਤੀ ਗਈ। ਪੰਜਾਬ ਅਤੇ ਹਰਿਆਣਾ ਵਿਚ ਵਪਾਰੀਆਂ ਅਤੇ ਹੋਰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ। ਕਈ ਰਾਜਾਂ ਵਿਚ ਪੁਲੀਸ ਨੇ ਤਾਕਤ ਦੀ ਵਰਤੋਂ ਵੀ ਕੀਤੀ। ਗੁਜਰਾਤ ਵਿਚ ਸਥਾਨਕ ਆਗੂਆਂ ਨਾਲ ਪ੍ਰੈਸ ਕਾਨਫ਼ਰੰਸ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਅਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੰਗਲੌਰ ਵਿਚ ਸੰਯੁਕਤ ਮੋਰਚੇ ਦੀ ਆਗੂ ਕਵਿਤਾ ਕੁਰਗੰਤੀ ਸਮੇਤ ਕਈ ਹੋਰ ਆਗੂ ਹਿਰਾਸਤ ਵਿਚ ਲੈ ਲਏ ਗਏ। ਉੱਤਰ ਪ੍ਰਦੇਸ਼ ਵਿਚ ਵੀ ਕੁਝ ਗ੍ਰਿਫ਼ਤਾਰੀਆਂ ਹੋਣ ਦੀਆਂ ਖ਼ਬਰਾਂ ਹਨ।
ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਅੰਦੋਲਨ ਨੂੰ ਚਾਰ ਮਹੀਨੇ ਪੂਰੇ ਹੋ ਚੁੱਕੇ ਹਨ। ਇਸ ਤਰ੍ਹਾਂ ਨਾਲ ਇਹ ਅੰਦੋਲਨ ਦੁਨੀਆਂ ਭਰ ਵਿਚ ਇੰਨੇ ਵੱਡੇ ਇਕੱਠ ਅਤੇ ਸ਼ਾਂਤਮਈ ਤਾਸੀਰ ਵਾਲਾ ਸਭ ਤੋਂ ਲੰਮਾ ਅੰਦੋਲਨ ਹੋ ਨਿੱਬੜਿਆ ਹੈ। ਸੁਪਰੀਮ ਕੋਰਟ ਨੇ ਅੰਦੋਲਨ ਨੂੰ ਜਾਇਜ਼ ਠਹਿਰਾਉਂਦਿਆਂ ਲੋਕਾਂ ਦੁਆਰਾ ਸਰਕਾਰ ਦਾ ਵਿਰੋਧ ਕਰਨ ਦੇ ਹੱਕ ਨੂੰ ਸਵੀਕਾਰ ਕੀਤਾ ਹੈ। ਸਰਕਾਰ ਦੁਆਰਾ ਸਿੰਘੂ, ਟਿਕਰੀ, ਗਾਜ਼ੀਪੁਰ ਆਦਿ ਦਿੱਲੀ ਦੀਆਂ ਹੱਦਾਂ ਉੱਤੇ ਕੁਝ ਸਮੇਂ ਲਈ ਬਿਜਲੀ ਪਾਣੀ ਕੱਟ ਦੇਣ, ਬੈਰੀਕੇਡ ਲਗਾਉਣ, ਕਿੱਲਾਂ ਠੋਕ ਦੇਣ ਆਦਿ ਕਾਰਨ ਦੁਨੀਆਂ ਪੱਧਰ ਉੱਤੇ ਕੇਂਦਰ ਸਰਕਾਰ ਦੇ ਅਕਸ ਨੂੰ ਖ਼ੋਰਾ ਲੱਗਿਆ ਹੈ। ਸ਼ਾਂਤਮਈ ਅੰਦੋਲਨ ਦੌਰਾਨ ਆਗੂਆਂ ਦੀ ਗ੍ਰਿਫ਼ਤਾਰੀ ਨੂੰ ਸੰਯੁਕਤ ਮੋਰਚਾ ਦੇ ਆਗੂਆਂ ਨੇ ਵਿਚਾਰ ਪ੍ਰਗਟਾਵੇ ਦੇ ਸੰਵਿਧਾਨਕ ਹੱਕ ਦਾ ਉਲੰਘਣ ਦੱਸਿਆ ਹੈ। ਇਸ ਅੰਦੋਲਨ ਵਿਚ ਔਰਤਾਂ ਅਤੇ ਹੋਰ ਵਰਗਾਂ ਦੀ ਭੂਮਿਕਾ ਵੀ ਵਧ ਰਹੀ ਹੈ।
ਕੇਂਦਰ ਸਰਕਾਰ ਨਾਲ 11 ਵਾਰ ਹੋਈ ਗੱਲਬਾਤ ਕਿਸੇ ਠੋਸ ਨਤੀਜੇ ਉੱਤੇ ਨਹੀਂ ਪਹੁੰਚੀ। ਕੇਂਦਰ ਸਰਕਾਰ ਨੇ ਕਾਨੂੰਨਾਂ ਵਿਚ ਸੋਧ ਕਰਨ ਅਤੇ ਇਨ੍ਹਾਂ ਉੱਤੇ ਡੇਢ ਸਾਲ ਤੱਕ ਰੋਕ ਲਗਾ ਕੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਬਾਰੇ ਇਕ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਸੀ। 22 ਜਨਵਰੀ ਤੋਂ ਪਿੱਛੋਂ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਅਤੇ ਕਿਸਾਨ ਆਗੂਆਂ ਤੇ ਸਰਕਾਰ ਦਰਮਿਆਨ ਡੈੱਡਲਾਕ ਦੀ ਹਾਲਤ ਹੈ। ਇਸੇ ਦੌਰਾਨ ਵੱਖ-ਵੱਖ ਰਾਜਾਂ ਵਿਚ ਹੋਈਆਂ ਮਹਾਪੰਚਾਇਤਾਂ ਕਾਰਨ ਅੰਦੋਲਨ ਸਾਰੇ ਦੇਸ਼ ਵਿਚ ਫੈਲ ਰਿਹਾ ਹੈ। ਅੰਤਰਰਾਸ਼ਟਰੀ ਹਮਾਇਤ ਵੀ ਵਧ ਰਹੀ ਹੈ। ਇਸ ਵੇਲੇ ਇਸ ਅੰਦੋਲਨ ਵਿਚ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਬਰਾਬਰ ਦੇ ਮੋਹਰੀ ਹਨ। ਅੰਦੋਲਨ ਹੋਰ ਰਾਜਾਂ ਵਿਚ ਵੀ ਜ਼ੋਰ ਫੜ ਰਿਹਾ ਹੈ। ਅੰਦੋਲਨ ਨੂੰ ਇਕਜੁੱਟ ਅਤੇ ਸ਼ਾਂਤਮਈ ਰੱਖਣਾ ਕਿਸਾਨ ਆਗੂਆਂ ਲਈ ਚੁਣੌਤੀ ਹੈ। ਕੇਂਦਰ ਸਰਕਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਮਸਲੇ ਦਾ ਹੱਲ ਕਰਨ ਵੱਲ ਵਧਣਾ ਚਾਹੀਦਾ ਹੈ।