ਕਾਂਗਰਸ ਦੀ ਪ੍ਰਧਾਨਗੀ ਲਈ ਹੋਣ ਵਾਲੀਆਂ ਚੋਣਾਂ ਵਿਚ ਸ਼ਸ਼ੀ ਥਰੂਰ ਅਤੇ ਅਸ਼ੋਕ ਗਹਿਲੋਤ ਦੇ ਨਾਂ ਉੱਭਰ ਕੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸ਼ਸ਼ੀ ਥਰੂਰ ਦਾ ਚੋਣ ਲੜਨਾ ਤੈਅ ਹੈ ਜਦੋਂਕਿ ਅਸ਼ੋਕ ਗਹਿਲੋਤ ਅਨੁਸਾਰ ਪਾਰਟੀ ਪ੍ਰਧਾਨ ਲਈ ਉਸ ਦੀ ਪਹਿਲੀ ਪਸੰਦ ਰਾਹੁਲ ਗਾਂਧੀ ਹੈ। ਕਾਂਗਰਸ ਦੀਆਂ ਛੱਤੀਸਗੜ੍ਹ ਅਤੇ ਰਾਜਸਥਾਨ ਸੂਬਾ ਇਕਾਈਆਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਮਤੇ ਵੀ ਪਾਸ ਕੀਤੇ ਹਨ। ਪਾਰਟੀ ਇਨ੍ਹਾਂ ਦੋਹਾਂ ਰਾਜਾਂ ਵਿਚ ਸੱਤਾ ਵਿਚ ਹੈ। ਇਨ੍ਹਾਂ ਮਤਿਆਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜਾਣਕਾਰ ਸੂਤਰਾਂ ਅਨੁਸਾਰ ਗਹਿਲੋਤ ਇਹ ਦਲੀਲ ਵੀ ਦੇ ਰਿਹਾ ਹੈ ਕਿ ਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨਾ ਸਵੀਕਾਰ ਨਹੀਂ ਤਾਂ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਹ ਵਰਕਿੰਗ ਪ੍ਰੈਜੀਡੈਂਟ ਬਣਨ ਲਈ ਤਿਆਰ ਹੈ। ਗਹਿਲੋਤ ਦੀ ਹਿਚਕਚਾਹਟ ਇਸ ਗੱਲ ਤੋਂ ਪੈਦਾ ਹੁੰਦੀ ਹੈ ਕਿ ਕਾਂਗਰਸ ਪ੍ਰਧਾਨ ਬਣਨ ਨਾਲ ਉਸ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਅਤੇ ਆਪਣੇ ਸਿਆਸੀ ਵਿਰੋਧੀ ਸਚਿਨ ਪਾਇਲਟ ਨੂੰ ਦੇਣਾ ਪਵੇਗਾ। ਇਸ ਸਭ ਕੁਝ ਦੇ ਬਾਵਜੂਦ ਚੋਣ ਪ੍ਰਕਿਰਿਆ ਸ਼ੁਰੂ ਹੋਣੀ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਬਹਾਲ ਕਰਨ ਲਈ ਜ਼ਰੂਰੀ ਹੈ। ਉਮੀਦਵਾਰ 30 ਸਤੰਬਰ ਤਕ ਪ੍ਰਧਾਨਗੀ ਲਈ ਕਾਗਜ਼ ਦਾਖ਼ਲ ਕਰ ਸਕਦੇ ਹਨ। ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਸਮੇਂ ਤੋਂ ਸੋਨੀਆ ਗਾਂਧੀ ਅੰਤਰਿਮ ਪ੍ਰਧਾਨ ਚਲੀ ਆ ਰਹੀ ਹੈ। ਇਹ ਚੋਣਾਂ ਅਜਿਹੇ ਸਮੇਂ ਹੋ ਰਹੀਆਂ ਹਨ ਜਦੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ‘ਭਾਰਤ ਜੋੜੋ’ ਯਾਤਰਾ ਕੌਮੀ ਸਿਆਸਤ ਵਿਚ ਨਵਾਂ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਜਥੇਬੰਦਕ ਚੋਣਾਂ ਕਰਵਾ ਕੇ ਲੋਕਾਂ ਵਿਚ ਇਹ ਪ੍ਰਭਾਵ ਵੀ ਦੇਣਾ ਚਾਹੁੰਦੀ ਹੈ ਕਿ ਪਾਰਟੀ ਵਿਚ ਕੇਵਲ ਨਹਿਰੂ-ਗਾਂਧੀ ਪਰਿਵਾਰ ਦੀ ਇਜਾਰੇਦਾਰੀ ਨਹੀਂ ਹੈ।
ਗਹਿਲੋਤ ਲੰਮੇ ਸਿਆਸੀ ਤੇ ਜਥੇਬੰਦਕ ਤਜਰਬੇ ਵਾਲਾ ਆਗੂ ਹੈ; ਉਹ ਕੁੱਲਵਕਤੀ ਸਿਆਸਤਦਾਨ ਹੈ ਜਿਹੜਾ ਆਪਣਾ ਸਾਰਾ ਸਮਾਂ ਸਰਕਾਰ ਤੇ ਪਾਰਟੀ ਚਲਾਉਣ ’ਤੇ ਲਗਾਉਂਦਾ ਹੈ। ਗਹਿਲੋਤ ਵਿਚ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਅਤੇ ਭਾਰਤੀ ਜਨਤਾ ਪਾਰਟੀ ਵਿਰੁੱਧ ਸਾਂਝਾ ਮੁਹਾਜ਼ ਬਣਾਉਣ ਦੀ ਸਮਰੱਥਾ ਹੈ। ਕਾਂਗਰਸੀ ਆਗੂ ਵੀ ਉਸ ਤਕ ਪਹੁੰਚ ਕਰ ਸਕਣਗੇ। 71 ਸਾਲਾਂ ਦੇ ਗਹਿਲੋਤ ਦੇ ਮੁਕਾਬਲੇ 66 ਸਾਲਾਂ ਦਾ ਥਰੂਰ ਸਿਆਸਤ ਵਿਚ ਦੇਰੀ ਨਾਲ ਆਇਆ। ਉਹ ਸੰਯੁਕਤ ਰਾਸ਼ਟਰ ਵਿਚ ਉੱਚੇ ਅਹੁਦਿਆਂ ’ਤੇ ਰਿਹਾ ਅਤੇ ਆਪਣੀ ਬੌਧਿਕ ਸਮਰੱਥਾ ਲਈ ਜਾਣਿਆ ਜਾਂਦਾ ਹੈ। ਕਈ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਥਰੂਰ ਕਾਂਗਰਸ ਵਿਚ ਤਾਜ਼ਗੀ ਲੈ ਕੇ ਆਵੇਗਾ ਜਦੋਂਕਿ ਗਹਿਲੋਤ ਪੁਰਾਣੀ ਤਰਜ਼ ਦਾ ਸਿਆਸੀ ਆਗੂ ਹੈ। ਕਾਂਗਰਸ ਦਾ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੇ ਆਗੂਆਂ ਨਾਲ ਹੈ ਜਿਹੜੇ ਆਪਣੇ ਭਾਸ਼ਣਾਂ ਰਾਹੀਂ ਲੋਕਾਂ ਉੱਤੇ ਵੱਡੇ ਪੱਧਰ ’ਤੇ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੇ ਹਨ; ਥਰੂਰ ਦਲੀਲ ਦੀ ਪੱਧਰ ’ਤੇ ਤਾਂ ਉਨ੍ਹਾਂ ਦਾ ਮੁਕਾਬਲਾ ਕਰ ਸਕਦਾ ਹੈ ਪਰ ਉੱਤਰੀ ਭਾਰਤ ਵਿਚ ਰੈਲੀਆਂ ਆਦਿ ਵਿਚ ਭਾਸ਼ਣ ਦੇ ਕੇ ਆਪਣੀ ਗੱਲ ਲੋਕਾਂ ਤਕ ਪਹੁੰਚਾਉਣ ਦੀ ਉਸ ਦੀ ਸਮਰੱਥਾ ਬਾਰੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ।
ਗਹਿਲੋਤ ਅਤੇ ਥਰੂਰ ਦੇ ਨਾਂ ਉੱਭਰਨ ਦੇ ਬਾਵਜੂਦ ਕਾਂਗਰਸੀ ਆਗੂ ਦੁਬਿਧਾ ਦਾ ਸ਼ਿਕਾਰ ਲੱਗਦੇ ਹਨ। ਇੰਦਰਾ ਗਾਂਧੀ ਦੇ ਸਮਿਆਂ ਤੋਂ ਪਾਰਟੀ ਵਿਚ ਵਿਕਸਿਤ ਹੋਈ ਸਿਆਸੀ ਕਵਾਇਦ ਤੇ ਸੱਭਿਆਚਾਰ ਕਾਰਨ ਉਹ ਮਾਨਸਿਕ ਤੌਰ ’ਤੇ ਨਹਿਰੂ-ਗਾਂਧੀ ਪਰਿਵਾਰ ’ਤੇ ਨਿਰਭਰ ਹੋ ਗਏ ਹਨ। ਇੰਦਰਾ ਗਾਂਧੀ ਨੇ ਮਜ਼ਬੂਤ ਲੀਡਰਸ਼ਿਪ ਦਾ ਮੁਜ਼ਾਹਰਾ ਕਰਦਿਆਂ ਸ਼ਖ਼ਸੀ ਪੂਜਾ ਦੇ ਰੁਝਾਨ ਨੂੰ ਵਧਾਇਆ; ਉਸ ਨੇ ਵੱਡੇ ਫ਼ੈਸਲੇ ਕੀਤੇ ਪਰ ਨਾਲ ਹੀ ਪਾਰਟੀ ਤੇ ਸਰਕਾਰ ਦੀਆਂ ਸ਼ਕਤੀਆਂ ਦਾ ਕੇਂਦਰੀਕਰਨ ਵੀ ਕੀਤਾ। ਸੋਨੀਆ ਗਾਂਧੀ ਦੀ ਅਗਵਾਈ ਵਿਚ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨੇ ਇਸ ਰੁਝਾਨ ਨੂੰ ਹੋਰ ਵਧਾਇਆ। ਕਾਂਗਰਸੀ ਆਗੂਆਂ ਨੂੰ ਲੱਗਦਾ ਹੈ ਕਿ ਪ੍ਰਧਾਨ ਕੋਈ ਵੀ ਹੋਵੇ, ਅਸਲੀ ਤਾਕਤ ਨਹਿਰੂ-ਗਾਂਧੀ ਪਰਿਵਾਰ ਕੋਲ ਰਹੇਗੀ। ਕਾਂਗਰਸ ਵਿਚ ਇਸ ਪਰਿਵਾਰ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪਾਰਟੀ ਨੂੰ ਕੌਮੀ ਪੱਧਰ ’ਤੇ ਹੋਰ ਆਗੂ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਜਿਹੜੇ ਇਸ ਵਿਚਲੀ ਖੜੋਤ ਨੂੰ ਤੋੜ ਸਕਣ।