ਅਸਾਮ ਦੇ ਗੋਆਲਪਾਰਾ ਜ਼ਿਲ੍ਹੇ ਵਿਚ ‘ਮੀਆ ਮਿਊਜ਼ੀਅਮ’ (ਅਜਾਇਬਘਰ/ ਸੱਭਿਆਚਾਰਕ ਸੰਗ੍ਰਹਿ ਸਥਾਨ) ਨੂੰ ਬੰਦ ਕਰਵਾਉਣਾ ਇਹ ਦਰਸਾਉਂਦਾ ਹੈ ਕਿ ਦੇਸ਼ ਵਿਚ ਵੱਖ ਵੱਖ ਖ਼ਿਆਲਾਂ ਦੇ ਪ੍ਰਗਟਾਵੇ ਲਈ ਥਾਂ ਘਟਦੀ ਜਾ ਰਹੀ ਹੈ। ਇਸ ਸਬੰਧ ਵਿਚ ਇਹ ਮਿਊਜ਼ੀਅਮ ਬਣਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।
ਸ਼ਬਦ ‘ਮੀਆ’ ਫਾਰਸੀ ਦੇ ਸ਼ਬਦ ‘ਮੀਆਂ’ ਤੋਂ ਬਣਿਆ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਸਾਂਝੇ ਬੰਗਾਲ ਤੋਂ ਮੈਮਨਸਿੰਘ, ਰੰਗਪੁਰ, ਰਾਜਸ਼ਾਹੀ ਆਦਿ ਜ਼ਿਲ੍ਹਿਆਂ ’ਚੋਂ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਲੋਕ ਪਰਵਾਸ ਕਰ ਕੇ ਅਸਾਮ ਵਿਚ ਵੱਸੇ। ਉਸ ਸਮੇਂ ਬਸਤੀਵਾਦੀ ਸਰਕਾਰ ਅਤੇ ਅਸਾਮ ਦੇ ਕੁਲੀਨ ਵਰਗ ਨੇ ਇਸ ਪਰਵਾਸ ਨੂੰ ਉਤਸ਼ਾਹਿਤ ਕੀਤਾ ਕਿਉਂਕਿ ਉਨ੍ਹਾਂ ਨੂੰ ਘੱਟ ਉਜਰਤ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜ਼ਰੂਰਤ ਸੀ; ਇਨ੍ਹਾਂ ਲੋਕਾਂ ਦੇ ਪੁਰਖਿਆਂ ਨੇ ਜ਼ਿਆਦਾ ਕਰ ਕੇ ਖੇਤ ਮਜ਼ਦੂਰਾਂ ਵਜੋਂ ਕੰਮ ਕੀਤਾ। ਇਸ ਸਮੇਂ ਇਹ ਲੋਕ ਅਸਾਮ ਦੇ ਉਸ ਖੇਤਰ ਜਿਸ ਨੂੰ ਬ੍ਰਹਮਪੁੱਤਰ ਵਾਦੀ ਕਿਹਾ ਜਾਂਦਾ ਹੈ, ਦੇ ਵਸਨੀਕ ਹਨ। ਇਹ ਗੱਲ ਵੀ ਯਾਦ ਰੱਖਣਯੋਗ ਹੈ ਕਿ ਸਾਰੇ ਦੇਸ਼ ਵਿਚ ‘ਮੀਆਂ’ ਸ਼ਬਦ ਮਾਣ-ਸਨਮਾਨ ਲਈ ਵਰਤਿਆ ਜਾਂਦਾ ਹੈ ਪਰ ਅਸਾਮ ਵਿਚ ‘ਮੀਆ’ ਸ਼ਬਦ ਅਪਮਾਨਜਨਕ ਮੰਨਿਆ ਜਾਂਦਾ ਰਿਹਾ ਹੈ। 1980ਵਿਆਂ ਵਿਚ ਇਨ੍ਹਾਂ ਪਰਵਾਸੀਆਂ ਵਿਰੁੱਧ ਲਹਿਰ ਉੱਠੀ ਅਤੇ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਵੱਡੇ ਪੱਧਰ ’ਤੇ ਨਿਸ਼ਾਨਾ ਬਣਾਇਆ ਗਿਆ। ਲਗਾਤਾਰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ‘ਮੀਆ’ ਸ਼ਬਦ ਨੂੰ ਅਪਣਾ ਕੇ ਇਸ ਦੀ ਵਰਤੋਂ ਆਪਣੀ ਵੱਖਰੀ ਪਛਾਣ ਦਰਸਾਉਣ ਵਾਲੇ ਸ਼ਬਦ ਵਜੋਂ ਕੀਤੀ ਹੈ। ਅਜਿਹੇ ਵਿਚਾਰਾਂ ਨੂੰ ਪ੍ਰਗਟਾਉਂਦੀ ਕਵਿਤਾ ਨੂੰ ਮੀਆ ਕਵਿਤਾ ਕਿਹਾ ਜਾਂਦਾ ਹੈ।
ਅਸਾਮ ਵਿਚ ਮੀਆ ਭਾਈਚਾਰੇ ਦੀ ਗਿਣਤੀ 90 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਪਾਰਟੀਆਂ ਸਿਆਸੀ ਲਾਹਾ ਲੈਂਦੀਆਂ ਰਹੀਆਂ ਹਨ। ਹੁਣ ਅਸਾਮ ਸਰਕਾਰ ਨੇ ਮੀਆ ਸ਼ਬਦ ਦੀ ਵਰਤੋਂ, ਮੀਆ ਕਵਿਤਾ ਅਤੇ ਮੀਆ ਮਿਊਜ਼ੀਅਮ ਬਾਰੇ ਵੀ ਸਵਾਲ ਉਠਾਏ ਹਨ। ਲਗਾਤਾਰ ਨਿਸ਼ਾਨਾ ਬਣਾਏ ਜਾਣ ਕਾਰਨ ਇਸ ਭਾਈਚਾਰੇ ਵਿਚ ਪੀੜਤ ਭਾਈਚਾਰਾ ਹੋਣ ਦੀ ਭਾਵਨਾ ਵਧੀ ਹੈ। ਚਾਹੀਦਾ ਤਾਂ ਇਹ ਸੀ ਕਿ ਸਮੱਸਿਆਵਾਂ ਨੂੰ ਸਹਿਹੋਂਦ ਦੀ ਭਾਵਨਾ ਅਨੁਸਾਰ ਸੁਲਝਾਇਆ ਜਾਂਦਾ ਪਰ ਹੋਇਆ ਇਸ ਤੋਂ ਉਲਟ ਹੈ। ਅਸਾਮ ਵਿਚ ਆਪਣੇ ਆਪ ਨੂੰ ਸ਼ੁੱਧ ਅਸਾਮੀ ਅਖਵਾਉਣ ਵਾਲੇ ਲੋਕਾਂ, ਵੱਖ ਵੱਖ ਕਬੀਲਿਆਂ ਅਤੇ ਮੁਸਲਮਾਨ ਭਾਈਚਾਰੇ ਵਿਚਕਾਰ ਮੱਤਭੇਦ ਵਧੇ ਹਨ। ਅਸਾਮੀ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਬੋਡੋ, ਹਾਜੌਂਗ, ਰਾਭਾ ਆਦਿ ਕਬੀਲਿਆਂ ਦੇ ਲੋਕਾਂ ਨੂੰ ਅਪਣਾਇਆ ਹੈ; ਇਹ ਦਲੀਲ ਕਾਫ਼ੀ ਹੱਦ ਤਕ ਸਹੀ ਵੀ ਹੈ ਪਰ ਸਿਆਸਤਦਾਨਾਂ ਨੇ ਸਾਂਝੇ ਬੰਗਾਲ ਤੋਂ ਆਏ ਲੋਕਾਂ ਵਿਰੁੱਧ ਲਗਤਾਰ ਪ੍ਰਚਾਰ ਕਰ ਕੇ ਭਾਈਚਾਰਕ ਦੁਫੇੜ ਨੂੰ ਉਤਸ਼ਾਹਿਤ ਕੀਤਾ ਹੈ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਸੱਤ ਹਜ਼ਾਰ ਰੁਪਏ ਨਾਲ ਬਣਾਇਆ ਮਿਊਜ਼ੀਅਮ ਕਿਸੇ ਸਰਕਾਰ ਜਾਂ ਸਮਾਜ ਵਾਸਤੇ ਖ਼ਤਰਾ ਕਿਵੇਂ ਹੋ ਸਕਦਾ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਮਿਊਜ਼ੀਅਮ ਬਣਾਉਣ ਵਾਲਿਆਂ ਦੇ ਦਹਿਸ਼ਤਗਰਦਾਂ ਨਾਲ ਸਬੰਧ ਹਨ। ਇਸ ਦੀ ਤਫ਼ਤੀਸ਼ ਹੋਣੀ ਜ਼ਰੂਰੀ ਹੈ ਪਰ ਹਰ ਭਾਈਚਾਰੇ ਨੂੰ ਆਪਣੇ ਸਭਿਆਚਾਰ ਨੂੰ ਪ੍ਰਗਟਾਉਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਵੱਖ ਵੱਖ ਨਿਰਣਿਆਂ ਵਿਚ ਇਹ ਸਪੱਸ਼ਟ ਕੀਤਾ ਹੈ ਕਿ ਲੋਕਾਂ ਨੂੰ ਹਿੰਸਾ ਕਰਨ ਲਈ ਪ੍ਰੇਰਨ ਵਾਲਾ ਵਿਚਾਰਾਂ ਦਾ ਪ੍ਰਗਟਾਵਾ ਹੀ ਗ਼ੈਰ-ਕਾਨੂੰਨੀ ਹੈ। ਆਪਣੇ ਸਭਿਆਚਾਰ ਦੀ ਵੱਖਰੀ ਪਛਾਣ ਦਰਸਾਉਣ ਵਾਲੀ ਕਵਿਤਾ ਜਾਂ ਮਿਊਜ਼ੀਅਮ, ਗ਼ੈਰ-ਕਾਨੂੰਨੀ ਨਹੀਂ ਹੋ ਸਕਦੇ। ਮੀਆ ਲੋਕਾਂ ’ਤੇ ਆਪਣੀ ਵੱਖਰੀ ਪਛਾਣ ਦਰਸਾਉਣ ’ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ; ਅਜਿਹੀਆਂ ਪਾਬੰਦੀਆਂ ਨੁਕਸਾਨਦੇਹ ਸਾਬਿਤ ਹੁੰਦੀਆਂ ਹਨ। ਭਾਰਤ ਅਜਿਹਾ ਦੇਸ਼ ਹੈ ਜਿਸ ਵਿਚ ਵੱਖ ਵੱਖ ਫ਼ਿਰਕਿਆਂ, ਧਰਮਾਂ, ਨਸਲਾਂ ਅਤੇ ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਵੱਸਦੇ ਹਨ। ਇਹ ਇਸ ਦੇਸ਼ ਦੀ ਵੰਨ-ਸਵੰਨਤਾ ਅਤੇ ਤਾਕਤ ਹੈ; ਇਸ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਅਸਾਮ ਸਰਕਾਰ ਨੂੰ ਵੀ ਆਪਣੇ ਫ਼ੈਸਲੇ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਮਸਲੇ ਸਹਿਣਸ਼ੀਲਤਾ ਨਾਲ ਹੀ ਸੁਲਝਾਏ ਜਾ ਸਕਦੇ ਹਨ।