ਸੰਕਟ ਨਾਲ ਜੂਝ ਰਹੇ ਅਫ਼ਗ਼ਾਨਿਸਤਾਨ ਬਾਰੇ ਅਹਿਮ ਵਾਰਤਾ ਤੋਂ ਬਾਅਦ ਭਾਰਤ, ਰੂਸ, ਇਰਾਨ ਅਤੇ ਪੰਜ ਮੱਧ ਏਸਿ਼ਆਈ ਮੁਲਕਾਂ ਜਿਨ੍ਹਾਂ ਵਿਚ ਕਜ਼ਾਖਿ਼ਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ, ਤੁਰਕਨੇਨਿਸਤਾਨ ਤੇ ਉਜ਼ਬੇਕਿਸਤਾਨ ਸ਼ਾਮਿਲ ਹਨ, ਨੇ ਅਹਿਦ ਲਿਆ ਹੈ ਕਿ ਅਫ਼ਗ਼ਾਨਿਸਤਾਨ ਨੂੰ ਦਹਿਸ਼ਤਪਸੰਦੀ ਦੀ ਪਨਾਹਗਾਹ ਨਹੀਂ ਬਣਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੁਲਕ ਵਿਚ ਸਾਰਿਆਂ ਦੀ ਸਹਿਮਤੀ ਵਾਲੀ ਸਰਕਾਰ ਬਣਾਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਬੇਹੱਦ ਅਹਿਮ ਮੰਨੀ ਜਾ ਰਹੀ ਇਸ ਵਾਰਤਾ ਲਈ ਭਾਰਤ ਨੇ ਚੀਨ ਅਤੇ ਪਾਕਿਸਤਾਨ ਨੂੰ ਵੀ ਸੱਦਾ ਭੇਜਿਆ ਸੀ ਪਰ ਇਨ੍ਹਾਂ ਦੋਹਾਂ ਮੁਲਕਾਂ ਨੇ ਇਸ ਵਾਰਤਾ ਵਿਚ ਹਿੱਸਾ ਨਹੀਂ ਲਿਆ। ਇਨ੍ਹਾਂ ਦੋਹਾਂ ਮੁਲਕਾਂ ਦੀ ਗ਼ੈਰ ਹਾਜ਼ਰੀ ਦਾ ਮਤਲਬ ਇਨ੍ਹਾਂ ਦੇ ਭਾਰਤ ਨਾਲ ਪਹਿਲਾਂ ਹੀ ਚੱਲ ਰਹੇ ਵਿਹਾਰ ਦੇ ਪ੍ਰਸੰਗ ਵਿਚ ਕੱਢਿਆ ਜਾ ਰਿਹਾ ਹੈ। ਇਹ ਤੱਥ ਜੱਗ ਜ਼ਾਹਿਰ ਹੈ ਕਿ ਅਫ਼ਗ਼ਾਨਿਸਤਾਨ ਦੀ ਮੌਜੂਦਾ ਤਾਲਿਬਾਨ ਸਰਕਾਰ ਉਤੇ ਪਾਕਿਸਤਾਨ ਦਾ ਡਾਢਾ ਅਸਰ ਹੈ ਅਤੇ ਕਈ ਇਲਾਕਾਈ ਮਸਲਿਆਂ ਬਾਰੇ ਚੀਨ ਤੇ ਪਾਕਿਸਤਾਨ ਡਟ ਕੇ ਇਕ ਪਾਸੇ ਖੜ੍ਹੇ ਹਨ। ਉਪਰੋਂ ਭਾਰਤ ਦੀ ਮੌਜੂਦਾ ਸਰਕਾਰ ਫਿ਼ਲਹਾਲ ਪਾਕਿਸਤਾਨ ਨਾਲ ਤਾਲਮੇਲ ਬਿਠਾਉਣ ਦੇ ਰੌਂਅ ਵਿਚ ਨਹੀਂ।
ਅਸਲ ਵਿਚ ਅਫ਼ਗ਼ਾਨਿਸਤਾਨ ਜਿਸ ਥਾਂ ਵਾਕਿਆ ਹੈ, ਉਹ ਰਣਨੀਤੀ ਪੱਖੋਂ ਸਮੁੱਚੇ ਸੰਸਾਰ ਲਈ ਕਿਸੇ ਨਾ ਕਿਸੇ ਪੱਖ ਤੋਂ ਅਹਿਮ ਹੈ, ਖ਼ਾਸਕਰ ਵੱਡੀਆਂ ਤਾਕਤਾਂ ਦੀ ਗਿਣਤੀ-ਮਿਣਤੀ ਵਿਚ ਅਫ਼ਗ਼ਾਨਿਸਤਾਨ ਧੁਰਾ ਬਣ ਜਾਂਦਾ ਰਿਹਾ ਹੈ। ਤਾਕਤਾਂ ਦੇ ਇਸ ਭੇੜ ਦਾ ਸਭ ਤੋਂ ਵੱਧ ਨੁਕਸਾਨ ਅਤੇ ਪਛਾੜ ਅਫ਼ਗ਼ਾਨਿਸਤਾਨ ਨੂੰ ਹੀ ਪਈ ਹੈ। ਪਹਿਲਾਂ ਸੋਵੀਅਤ ਰੂਸ ਅਤੇ ਫਿਰ ਅਮਰੀਕਾ ਦਾ ਇਸ ਮੁਲਕ ਵਿਚ ਦਖ਼ਲ ਇਸ ਦੀਆਂ ਜ਼ਾਹਿਰਾ ਮਿਸਾਲਾਂ ਹਨ। ਅਫ਼ਗ਼ਾਨਿਸਤਾਨ ਲੰਮੇ ਅਰਸੇ ਤੋਂ ਸੰਕਟਾਂ ਨਾਲ ਜੂਝ ਰਿਹਾ ਹੈ। ਇਨ੍ਹਾਂ ਸੰਕਟਾਂ ਕਾਰਨ ਇਹ ਮੁਲਕ ਅਜੇ ਵੀ ਪਛੜੇਵੇਂ ਦੀ ਮਾਰ ਝੱਲ ਰਿਹਾ ਹੈ। ਹੁਣ ਜਦੋਂ ਤੋਂ ਇਹ ਮੁੜ ਕੱਟੜ ਜਥੇਬੰਦੀ ਤਾਲਿਬਾਨ ਦੇ ਕਬਜ਼ੇ ਹੇਠ ਆਇਆ ਹੈ, ਇਸ ਦੇ ਪਿਛਲਖੁਰੀ ਮੁੜਨ ਬਾਰੇ ਖ਼ਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ। ਤਾਲਿਬਾਨ ਦੇ ਹਾਲੀਆ ਕਬਜ਼ੇ ਤੋਂ ਬਾਅਦ ਇਕ ਪੱਖ ਇਹ ਵੀ ਬਹੁਤ ਜ਼ੋਰ-ਸ਼ੋਰ ਨਾਲ ਸਾਹਮਣੇ ਲਿਆਂਦਾ ਗਿਆ ਸੀ ਕਿ ਹੁਣ ਤਾਲਿਬਾਨ ਦੀ ਸੁਰ ਬਦਲ ਗਈ ਹੈ, ਇਹ ਪਹਿਲਾਂ ਜਿੰਨੀ ਕੱਟੜਤਾ ਨਹੀਂ ਦਿਖਾਉਣਗੇ ਪਰ ਹੁਣ ਉਥੋਂ ਜੋ ਖ਼ਬਰਾਂ ਆ ਰਹੀਆਂ ਹਨ, ਉਹ ਫਿ਼ਕਰ ਵਧਾਉਣ ਵਾਲੀਆਂ ਹਨ। ਇਸ ਤੋਂ ਪਹਿਲਾਂ ਤਾਲਿਬਾਨ 1996 ਤੋਂ ਲੈ ਕੇ 2001 ਤੱਕ ਮੁਲਕ ਉਤੇ ਕਾਬਜ਼ ਰਹੇ ਹਨ। ਉਸ ਸਮੇਂ ਦੌਰਾਨ ਜੋ ਹਾਲ ਉਨ੍ਹਾਂ ਨੇ ਆਪਣੇ ਵਿਰੋਧੀਆਂ ਦਾ ਕੀਤਾ, ਉਸ ਬਾਰੇ ਪੜ੍ਹ-ਸੁਣ ਕੇ ਰੂਹ ਤੱਕ ਕੰਬ ਜਾਂਦੀ ਹੈ। ਔਰਤਾਂ ਨਾਲ ਹੋਏ ਹਸ਼ਰ ਦੇ ਕਿੱਸੇ ਅੱਜ ਵੀ ਰੌਂਗਟੇ ਖੜ੍ਹੇ ਕਰ ਦਿੰਦੇ ਹਨ।
ਇਸ ਪ੍ਰਸੰਗ ਵਿਚ ਭਾਰਤ ਨੇ ਜੋ ਪਹਿਲਕਦਮੀ ਕਰਨ ਦੀ ਕੋਸਿ਼ਸ਼ ਕੀਤੀ ਹੈ, ਉਹ ਵਡਿਆਉਣ ਵਾਲੀ ਹੈ। ਦਹਿਸ਼ਤਪਸੰਦੀ ਦੀ ਮੁਖ਼ਾਲਫ਼ਤ ਹਰ ਹੀਲੇ ਹੋਣੀ ਚਾਹੀਦੀ ਹੈ ਪਰ ਜਦੋਂ ਤਾਲਿਬਾਨ ਅਫ਼ਗ਼ਾਨਿਸਤਾਨ ਉੱਤੇ ਕਾਬਜ਼ ਹੋਏ ਸਨ ਤਾਂ ਭਾਰਤ ਆਪਣੀ ਬਣਦੀ ਭੂਮਿਕਾ ਨਿਭਾਉਣ ਤੋਂ ਉੱਕ ਗਿਆ ਸੀ; ਹਾਲਾਂਕਿ ਪਹਿਲਾਂ ਤਾਲਿਬਾਨ ਨਾਲ ਚੱਲ ਰਹੀ ਗੱਲਬਾਤ ਵਿਚ ਇਹ ਬਾਕਾਇਦਾ ਸ਼ੁਮਾਰ ਹੁੰਦਾ ਰਿਹਾ। ਤਾਲਿਬਾਨ ਦੇ ਕਬਜ਼ੇ ਪਿੱਛੋਂ ਇਸ ਨੇ ਤੁਰੰਤ ਉਸ ਮੁਲਕ ਤੋਂ ਰਾਜਦੂਤਕ ਵਾਪਸੀ ਵੀ ਕਰ ਲਈ ਸੀ। ਉਸ ਵਕਤ ਕੂਟਨੀਤੀਵਾਨਾਂ ਨੇ ਭਾਰਤ ਦੀ ਇਸ ਪਹੁੰਚ ਦੀ ਨੁਕਤਾਚੀਨੀ ਕੀਤੀ ਸੀ ਅਤੇ ਅਫ਼ਗ਼ਾਨਿਸਤਾਨ ਨਾਲ ਤਾਲਮੇਲ ਵਧਾਉਣ ਦੀ ਸਲਾਹ ਦਿੱਤੀ ਸੀ। ਹੁਣ ਵੀ ਮਸਲੇ ਦਾ ਹੱਲ ਗੁਆਂਢੀਆਂ ਨਾਲ ਵੱਧ ਤੋਂ ਵੱਧ ਤਾਲਮੇਲ ਬਿਠਾਉਣ ਦਾ ਹੀ ਹੈ।