ਐਤਵਾਰ ਪਟਨਾ ਹਵਾਈ ਅੱਡੇ ’ਤੇ ਉੱਡੇ ਸਪਾਈਸਜੈੱਟ ਦੇ ਹਵਾਈ ਜਹਾਜ਼ ਦੇ ਇੰਜਣ ਵਿਚ ਉਡਾਣ ਭਰਨ ਤੋਂ 15 ਮਿੰਟ ਬਾਅਦ ਅੱਗ ਲੱਗ ਗਈ। ਪਾਇਲਟ ਨੇ ਇਕਦਮ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਾ ਕੇ 185 ਲੋਕਾਂ ਦੀ ਜ਼ਿੰਦਗੀ ਬਚਾਈ। ਇਸ ਦਾ ਕਾਰਨ ਜਹਾਜ਼ ਦਾ ਪੰਛੀ ਨਾਲ ਟਕਰਾਉਣਾ ਦੱਸਿਆ ਗਿਆ ਹੈ। ਉਸੇ ਦਿਨ ਇਸੇ ਕੰਪਨੀ ਦੇ ਦਿੱਲੀ ਤੋਂ ਜਬਲਪੁਰ ਜਾ ਰਹੇ ਇਕ ਹੋਰ ਜਹਾਜ਼ ਨੂੰ ਇੰਜਣ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਦਿੱਲੀ ਵਾਪਸ ਆਉਣਾ ਪਿਆ।
ਸੋਮਵਾਰ ਹਿਮਾਚਲ ਪ੍ਰਦੇਸ਼ ਵਿਚ ਪਰਵਾਣੂ ਵਿਚ ਚੱਲਦੀ ਕੇਬਲ ਕਾਰ/ਟਰਾਲੀ ਵਿਚ ਦਿੱਕਤ ਆਈ ਜਿਸ ਵਿਚ 11 ਲੋਕ ਫਸ ਗਏ ਜਿਨ੍ਹਾਂ ਨੂੰ ਬਾਅਦ ਵਿਚ ਬਚਾਅ ਲਿਆ ਗਿਆ। ਬਚਾਉਣ ਲਈ ਇਹ ਹੋਰ ਕੇਬਲ ਟਰਾਲੀ ਭੇਜੀ ਗਈ ਅਤੇ ਯਾਤਰੂਆਂ ਨੂੰ ਫਸੀ ਹੋਈ ਟਰਾਲੀ ਵਿਚੋਂ ਬਚਾਉ-ਟਰਾਲੀ ਵਿਚ ਤਬਦੀਲ ਕਰਕੇ ਬਚਾਇਆ ਗਿਆ। ਸ਼ਿਵਾਲਕ ਦੀਆਂ ਪਹਾੜੀਆਂ ਵਿਚ ਚੱਲਦੀ ਇਹ ਕੇਬਲ ਕਾਰ ਟਿੰਬਰ ਟਰੇਲ ਨਾਮ ਦੀ ਜਗ੍ਹਾ (ਸਮੁੰਦਰੀ ਥਲ ਤੋਂ ਉਚਾਈ 2000 ਫੁੱਟ) ਤੋਂ ਟਿੰਬਰ ਹਾਈਟਸ (ਸਮੁੰਦਰੀ ਥਲ ਤੋਂ ਉਚਾਈ 5000 ਫੁਟ) ਤਕ ਜਾਂਦੀ ਹੈ। ਇਹ ਰੋਮਾਂਚਿਕ ਸਫ਼ਰ ਹਮੇਸ਼ਾ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ ਕਿਉਂਕਿ ਦੋ ਪਹਾੜੀਆਂ ਦੇ ਵਿਚਕਾਰ ਹਵਾ ਵਿਚ ਸਫ਼ਰ ਕਰਨਾ ਅਤੇ ਉਸ ਵਿਚੋਂ ਸ਼ਿਵਾਲਕ ਪਹਾੜੀਆਂ ਦੇ ਸ਼ਾਨਦਾਰ ਕੁਦਰਤੀ ਨਜ਼ਾਰੇ ਨੂੰ ਦੇਖਣਾ ਤਾਜ਼ਗੀ ਭਰਿਆ ਅਨੁਭਵ ਹੈ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਯਾਤਰੀਆਂ ਦੇ ਮਨ ਵਿਚ ਡਰ ਅਤੇ ਖ਼ਦਸ਼ੇ ਪੈਦਾ ਕਰਦੇ ਹਨ। 1992 ਵਿਚ ਵੀ ਪਰਵਾਣੂ ਕੇਬਲ ਕਾਰ ਵਿਚ ਹਾਦਸਾ ਹੋਇਆ ਸੀ। ਕੇਬਲ ਕਾਰ ਟੁੱਟਣ ਕਾਰਨ ਯਾਤਰੀ 1300 ਫੁੱਟ ਦੀ ਉਚਾਈ ’ਤੇ ਹਵਾ ਵਿਚ ਲਟਕ ਗਏ ਸਨ। ਉਸ ਸਮੇਂ ਹਵਾਈ ਫ਼ੌਜ ਅਤੇ ਥਲ ਸੈਨਾ ਦੇ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਯਾਤਰੀਆਂ ਨੂੰ ਬਚਾਇਆ ਗਿਆ ਸੀ।
ਇਹ ਘਟਨਾਵਾਂ ਸਾਡੇ ਦੇਸ਼ ਦੀਆਂ ਕੰਪਨੀਆਂ ਦੀਆਂ ਤਕਨੀਕੀ ਸਮਰੱਥਾ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿਚ ਅਜਿਹੀਆਂ ਮਸ਼ੀਨਾਂ ਅਤੇ ਵਾਹਨ ਜਿਨ੍ਹਾਂ ਵਿਚ ਕੇਬਲ ਕਾਰਾਂ, ਹਵਾਈ ਜਹਾਜ਼, ਰੇਲਾਂ, ਬੱਸਾਂ ਆਦਿ ਸ਼ਾਮਿਲ ਹਨ, ਦੇ ਰੋਜ਼ਮੱਰਾ ਤਕਨੀਕੀ ਸੰਭਾਲ ਅਤੇ ਨਿਰਖ-ਪਰਖ ਲੋੜੀਂਦੀ ਗੰਭੀਰਤਾ ਨਾਲ ਨਹੀਂ ਕੀਤੀ ਜਾਂਦੀ। ਇਨ੍ਹਾਂ ਵਾਹਨਾਂ ਵਿਚ ਲੱਖਾਂ ਲੋਕ ਸਫ਼ਰ ਕਰਦੇ ਹਨ ਅਤੇ ਅਣਗਹਿਲੀ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਸੈਂਕੜੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ। ਪ੍ਰਮੁੱਖ ਸਵਾਲ ਇਹ ਹੈ ਕਿ ਅਸੀਂ ਮਸ਼ੀਨਾਂ, ਵਾਹਨਾਂ ਆਦਿ ਦੀ ਪੇਸ਼ਾਵਰ ਢੰਗ ਨਾਲ ਤਕਨੀਕੀ ਸਾਂਭ-ਸੰਭਾਲ ਅਤੇ ਪਰਖ ਕਰਨ ਦਾ ਸਭਿਆਚਾਰ ਕਿਉਂ ਨਹੀਂ ਬਣਾ ਸਕੇ; ਕੀ ਸਾਡੇ ਕੋਲ ਪਰਖਣ ਲਈ ਲੋੜੀਂਦੇ ਤਕਨੀਕੀ ਮਾਹਿਰ ਅਤੇ ਢੁੱਕਵੀਂ ਤਕਨੀਕ ਮੌਜੂਦ ਨਹੀਂ ਹੈ ਜਾਂ ਸਹੀ ਤਰੀਕੇ ਨਾਲ ਨਿਰਖ ਪਰਖ ਕਰਨ ਤੋਂ ਅਵੇਸਲੇ ਰਹਿਣਾ ਸਾਡੀ ਫ਼ਿਤਰਤ/ਸੁਭਾਅ ਦਾ ਹਿੱਸਾ ਹੈ ਜਾਂ ਅਸੀਂ ਪੈਸੇ ਬਚਾਉਣ ਲਈ ਲੋੜੀਂਦੀ ਸਾਂਭ-ਸੰਭਾਲ ਵੱਲ ਬਣਦਾ ਧਿਆਨ ਨਹੀਂ ਦਿੰਦੇ? ਤਕਨੀਕ ਵਿਚ ਵਿਕਾਸ ਕਾਰਨ ਜਿੱਥੇ ਤੇਜ਼ ਰਫ਼ਤਾਰ ਵਾਲੇ ਹਵਾਈ ਜਹਾਜ਼ਾਂ, ਰੇਲ ਗੱਡੀਆਂ, ਬੱਸਾਂ, ਕਾਰਾਂ, ਕੇਬਲ ਕਾਰਾਂ ਅਤੇ ਹੋਰ ਵਾਹਨਾਂ ਦੀ ਵਰਤੋਂ ਵਧੀ ਹੈ, ਉੱਥੇ ਸਾਂਭ-ਸੰਭਾਲ ਦੀ ਤਕਨੀਕ ਵਿਚ ਵੀ ਵਿਕਾਸ ਹੋਇਆ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਅਸੀਂ ਵਾਜਬਿ ਸਾਂਭ-ਸੰਭਾਲ ਅਤੇ ਨਿਰਖ ਪਰਖ ਵਿਚ ਲੋੜੀਂਦਾ ਨਿਵੇਸ਼ ਨਹੀਂ ਕਰਨਾ ਚਾਹੁੰਦੇ। ਅਜਿਹੀ ਬੱਚਤ ਯਾਤਰੀਆਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਪਾਉਂਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਯਾਤਰੀਆਂ ਦੀ ਸੁਰੱਖਿਆ ਲਈ ਰੋਜ਼ਾਨਾ ਤਕਨੀਕੀ ਨਿਰਖ ਪਰਖ ਅਤੇ ਜਾਂਚ ਕਰਵਾਉਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਹਵਾਈ ਜਹਾਜ਼ਾਂ ਦੀਆਂ ਉਡਾਣਾਂ ਦੇ ਸਬੰਧ ’ਚ ਡਾਇਰੈਕਟੋਰੇਟ ਜਰਨਲ ਆਫ ਸਿਵਲ ਏਵੀਏਸ਼ਨ ਨੂੰ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਅਧਿਕਾਰੀਆਂ ਦੀ ਜਵਾਬਦੇਹੀ ਨਿਸ਼ਚਿਤ ਕਰਨੀ ਚਾਹੀਦੀ ਹੈ।