ਇਲੈਕਟ੍ਰੌਨਿਕਸ ਦਾ ਸਾਮਾਨ ਬਣਾਉਣ ਵਾਲੀ ਤਾਇਵਾਨੀ ਕੰਪਨੀ ਫੌਕਸਕੌਨ ਨੇ ਭਾਰਤੀ ਗਰੁੱਪ ਵੇਦਾਂਤਾ ਲਿਮਟਿਡ ਨਾਲ ਮਿਲ ਕੇ ਸੈਮੀਕੰਡਕਟਰ ਬਣਾਉਣ ਸਬੰਧੀ 19.50 ਅਰਬ ਡਾਲਰ ਦੇ ਸਾਂਝੇ ਉੱਦਮ ਤੋਂ ਹੱਥ ਪਿਛਾਂਹ ਖਿੱਚ ਲਏ ਹਨ। ਦਸ ਕੁ ਮਹੀਨੇ ਪਹਿਲਾਂ ਇਸ ਸਬੰਧ ਵਿਚ ਗੁਜਰਾਤ ਸਰਕਾਰ ਵੱਲੋਂ ਵੇਦਾਂਤਾ-ਫੌਕਸਕੌਨ ਗਰੁੱਪ ਨਾਲ ਸਹਿਮਤੀ ਪੱਤਰ ਉਤੇ ਦਸਤਖ਼ਤ ਕੀਤੇ ਜਾਣ ਦੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਿ ਕੇ ਵਡਿਆਇਆ ਸੀ ਕਿ ਇਹ ‘ਭਾਰਤ ਦੀਆਂ ਸੈਮੀਕੰਡਕਟਰ ਦੀ ਪੈਦਾਵਾਰ ਨੂੰ ਤੇਜ਼ ਕਰਨ ਸਬੰਧੀ ਖ਼ਾਹਿਸ਼ਾਂ ਵਿਚ ਅਹਿਮ ਕਦਮ ਹੋਵੇਗਾ’। ਕੇਂਦਰੀ ਇਲੈਕਟ੍ਰੌਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਫ਼ੌਕਸਕੌਨ ਦੇ ਸਮਝੌਤੇ ਤੋਂ ਲਾਂਭੇ ਹੋਣ ਦੇ ਕਦਮ ਨਾਲ ਭਾਰਤ ਦੇ ਸੈਮੀਕੰਡਕਟਰ ਸਬੰਧੀ ਟੀਚਿਆਂ ਉਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਚੰਦਰਸ਼ੇਖਰ ਅਨੁਸਾਰ ਹੁਣ ਦੋਵੇਂ ਕੰਪਨੀਆਂ ਦੇਸ਼ ਵਿਚ ‘ਢੁੱਕਵੇਂ ਤਕਨਾਲੋਜੀ ਭਾਈਵਾਲਾਂ’ ਨਾਲ ਮਿਲ ਕੇ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਦੇ ਖੇਤਰ ਵਿਚ ਆਪੋ-ਆਪਣੀ ਰਣਨੀਤੀ ਨੂੰ ‘ਆਜ਼ਾਦਾਨਾ ਢੰਗ ਨਾਲ ਅੱਗੇ ਵਧਾ’ ਸਕਦੀਆਂ ਹਨ।
ਫ਼ੌਕਸਕੌਨ ਵੱਲੋਂ ਇੰਝ ਵੇਦਾਂਤਾ ਤੋਂ ਤੋੜ-ਵਿਛੋੜਾ ਕਰਨ ਦਾ ਫ਼ੈਸਲਾ ਯਕੀਨਨ ਭਾਰਤੀ ਸੈਮੀਕੰਡਕਟਰ ਮਿਸ਼ਨ (ਆਈਐਸਐਮ) ਅਤੇ ਇਲੈਕਟ੍ਰੌਨਿਕਸ ਦੀ ਸਨਅਤ ਲਈ ਚੰਗੀ ਖ਼ਬਰ ਨਹੀਂ ਹੈ। ਇਸ ਮਿਸ਼ਨ ਤਹਿਤ ਭਾਰਤ ਲਈ ਵਧਣ-ਫੁੱਲਣ ਵਾਲੀ ਸੈਮੀਕੰਡਕਟਰ ਸਨਅਤ ਦੀ ਉਸਾਰੀ ਦੀ ਕਲਪਨਾ ਕੀਤੀ ਗਈ ਹੈ ਤਾਂ ਕਿ ਦੇਸ਼ ਇਲੈਕਟ੍ਰੌਨਿਕ ਸਾਜ਼ੋ-ਸਾਮਾਨ ਦੀ ਪੈਦਾਵਾਰ ਵਿਚ ਆਲਮੀ ਧੁਰੀ ਵਜੋਂ ਉੱਭਰ ਸਕੇ। ਇਸ ਫ਼ੈਸਲੇ ਦੇ ਬਾਵਜੂਦ ਭਾਵੇਂ ਕੇਂਦਰ ਸਰਕਾਰ ਨੇ ਆਸ਼ਾਵਾਦੀ ਰੁਖ਼ ਅਪਣਾਇਆ ਹੈ ਪਰ ਜਨਿ੍ਹਾਂ ਕਾਰਨਾਂ ਕਰ ਕੇ ਵੇਦਾਂਤਾ-ਫੌਕਸਕੌਨ ਤੋੜ-ਵਿਛੋੜਾ ਹੋਇਆ ਹੈ, ਉਨ੍ਹਾਂ ਦੀ ਘੋਖ-ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵਿੱਤੀ ਤੇ ਤਕਨੀਕੀ ਕਾਰਨਾਂ ਜਨਿ੍ਹਾਂ ਕਰ ਕੇ ਇਹ ਸਮਝੌਤਾ ਟੁੱਟਿਆ ਹੈ, ਨੂੰ ਜਾਣਨਾ ਜ਼ਰੂਰੀ ਹੈ ਤਾਂ ਕਿ ਭਵਿੱਖ ਵਿਚ ਅਜਿਹੀ ਗੜਬੜ ਤੋਂ ਬਚਿਆ ਜਾ ਸਕੇ।
ਕੇਂਦਰ ਸਰਕਾਰ ਨੇ ਮਾਰਚ ਮਹੀਨੇ ਸੰਸਦ ’ਚ ਦੱਸਿਆ ਸੀ ਕਿ ਇੰਡੀਅਨ ਸੈਮੀਕੰਡਕਟਰ ਮਿਸ਼ਨ ਤਹਿਤ 76 ਹਜ਼ਾਰ ਕਰੋੜ ਰੁਪਏ ਦੀਆਂ ਚਾਰ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ। ਇਸ ਮਿਸ਼ਨ ਅਤੇ ਨਾਲ ਹੀ ‘ਮੇਕ ਇਨ ਇੰਡੀਆ’ ਪਹਿਲਕਦਮੀ ਦੀ ਸਫਲਤਾ ਘਰੇਲੂ ਤੇ ਵਿਦੇਸ਼ੀ ਕੰਪਨੀਆਂ ਨੂੰ ਤਾਲਮੇਲ ਨਾਲ ਮਿਲ ਕੇ ਕੰਮ ਕਰਨ ਦੇ ਸਮਰੱਥ ਮਾਹੌਲ ਮੁਹੱਈਆ ਕਰਾਉਣ ਉੱਤੇ ਨਿਰਭਰ ਕਰਦੀ ਹੈ। ਚੀਨ ਤੋਂ ਦਰਾਮਦਾਂ ਘਟਾਉਣ ਅਤੇ ਆਲਮੀ ਇਲੈਕਟ੍ਰੌਨਿਕਸ ਮੁੱਲ ਲੜੀ ਵਿਚ ਵੱਡਾ ਭਾਈਵਾਲ ਬਣਨ ਦੀਆਂ ਭਾਰਤੀ ਉਮੀਦਾਂ ਨੂੰ ਤਾਂ ਹੀ ਬੂਰ ਪੈ ਸਕਦਾ ਹੈ ਜੇ ਸਰਕਾਰ ਤਕਨਾਲੋਜੀ ਦੇ ਤਬਾਦਲੇ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਨਾਲ ਸੈਮੀਕੰਡਕਟਰ ਸਨਅਤ ਵਿਚ ਸਹਿਯੋਗ ਆਧਾਰਿਤ ਖੋਜ ਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ।