ਅਮਰਜੀਤ ਗੁਰਦਾਸਪੁਰੀ ਦੇ ਦੇਹਾਂਤ ਨਾਲ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਸ ਨੇ ਲੋਕ-ਸੰਘਰਸ਼ਾਂ ਨੂੰ ਆਪਣੇ ਗੀਤਾਂ ਵਿਚ ਸਜੀਵ ਕੀਤਾ। ਉਹ ਪੰਜਾਬ ਵਿਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਲਹਿਰ ਦੇ ਬਾਨੀਆਂ ’ਚੋਂ ਸੀ। ਖੁਸ਼ਹੈਸੀਅਤ ਮੋਰਚੇ ਅਤੇ ਹੋਰ ਸੰਘਰਸ਼ਾਂ ਵਿਚ ਉਹ ਲੋਕਾਂ ਦਾ ਭਾਈਵਾਲ ਬਣਿਆ। ਉਸ ਦੀ ਆਵਾਜ਼ ਵਿਚ ਪੰਜਾਬ ਦੇ ਦਰਿਆਵਾਂ ਦੀ ਰਵਾਨੀ ਤੇ ਧਰਤੀ ਦਾ ਦਰਦ ਝਲਕਦਾ ਸੀ। ਵਾਰਿਸ ਸ਼ਾਹ ਦੀ ਹੀਰ ਨੂੰ ਉਸ ਨੇ ਆਪਣੇ ਮੌਲਿਕ ਅੰਦਾਜ਼ ਵਿਚ ਗਾਇਆ ਅਤੇ ਹੀਰ ਦਾ ਗਾਇਨ ਉਸ ਦੀ ਪਛਾਣ ਬਣ ਗਿਆ। ਉਸ ਨੇ ਇਪਟਾ ਲਹਿਰ ਦੇ ਓਪੇਰਿਆਂ ਵਿਚ ਗਾਇਆ, ਲੋਕ-ਸੰਘਰਸ਼ਾਂ ਵਿਚ ਗਾਇਆ, ਉਹ ਅਮਨ ਲਹਿਰ ਦੀ ਆਵਾਜ਼ ਬਣਿਆ; ਉਹ ਜਿਊਂਦਾ-ਜਾਗਦਾ ਧੜਕਦਾ ਹੋਇਆ ਪੰਜਾਬ ਸੀ। ਉਸ ਨੇ ਪੰਜਾਬ ਦੇ ਸ਼੍ਰੋਮਣੀ ਕਵੀਆਂ ਅਤੇ ਲੋਕ-ਕਵੀਆਂ ਦੇ ਲਿਖੇ ਗੀਤ ਇੰਝ ਗਾਏ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਆਲ੍ਹਣਾ ਪਾ ਲਿਆ। ਸ਼ਾਇਰ ਗੁਰਭਜਨ ਗਿੱਲ ਅਨੁਸਾਰ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ‘ਵੇ ਪੁੰਨਣਾ, ਵੇ ਬੱਦਲਾ, ਵੇ ਸਾਂਵਲਾ, ਕਿੰਨ ਚਿਰ ਹੋਰ ਤੇਰੀ ਛਾਂ/ਫਿਰਦੀ ਉਜਾੜਾਂ ’ਚ ਭਟਕਦੀ ਹੋਵੇ ਜਿਵੇਂ ਰਿਸ਼ੀਆਂ ਦੀ ਆਤਮਾ’ ਗਾਉਣ ਵਾਲਾ ਉਹ ਗਾਇਕ ਪੰਜਾਬੀ ਗਾਇਕੀ ਦਾ ਬੁਰਜ ਸੀ। ਉਹ ਗਾਇਕ ਤੋਂ ਕਿਤੇ ਵੱਧ ਸੀ; ਉਹ ਪੰਜਾਬ ਦੀ ਆਤਮਾ ਦੀ ਆਵਾਜ਼ ਸੀ।
ਕੁਝ ਵਿਅਕਤੀਆਂ ਨਾਲ ਕਿਸੇ ਖ਼ਿੱਤੇ ਦਾ ਇਤਿਹਾਸ ਜੁੜਿਆ ਹੁੰਦਾ ਹੈ; ਅਮਰਜੀਤ ਗੁਰਦਾਸਪੁਰੀ ਵੀ ਅਜਿਹਾ ਹੀ ਯੁੱਗ-ਪੁਰਸ਼ ਸੀ ਜਿਸ ਨੇ ਸਿਆਸਤ ਅਤੇ ਕਲਾ ਵਿਚਲੇ ਅੰਤਰ ਮਿਟਾ ਦਿੱਤੇ। ਕਮਿਊਨਿਸਟ ਪਾਰਟੀ ਆਫ਼ ਇੰਡੀਆ ’ਤੇ ਪਾਬੰਦੀ ਲੱਗਣ ਸਮੇਂ ਰੂਪੋਸ਼ ਰਹਿਣ ਵਾਲੇ ਇਸ ਗਾਇਕ ਨੇ ਪੁਲੀਸ ਵਧੀਕੀਆਂ ਖ਼ਿਲਾਫ਼ ਸੰਘਰਸ਼ ਵਿਚ ਲੋਕਾਂ ਦੀ ਅਗਵਾਈ ਕੀਤੀ; ਆਪਣੇ ਪਿੰਡ ਉਦੋਵਾਲੀ ਦਾ ਸਰਪੰਚ ਬਣਿਆ, ਪੰਜਾਬੀਆਂ ਦੇ ਦਿਲਾਂ ਦਾ ਬਾਦਸ਼ਾਹ ਬਣਿਆ। ਉਸ ਨੇ ਲਾਲ ਚੰਦ ਯਮਲੇ ਤੋਂ ਤੂੰਬੀ ਦੀਆਂ ਧੁਨੀਆਂ ਸਿੱਖੀਆਂ; ਇਹ ਗਾਇਕ ਅਨੇਕ ਗਾਇਕਾਂ ਦਾ ਮੁਰਸ਼ਿਦ ਸੀ। ਉਹ ਜੋਗਿੰਦਰ ਬਾਹਰਲਾ, ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਸੁਰਿੰਦਰ ਕੌਰ, ਨਰਿੰਜਨ ਸਿੰਘ ਮਾਨ, ਜਸਵੰਤ ਸਿੰਘ ਕੰਵਲ, ਨਵਤੇਜ ਸਿੰਘ ਪ੍ਰਤੀਲੜੀ, ਮਹਿੰਦਰ ਕੌਰ, ਸ਼ੀਲਾ ਭਾਟੀਆ, ਜਗਜੀਤ ਸਿੰਘ ਆਨੰਦ, ਉਰਮਿਲਾ ਆਨੰਦ, ਹੁਕਮ ਚੰਦ ਖਲੀਲੀ, ਬਲਰਾਜ ਸਾਹਨੀ, ਸ਼ਿਵ ਕੁਮਾਰ, ਪ੍ਰਿੰਸੀਪਲ ਸੁਜਾਨ ਸਿੰਘ, ਸਵਰਨ ਸਿੰਘ ਬੋਪਾਰਾਏ, ਗੁਰਚਰਨ ਸਿੰਘ ਬੋਪਾਰਾਏ ਅਤੇ ਸਾਹਿਤਕਾਰਾਂ-ਕਲਾਕਾਰਾਂ ਦਾ ਸਾਹਿਤਕਾਰ-ਕਲਾਕਾਰ-ਭਰਾ ਸੀ।
ਰੱਜੇ-ਪੁੱਜੇ ਜ਼ੈਲਦਾਰ ਘਰਾਣੇ ਵਿਚ ਪੈਦਾ ਹੋਏ ਅਮਰਜੀਤ ਗੁਰਦਾਸਪੁਰੀ ਨੇ ਲੋਕ-ਸੰਘਰਸ਼ਾਂ ਦੀ ਰਾਹ ਫੜੀ। ਜਸਵੰਤ ਸਿੰਘ ਰਾਹੀ, ਕਾਮਰੇਡ ਬਲਜੀਤ ਸਿੰਘ ਫਜ਼ਲਾਬਾਦ ਅਤੇ ਕਾਮਰੇਡ ਗੋਪਾਲ ਸਿੰਘ ਠੱਠਾ ਨੇ ਉਸ ਨੂੰ ਸਾਹਿਤਕ ਚੇਟਕ ਲਾਈ। ਪੰਜਾਬ ਦੀ ਵੰਡ ਵੇਲੇ ਗੁਰਦਾਸਪੁਰੀ 16 ਵਰ੍ਹਿਆਂ ਦਾ ਸੀ। ਉਸ ਨੇ ਵੰਡ ਦਾ ਦੁੱਖ ਹੰਢਾਇਆ; ਭਾਈਚਾਰਕ ਸਾਂਝ ਨੂੰ ਬਚਾਉਣ ਲਈ ਪੂਰੀ ਵਾਹ ਲਾਈ; ਇਹ ਦਾਸਤਾਨ ਸਾਂਵਲ ਧਾਮੀ ਨੇ ਲਿਖੀ ਹੈ। ਤੇਰਾ ਸਿੰਘ ਚੰਨ ਦੇ ਲਿਖੇ ‘ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ’ ਜਿਹੇ ਵਿਚਾਰਧਾਰਕ ਗੀਤ ਤੋਂ ਲੈ ਕੇ ਲੋਕ-ਕਵੀ ਕਰਤਾਰ ਸਿੰਘ ਬਲੱਗਣ ਦੇ ਗੀਤ ‘ਚਿੱਟੀ ਚਿੱਟੀ ਪੱਗੜੀ ਤੇ ਘੁੱਟ ਘੁੱਟ ਬੰਨ, ਭਲਾ ਵੇ ਮੈਨੂੰ ਤੇਰੀ ਸਹੁੰ, ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ… ਤੇਹ ਲੱਗ ਜਾਂਦੀ ਤੇਰੇ ਰੂਪ ਦੀ ਦੁਪਹਿਰ ਵਿਚ, ਪਾਣੀ ਦੀ ਵੀ ਘੁੱਟ ਕਦੇ ਪੁੱਛਿਆ ਤਾਂ ਕਰ’ ਜਿਹੇ ਗੀਤ ਗਾਉਣ ਵਾਲਾ ਅਮਰਜੀਤ ਗੁਰਦਾਸਪੁਰੀ ਪੰਜਾਬ ਦੇ ਲੋਕਾਂ ਦਾ ਲੱਜਪਾਲ ਸੀ; ਉਹ ਪ੍ਰੀਤ ਨਗਰ ਅਤੇ ਹੋਰ ਸ਼ਹਿਰਾਂ-ਪਿੰਡਾਂ ਵਿਚ ਹੁੰਦੇ ਸਾਹਿਤਕ ਸੰਮੇਲਨਾਂ ਦਾ ਸ਼ਿੰਗਾਰ ਬਣਿਆ। ਉਸ ਦਾ ਛੋਟੇ ਸਾਹਿਬਜ਼ਾਦਿਆਂ ਬਾਰੇ ਗਾਇਆ ਗੀਤ ‘ਸਿੰਘਾ ਜੇ ਚੱਲਿਆ ਚਮਕੌਰ, ਓਥੇ ਸੁੱਤੇ ਨੇ ਦੋ ਭੌਰ’ ਲੋਕਾਂ ਦੇ ਮਨਾਂ ਵਿਚ ਵੱਸਿਆ ਹੋਇਆ ਹੈ। ਜਦੋਂ ਪੰਜਾਬ ਦਾ ਲੋਕ-ਇਤਿਹਾਸ ਲਿਖਿਆ ਜਾਵੇਗਾ ਤਾਂ ਅਮਰਜੀਤ ਗੁਰਦਾਸਪੁਰੀ ਦਾ ਨਾਂ ਬੜੇ ਗੂੜ੍ਹੇ ਅੱਖਰਾਂ ਵਿਚ ਉੱਭਰੇਗਾ। ਉਹ ਪੰਜਾਬੀਆਂ ਦੇ ਮਨਾਂ ਵਿਚ ਹਮੇਸ਼ਾ ਵੱਸਦਾ ਰਹੇਗਾ।