ਸੰਯੁਕਤ ਰਾਸ਼ਟਰ (ਯੂਐੱਨ) ਦੀ ਸੁਰੱਖਿਆ ਕੌਂਸਲ ਵਿਚ ਦਹਿਸ਼ਤਗਰਦ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਸਾਜਿਦ ਮੀਰ ਨੂੰ ਅੰਤਰਰਾਸ਼ਟਰੀ ਪੱਧਰ ਦਾ ਦਹਿਸ਼ਤਗਰਦ ਐਲਾਨੇ ਜਾਣ ਬਾਰੇ ਭਾਰਤ ਤੇ ਅਮਰੀਕਾ ਦੀ ਤਜਵੀਜ਼ ਨੂੰ ਚੀਨ ਨੇ ਫਿਰ ਕਾਮਯਾਬ ਨਹੀਂ ਹੋਣ ਦਿੱਤਾ। ਸਾਜਿਦ ਮੀਰ ਨੂੰ 26 ਨਵੰਬਰ 2008 ਨੂੰ ਮੁੰਬਈ ਵਿਚ ਲਸ਼ਕਰ-ਏ-ਤੋਇਬਾ ਵੱਲੋਂ ਕੀਤੇ ਗਏ ਦਹਿਸ਼ਤੀ ਹਮਲੇ ਦਾ ਸਰਗਨਾ ਮੰਨਿਆ ਜਾਂਦਾ ਹੈ। ਇਸ ਹਮਲੇ ਵਿਚ 170 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਲਗਭਗ 300 ਜ਼ਖ਼ਮੀ ਹੋਏ ਸਨ। ਦਹਿਸ਼ਤਗਰਦ ਅਜਮਲ ਕਸਾਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ; ਉਸ ਦੇ ਦੂਸਰੇ ਸਾਥੀ ਮਾਰੇ ਗਏ ਤੇ ਕਸਾਬ ਨੂੰ 2012 ਵਿਚ ਫਾਂਸੀ ਦਿੱਤੀ ਗਈ। ਇਸ ਹਮਲੇ ਦੀ ਵਿਉਂਤਬੰਦੀ ਕਰਨ ਵਿਚ ਲਸ਼ਕਰ-ਏ-ਤੋਇਬਾ ਦੇ ਮੁੱਖ ਆਗੂਆਂ ਜ਼ਾਕਿਰ ਰਹਿਮਾਨ ਲਖਵੀ ਅਤੇ ਸਾਜਿਦ ਮੀਰ ਨੇ ਅਹਿਮ ਭੂਮਿਕਾ ਨਿਭਾਈ ਸੀ। 1999 ਵਿਚ ਸੰਯੁਕਤ ਰਾਸ਼ਟਰ ਦੀ ਸਕਿਉਰਿਟੀ ਕਮੇਟੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਦਹਿਸ਼ਤੀ ਕਾਰਵਾਈਆਂ ਕਰਨ ਵਾਲੇ ਅਤਿਵਾਦੀਆਂ ਦੀ ਫਹਿਰਿਸਤ ਬਣਾਉਣੀ ਸ਼ੁਰੂ ਕੀਤੀ ਸੀ ਜਿਸ ਨੂੰ 1267 ਲਿਸਟ (ਫਹਿਰਿਸਤ) ਕਿਹਾ ਜਾਂਦਾ ਹੈ। ਜਿਹੜੇ ਦਹਿਸ਼ਤਗਰਦਾਂ ਦਾ ਨਾਂ ਇਸ ਫਹਿਰਿਸਤ ਵਿਚ ਸ਼ਾਮਿਲ ਹੋਵੇ, ਉਨ੍ਹਾਂ ਉੱਤੇ ਸਾਰੇ ਦੇਸ਼ਾਂ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਭਾਰਤ ਨੇ ਕਈ ਦਹਿਸ਼ਤੀ ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਇਸ ਸੂਚੀ ਵਿਚ ਸ਼ਾਮਿਲ ਕਰਵਾਉਣ ਦੇ ਯਤਨ ਕੀਤੇ ਪਰ ਚੀਨ ਇਨ੍ਹਾਂ ਨੂੰ ਨਾਕਾਮ ਕਰ ਦਿੰਦਾ ਰਿਹਾ ਹੈ। ਇਹ ਜਥੇਬੰਦੀਆਂ ਤੇ ਵਿਅਕਤੀ ਪਾਕਿਸਤਾਨ ਆਧਾਰਿਤ ਹਨ। ਅਗਸਤ 2022 ਵਿਚ ਚੀਨ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਬਦੁਲ ਰਊਫ਼ ਅਸਗਰ ਨੂੰ ਇਸ ਸੂਚੀ ਵਿਚ ਸ਼ਾਮਿਲ ਕੀਤੇ ਜਾਣ ਬਾਰੇ ਅਸਹਿਮਤੀ ਪ੍ਰਗਟਾਈ ਸੀ।
ਇਕ ਪਾਸੇ ਚੀਨ ਆਪਣੇ ਇਕ ਪ੍ਰਾਂਤ ਵਿਚ ਦਹਿਸ਼ਤਗਰਦ ਜਥੇਬੰਦੀਆਂ ਦੇ ਵਧਦੇ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕਰਦਾ ਹੈ, ਦੂਸਰੇ ਪਾਸੇ ਉਹ ਪਾਕਿਸਤਾਨ ਵਿਚ ਰਹਿ ਕੇ ਦਹਿਸ਼ਤੀ ਕਾਰਵਾਈਆਂ ਕਰਨ ਵਾਲੇ ਵਿਅਕਤੀਆਂ ’ਤੇ ਪਾਬੰਦੀਆਂ ਲਗਾਉਣ ਦਾ ਵਿਰੋਧ ਕਰਦਾ ਹੈ। ਸਾਜਿਦ ਮੀਰ ਦਹਿਸ਼ਤਗਰਦ ਕਾਰਵਾਈਆਂ ਲਈ ਮਾਇਕ ਸਹਾਇਤਾ ਮੁਹੱਈਆ ਕਰਵਾਉਣ ਦੇ ਇਕ ਕੇਸ ਵਿਚ ਇਸ ਵੇਲੇ ਪਾਕਿਸਤਾਨੀ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ ਪਰ ਸਾਰੇ ਜਾਣਦੇ ਹਨ ਕਿ ਦਹਿਸ਼ਤੀ, ਤਸਕਰ ਤੇ ਗੈਂਗਸਟਰ ਜੇਲ੍ਹਾਂ ਵਿਚ ਰਹਿ ਕੇ ਵੀ ਵੱਡੇ ਅਪਰਾਧ ਕਰਵਾਉਣ ਦੇ ਸਮਰੱਥ ਹਨ। ਕੂਟਨੀਤਕ ਮਾਹਿਰਾਂ ਅਨੁਸਾਰ ਭਾਰਤ ਦੀਆਂ ਇਨ੍ਹਾਂ ਤਜਵੀਜ਼ਾਂ ਬਾਰੇ ਚੀਨ ਦੇ ਵਿਰੋਧ ਦਾ ਕਾਰਨ ਉਸ ਦੀ ਪਾਕਿਸਤਾਨ ਨਾਲ ਮਿੱਤਰਤਾ ਹੈ। ਪਾਕਿਸਤਾਨ ਵਿਚ ਜਮਹੂਰੀ ਸਰਕਾਰ ਹੋਣ ਦੇ ਬਾਵਜੂਦ ਅਸਲੀ ਤਾਕਤ ਫ਼ੌਜ ਅਤੇ ਖ਼ੁਫ਼ੀਆ ਏਜੰਸੀ ਆਈਐੱਸਆਈ ਕੋਲ ਹੈ। ਬਹੁਤ ਸਾਰੀਆਂ ਦਹਿਸ਼ਤਗਰਦ ਜਥੇਬੰਦੀਆਂ ਨੂੰ ਆਈਐੱਸਆਈ ਦੀ ਹਮਾਇਤ ਹਾਸਿਲ ਹੈ। ਚੀਨ ਇਸ ਸਚਾਈ ਨੂੰ ਜਾਣਦਾ ਹੈ ਤੇ ਉਹ ਪਾਕਿਸਤਾਨੀ ਫ਼ੌਜ ਅਤੇ ਆਈਐੱਸਆਈ ਦੇ ਪ੍ਰਭਾਵ ਕਾਰਨ ਹੀ ਭਾਰਤ ਦੀਆਂ ਤਜਵੀਜ਼ਾਂ ਨੂੰ ਸੰਯੁਕਤ ਰਾਸ਼ਟਰ ਵਿਚ ਪ੍ਰਵਾਨ ਨਹੀਂ ਹੋਣ ਦਿੰਦਾ।
2008 ਵਿਚ ਮੁੰਬਈ ਵਿਚ ਹੋਇਆ ਦਹਿਸ਼ਤੀ ਹਮਲਾ ਦਰਿੰਦਗੀ ਦੀ ਸਿਖ਼ਰ ਸੀ। ਦਹਿਸ਼ਤਗਰਦਾਂ ਨੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਾਸੂਮਾਂ ਨੂੰ ਕਤਲ ਕੀਤਾ। ਇਹ ਦਹਿਸ਼ਤਗਰਦ ਜਥੇਬੰਦੀਆਂ ਆਪਣੇ ਆਪ ਨੂੰ ਇਸਲਾਮ ਅਤੇ ਮੁਸਲਮਾਨਾਂ ਦੀਆਂ ਹਮਦਰਦ ਦੱਸਦੀਆਂ ਹਨ ਪਰ ਉਨ੍ਹਾਂ ਦੀਆਂ ਕਾਰਵਾਈਆਂ ਮੁਸਲਿਮ ਭਾਈਚਾਰੇ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਪਾਕਿਸਤਾਨੀ ਫ਼ੌਜ ਅਤੇ ਆਈਐੱਸਆਈ ਭਾਵੇਂ ਇਨ੍ਹਾਂ ਜਥੇਬੰਦੀਆਂ ਦੀ ਹਮਾਇਤ ਕਰਦੀਆਂ ਰਹੀਆਂ ਹਨ ਪਰ ਇਨ੍ਹਾਂ ਨੇ ਪਾਕਿਸਤਾਨੀ ਨਾਗਰਿਕਾਂ ਜਿਨ੍ਹਾਂ ਵਿਚ ਸਕੂਲਾਂ ਵਿਚ ਪੜ੍ਹਦੇ ਬੱਚੇ ਵੀ ਸ਼ਾਮਿਲ ਹਨ, ’ਤੇ ਵੱਡੇ ਜ਼ੁਲਮ ਕੀਤੇ ਹਨ। ਸਾਰੇ ਦੇਸ਼ਾਂ ਨੂੰ ਦਹਿਸ਼ਤਗਰਦੀ ਵਿਰੁੱਧ ਇਕੱਠੇ ਹੋਣ ਦੀ ਜ਼ਰੂਰਤ ਹੈ। ਪਾਕਿਸਤਾਨੀ ਫ਼ੌਜ ਅਜਿਹੀਆਂ ਜਥੇਬੰਦੀਆਂ ਰਾਹੀਂ ਭਾਰਤ ਤੇ ਖ਼ਾਸਕਰ ਜੰਮੂ ਕਸ਼ਮੀਰ ਵਿਚ ਦਹਿਸ਼ਤੀ ਕਾਰਵਾਈਆਂ ਕਰਵਾਉਂਦੀ ਰਹੀ ਹੈ ਪਰ ਇਨ੍ਹਾਂ ਦੀਆਂ ਪਾਕਿਸਤਾਨ ਵਿਚ ਕਾਰਵਾਈਆਂ ਕਾਰਨ ਉੱਥੋਂ ਦੇ ਪ੍ਰਬੰਧਕੀ ਤੇ ਸਮਾਜਿਕ ਢਾਂਚੇ ਖੋਖਲੇ ਹੋ ਗਏ ਹਨ। ਚੀਨ ਨੂੰ ਇਨ੍ਹਾਂ ਦਹਿਸ਼ਤਗਰਦ ਜਥੇਬੰਦੀਆਂ ਤੇ ਵਿਅਕਤੀਆਂ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਇਸ ਵਿਰੁੱਧ ਸਖ਼ਤ ਪੈਂਤੜਾ ਅਪਣਾਉਣ ਦੀ ਜ਼ਰੂਰਤ ਹੈ। ਦਹਿਸ਼ਤਗਰਦੀ ਮਸਲਿਆਂ ਨੂੰ ਹੱਲ ਨਹੀਂ ਕਰਦੀ ਸਗੋਂ ਲੋਕਾਂ ਦੇ ਮਨਾਂ ਵਿਚ ਜ਼ਹਿਰ ਘੋਲ ਕੇ ਨਫ਼ਰਤ ਤੇ ਭਾਈਚਾਰਕ ਪਾੜੇ ਵਧਾਉਂਦੀ ਹੈ।