ਖ਼ਬਰਾਂ ਅਨੁਸਾਰ ਚੀਨ ਨੇ ਚੀਨ-ਭਾਰਤ ਸਰਹੱਦ ਦੇ ਪੱਛਮੀ ਹਿੱਸੇ ਵਿਚ ਵੱਡੀ ਪੱਧਰ ’ਤੇ ਫ਼ੌਜਾਂ ਜਮ੍ਹਾਂ ਕੀਤੀਆਂ ਹਨ। ਵੀਰਵਾਰ ਭਾਰਤ ਨੇ ਸਰਹੱਦ ਨੇੜੇ ਫ਼ੌਜਾਂ ਜਮ੍ਹਾਂ ਕਰਨ ’ਤੇ ਇਤਰਾਜ਼ ਜਤਾਉਂਦਿਆਂ ਦੋਸ਼ ਲਾਇਆ ਕਿ ਚੀਨ ਦੋਹਾਂ ਦੇਸ਼ਾਂ ਦੇ ਇਸ ਵੇਲੇ ਕਬਜ਼ੇ ਹੇਠ ਇਲਾਕਿਆਂ ਵਾਲੀ ਸੀਮਾ-ਰੇਖਾ (Line of Actual Control-ਐੱਲਏਸੀ) ਵਿਚ ਬਦਲਾਉ ਲਿਆਉਣਾ ਚਾਹੁੰਦਾ ਹੈ। ਭਾਰਤ ਨੇ ਇਹ ਵੀ ਕਿਹਾ ਕਿ ਚੀਨ ਦੀਆਂ ਇਹ ਕਾਰਵਾਈਆਂ ਦੋਹਾਂ ਦੇਸ਼ਾਂ ਵਿਚਕਾਰ 1993 ਅਤੇ 1996 ਵਿਚ ਹੋਏ ਸਮਝੌਤਿਆਂ ਦੇ ਵਿਰੁੱਧ ਹਨ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਉਸ ਦੁਆਰਾ ਆਪਣੇ ਕਬਜ਼ੇ ਹੇਠਲੇ ਇਲਾਕੇ ਵਿਚ ਫ਼ੌਜਾਂ ਭੇਜਣਾ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਕਦਮ ਹੈ।
ਕੂਟਨੀਤਕ ਮਾਹਿਰ ਚੀਨ ਦੀਆਂ ਕਾਰਵਾਈਆਂ ਨੂੰ ਕਈ ਦ੍ਰਿਸ਼ਟੀਕੋਣਾਂ ਤੋਂ ਦੇਖਦੇ ਹਨ। ਉਨ੍ਹਾਂ ਅਨੁਸਾਰ ਚੀਨ ਨੇ ਪਿਛਲੇ ਸਾਲ ਤੋਂ ਸੀਮਾ-ਰੇਖਾ ਦੀ ਉਲੰਘਣਾ ਕਰਕੇ ਨਾ ਸਿਰਫ਼ ਦੋਹਾਂ ਦੇਸ਼ਾਂ ਵਿਚ ਤਣਾਉ ਵਧਾਇਆ ਹੈ ਸਗੋਂ ਭਾਰਤ ਵਾਸਤੇ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਸਰਹੱਦ ’ਤੇ ਆਪਣੀਆਂ ਫ਼ੌਜਾਂ ਦੀ ਮੌਜੂਦਗੀ ਲਗਾਤਾਰ ਬਣਾਈ ਰੱਖੇ। ਇਹ ਸਰਹੱਦ ਬਹੁਤ ਲੰਮੀ ਹੈ ਅਤੇ ਵੱਡੀ ਗਿਣਤੀ ਵਿਚ ਫ਼ੌਜਾਂ ਦੀ ਮੌਜੂਦਗੀ ਕਾਰਨ ਦੇਸ਼ ਨੂੰ ਬੇਤਹਾਸ਼ਾ ਪੈਸਾ ਖਰਚ ਕਰਨਾ ਪੈਂਦਾ ਹੈ ਜਿਸ ਦਾ ਅਸਰ ਰੱਖਿਆ ਵਿਭਾਗ ਦੇ ਬਜਟ ’ਤੇ ਪੈਂਦਾ ਹੈ। ਕੁਝ ਹੋਰ ਕੂਟਨੀਤਕ ਮਾਹਿਰਾਂ ਅਨੁਸਾਰ ਭਾਰਤ ਦੁਆਰਾ ਚੀਨ-ਭਾਰਤ ਸਰਹੱਦ ’ਤੇ ਫ਼ੌਜਾਂ ਦੀ ਤਾਇਨਾਤੀ ਕਾਰਨ ਭਾਰਤ ਦੀ ਪਾਕਿਸਤਾਨ ਵਿਰੁੱਧ ਕਾਰਵਾਈ ਕਰਨ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਅਜੋਕੇ ਸਮੇਂ ਦੀਆਂ ਸਥਿਤੀਆਂ ਕਾਰਨ ਕੋਈ ਵੀ ਦੇਸ਼ ਵੱਡਾ ਯੁੱਧ ਕਰਨ ਦੀ ਖਾਹਿਸ਼ ਨਹੀਂ ਰੱਖਦਾ ਪਰ ਸੀਮਾ ’ਤੇ ਲਗਾਤਾਰ ਤਣਾਉ ਦੇਸ਼ਾਂ ਦੇ ਅਰਥਚਾਰੇ ’ਤੇ ਵੱਡਾ ਅਸਰ ਪਾਉਂਦੇ ਹਨ।
ਇਹ ਮਾਮਲਾ ਵਿਚਾਰਨਯੋਗ ਹੈ ਕਿ ਚੀਨ ਤੇ ਭਾਰਤ ਵਿਚ ਤਣਾਉ ਕਿਉਂ ਵਧਿਆ ਹੈ। ਕਈ ਕੂਟਨੀਤਕ ਮਾਹਿਰ ਇਸ ਨੂੰ ਅਗਸਤ 2019 ਵਿਚ ਭਾਰਤ ਦੁਆਰਾ ਸੰਵਿਧਾਨ ਦੀ ਧਾਰਾ 370 ਮਨਸੂਖ਼ ਕਰਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੀ ਕਾਰਵਾਈ ਨਾਲ ਜੋੜਦੇ ਹਨ। ਚੀਨ ਲੱਦਾਖ਼ ਦੇ ਕੁਝ ਹਿੱਸਿਆਂ ’ਤੇ ਦਾਅਵਾ ਕਰਦਾ ਰਿਹਾ ਹੈ ਅਤੇ ਮਾਹਿਰਾਂ ਅਨੁਸਾਰ ਕੇਂਦਰ ਦੁਆਰਾ ਇਸ ਇਲਾਕੇ ਦਾ ਸੰਵਿਧਾਨਕ ਰੁਤਬਾ (Status) ਬਦਲਣ ਕਾਰਨ ਚੀਨ ਨੇ ਇਹ ਸੁਨੇਹਾ ਦੇਣ ਲਈ ਫ਼ੌਜੀ ਕਾਰਵਾਈ ਕੀਤੀ ਹੈ ਕਿ ਉਹ ਭਾਰਤ ਦੁਆਰਾ ਚੁੱਕੇ ਕਦਮ ਤੋਂ ਨਾਖੁਸ਼ ਹੈ। ਕੁਝ ਹੋਰ ਕੂਟਨੀਤਕ ਮਾਹਿਰਾਂ ਅਨੁਸਾਰ ਚੀਨ ਭਾਰਤ ਤੇ ਅਮਰੀਕਾ ਵਿਚ ਵਧ ਰਹੀ ਨਜ਼ਦੀਕੀ ਤੋਂ ਨਾਰਾਜ਼ ਹੈ। ਪਿਛਲੇ ਸਾਲ ਸਰਹੱਦਾਂ ’ਤੇ ਤਣਾਉ ਅਤੇ ਫ਼ੌਜਾਂ ਵਿਚਕਾਰ ਝੜਪਾਂ ਤੋਂ ਬਾਅਦ ਭਾਰਤ ਨੇ ਚੀਨ ਦੀਆਂ ਵਪਾਰਕ ਫਰਮਾਂ ਤੇ ਇੰਟਰਨੈੱਟ ਪਲੇਟਫਾਰਮਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਭਾਰਤ ਇਸ ਸਿਆਸੀ-ਭੂਗੋਲਿਕ ਸੱਚਾਈ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਸ ਦਾ ਗੁਆਂਢੀ ਦੇਸ਼ ਚੀਨ ਇਸ ਸਮੇਂ ਸੰਸਾਰ ਦੀ ਵੱਡੀ ਆਰਥਿਕ ਅਤੇ ਫ਼ੌਜੀ ਸ਼ਕਤੀ ਹੈ। ਅੰਤਰ-ਨਿਰਭਰਤਾ ਦੇ ਯੁੱਗ ਵਿਚ ਕਿਸੇ ਵੀ ਦੇਸ਼ ਵਾਸਤੇ ਤਾਕਤਾਂ ਦਾ ਸਮਤੋਲ ਬਣਾਈ ਰੱਖਣਾ ਮਹੱਤਵਪੂਰਨ ਹੁੰਦਾ ਹੈ। ਭਾਰਤ ਦੇ ਹੋਰ ਗੁਆਂਢੀ ਦੇਸ਼ਾਂ ਨਾਲ ਸਬੰਧ ਵੀ ਕੋਈ ਸੁਖਾਵੇਂ ਨਹੀਂ ਜਦੋਂਕਿ ਚੀਨ ਨੇਪਾਲ, ਬੰਗਲਾਦੇਸ਼, ਪਾਕਿਸਤਾਨ ਅਤੇ ਸ੍ਰੀਲੰਕਾ ਵਿਚ ਆਪਣਾ ਅਸਰ ਵਧਾ ਰਿਹਾ ਹੈ। ਚੀਨ ਵਰਗੀ ਵੱਡੀ ਤਾਕਤ ਦਾ ਸਾਹਮਣਾ ਕਰਨ ਲਈ ਭਾਰਤ ਨੂੰ ਗੁਆਂਢੀ ਦੇਸ਼ਾਂ ਨਾਲ ਸੁਲ੍ਹਾ-ਸਫ਼ਾਈ ਦੀ ਨੀਤੀ ਅਪਣਾ ਕੇ ਦੱਖਣੀ ਏਸ਼ੀਆ ਖੇਤਰੀ ਸਹਿਯੋਗ (South Asian Association for Regional Cooperation-ਸਾਰਕ) ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਜਿਹੀ ਸੰਸਥਾ ਚੀਨ ਅਤੇ ਅਮਰੀਕਾ ਦੇ ਨਾਲ ਨਾਲ ਆਸੀਆਨ (ASEAN) ਅਤੇ ਯੂਰੋਪੀਅਨ ਯੂਨੀਅਨ ਜਿਹੀਆਂ ਸੰਸਥਾਵਾਂ ਨਾਲ ਵਪਾਰ, ਕਾਰੋਬਾਰ ਤੇ ਹੋਰ ਮਾਮਲਿਆਂ ਵਿਚ ਸਮਝੌਤੇ ਕਰਕੇ ਆਪਣੀ ਕੂਟਨੀਤਕ ਸਮਰੱਥਾ ਵਧਾ ਸਕੇ। ਪਾਕਿਸਤਾਨ ਤੇ ਭਾਰਤ ਵਿਚਕਾਰ ਲਗਾਤਾਰ ਤਣਾਉ ਕਾਰਨ ਸਾਰਕ ਦੇ ਆਧਾਰ ’ਤੇ ਉਸਰਨ ਵਾਲੇ ਆਰਥਿਕ ਢਾਂਚੇ ਵੱਲ ਮੁੱਢਲੇ ਕਦਮ ਵੀ ਨਹੀਂ ਚੁੱਕੇ ਗਏ। ਕੇਂਦਰ ਸਰਕਾਰ ਨੂੰ ਚੀਨ-ਭਾਰਤ ਸਰਹੱਦ ’ਤੇ ਵਧ ਰਹੇ ਤਣਾਉ ਨੂੰ ਘਟਾਉਣ ਅਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਨਾਲ ਸਬੰਧ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।