ਲੱਦਾਖ਼ ਦੀ ਗਲਵਾਨ ਵਾਦੀ ਵਿਚ ਭਾਰਤ ਅਤੇ ਚੀਨ ਵਿਚ ਚੱਲ ਰਹੀ ਕਸ਼ਮਕਸ਼ ਨਵੀਂ ਸਿਖ਼ਰ ’ਤੇ ਪਹੁੰਚ ਗਈ ਹੈ। ਦੋਵੇਂ ਦੇਸ਼ ਇਹ ਕਹਿੰਦੇ ਰਹੇ ਹਨ ਕਿ ਫ਼ੌਜ ਦੇ ਕਮਾਂਡਰਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ ਅਤੇ ਦੋਵੇਂ ਧਿਰਾਂ ਕਿਸੇ ਵੀ ਤਰ੍ਹਾਂ ਦੀ ਲੜਾਈ ਜਾਂ ਖਿੱਚੋਤਾਣ ਵਧਾਉਣ ਵਾਲੀ ਪਹਿਲਕਦਮੀ ਕਰਨ ਤੋਂ ਪਰਹੇਜ਼ ਕਰ ਰਹੀਆਂ ਹਨ। ਇਸ ਵਾਦੀ ਵਿਚ ਕਈ ਥਾਵਾਂ ’ਤੇ ਚੀਨੀ ਫ਼ੌਜ ਉਨ੍ਹਾਂ ਇਲਾਕਿਆਂ ਤੋਂ ਵੀ ਅੱਗੇ ਆ ਗਈ ਹੈ ਜਿਨ੍ਹਾਂ ਨੂੰ ਉਹ ਪਹਿਲਾਂ ਭਾਰਤੀ ਇਲਾਕੇ ਮੰਨਦੀ ਰਹੀ ਹੈ। ਬਾਅਦ ਵਿਚ ਸਫ਼ਾਰਤੀ ਅਤੇ ਫ਼ੌਜੀ ਪੱਧਰ ’ਤੇ ਹੋਈ ਗੱਲਬਾਤ ਕਾਰਨ ਇਹ ਕਿਹਾ ਜਾਣ ਲੱਗ ਪਿਆ ਕਿ ਸਾਰੇ ਮਾਮਲੇ ਨੂੰ ਸ਼ਾਂਤੀਪੂਰਵਕ ਨਜਿੱਠ ਲਿਆ ਜਾਏਗਾ ਪਰ ਸੋਮਵਾਰ ਦੀ ਰਾਤ ਹੋਈ ਝੜਪ ਵਿਚ ਭਾਰਤੀ ਫ਼ੌਜ ਦਾ ਇਕ ਕਰਨਲ ਤੇ ਦੋ ਜਵਾਨ ਸ਼ਹੀਦ ਹੋ ਗਏ। ਚੀਨ ਦੇ 5 ਜਵਾਨ ਮਾਰੇ ਜਾਣ ਬਾਰੇ ਵੀ ਦੱਸਿਆ ਜਾ ਰਿਹਾ ਹੈ। ਮੰਗਲਵਾਰ ਸਵੇਰ ਤੋਂ ਫ਼ੌਜ ਦੇ ਉੱਚ-ਪੱਧਰੀ ਅਧਿਕਾਰੀਆਂ ਵਿਚਕਾਰ ਵਾਰਤਾ ਸ਼ੁਰੂ ਹੋ ਗਈ ਹੈ।
ਬਹੁਤ ਸਾਰੇ ਕੂਟਨੀਤਕ ਅਤੇ ਫ਼ੌਜੀ ਮਾਮਲਿਆਂ ਦੇ ਮਾਹਿਰ ਇਹ ਰਾਏ ਦਿੰਦੇ ਆਏ ਹਨ ਕਿ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰਨ ਦੇ ਗੰਭੀਰ ਪ੍ਰਭਾਵ ਪੈਣਗੇ; ਉਨ੍ਹਾਂ ਅਨੁਸਾਰ ਧਾਰਾ 370 ਤਹਿਤ ਲੱਦਾਖ਼, ਜਿਸ ਨੂੰ ਕਿ ਜੰਮੂ-ਕਸ਼ਮੀਰ ਪ੍ਰਾਂਤ ਦਾ ਹਿੱਸਾ ਬਣਾਇਆ ਗਿਆ ਸੀ, ਭਾਰਤ ਦਾ ਹਿੱਸਾ ਬਣ ਗਿਆ ਅਤੇ ਇਸ ਨੂੰ ਮਨਸੂਖ਼ ਕੀਤੇ ਜਾਣ ਨਾਲ ਕੌਮਾਂਤਰੀ ਤੌਰ ’ਤੇ ਲੱਦਾਖ਼ ਦੇ ਕਾਨੂੰਨੀ ਸਟੇਟਸ ’ਤੇ ਅਸਰ ਪੈਂਦਾ ਹੈ। ਇਨ੍ਹਾਂ ਮਾਹਿਰਾਂ ਅਨੁਸਾਰ ਬਹੁਤ ਸਾਰੇ ਦੇਸ਼ ਵਾਸੀ ਇਸ ਮਾਮਲੇ ਨੂੰ ਕੌਮਾਂਤਰੀ ਕਾਨੂੰਨ ਦੇ ਨੁਕਤੇ ਤੋਂ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਇਹ ਬਿਰਤਾਂਤ ਕਿ ਭਾਰਤ ਜੰਮੂ-ਕਸ਼ਮੀਰ ਅਤੇ ਲੱਦਾਖ਼ ਨਾਲ ਕੁਝ ਵੀ ਕਰ ਸਕਦਾ ਹੈ, ਬਹੁਤ ਸੁਭਾਵਿਕ ਲੱਗਦਾ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਦੇਰ ਤੋਂ ਸੰਕੇਤ ਮਿਲਣ ਲੱਗ ਪਏ ਸਨ ਕਿ ਚੀਨ ਲੱਦਾਖ਼ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਨਵੇਂ ਦਰਜੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਸ ਬਾਰੇ ਸਫ਼ਾਰਤੀ ਅਤੇ ਫ਼ੌਜੀ ਪੱਧਰ ’ਤੇ ਕੋਈ ਕਾਰਵਾਈ ਕਰੇਗਾ। ਇਸੇ ਲਈ ਚੀਨ ਦੀ ਫ਼ੌਜ ਕਾਫ਼ੀ ਤਿਆਰੀ ਨਾਲ ਆਈ ਹੈ ਅਤੇ ਉਨ੍ਹਾਂ ਨੇ ਗਲਵਾਨ ਵੈਲ਼ੀ ਦੇ ਕੁਝ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਚੀਨ ਲੱਦਾਖ਼ ਦੇ ਵੱਡੇ ਹਿੱਸੇ ਨੂੰ ਚੀਨ ਦਾ ਹਿੱਸਾ ਦੱਸ ਰਿਹਾ ਹੈ।
ਸਰਕਾਰੀ ਪੱਖ ਦੇ ਮਾਹਿਰ ਉੱਪਰ ਲਿਖੀਆਂ ਦਲੀਲਾਂ ਨਕਾਰਦੇ ਹੋਏ ਕਹਿੰਦੇ ਰਹੇ ਹਨ ਕਿ ਕੋਵਿਡ-19 ਦੇ ਅੰਦਰੂਨੀ ਸੰਕਟ ਕਾਰਨ ਚੀਨ ਰਾਸ਼ਟਰਵਾਦ ਦੀਆਂ ਭਾਵਨਾਵਾਂ ਨੂੰ ਉਭਾਰ ਕੇ ਆਪਣੇ ਲੋਕਾਂ ਦਾ ਧਿਆਨ ਅੰਦਰੂਨੀ ਮਾਮਲਿਆਂ ਤੋਂ ਹਟਾ ਕੇ ਸਰਹੱਦ ਦੇ ਮਾਮਲਿਆਂ ਵੱਲ ਕੇਂਦਰਿਤ ਕਰਨਾ ਚਾਹੁੰਦਾ ਹੈ। ਕੁਝ ਮਾਹਿਰਾਂ ਦੀ ਰਾਏ ਹੈ ਕਿ ਚੀਨ ਦੀ ਇਹ ਕਾਰਵਾਈ ਭਾਰਤ ਵੱਲੋਂ ਕੋਵਿਡ-19 ਦੇ ਫੈਲਾਉਣ ਵਿਚ ਚੀਨ ਦੀ ਭੂਮਿਕਾ ’ਤੇ ਵਿਚਾਰ ਕੀਤੇ ਜਾਣ ਦੀ ਪਹਿਲਕਦਮੀ ਕਾਰਨ ਕੀਤੀ ਗਈ ਹੈ। ਕੁਝ ਹੋਰ ਮਾਹਿਰਾਂ ਅਨੁਸਾਰ ਚੀਨ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਭਾਰਤ ਦੱਖਣੀ ਚੀਨੀ ਸਾਗਰ ਅਤੇ ਚੀਨ-ਵਿਰੋਧ ਦੇ ਮਾਮਲਿਆਂ ਤੋਂ ਆਪਣੇ ਆਪ ਨੂੰ ਪਰ੍ਹੇ ਰੱਖੇ। ਚੀਨ ਅਤੇ ਭਾਰਤ ਵਿਚਕਾਰ ਅਜਿਹੀਆਂ ਝੜਪਾਂ ਕਈ ਦਹਾਕਿਆਂ ਬਾਅਦ ਹੋਈਆਂ। ਪਿਛਲੇ ਕੁਝ ਸਾਲਾਂ ਵਿਚ ਭਾਰਤ ਅਤੇ ਚੀਨ ਦੇ ਆਪਸੀ ਸਬੰਧਾਂ ਵਿਚ ਕਈ ਉਤਰਾ-ਚੜ੍ਹਾਅ ਆਏ ਹਨ। ਕਈ ਵਾਰ ਚੀਨੀ ਆਗੂਆਂ ਦੇ ਭਾਰਤ ਆਉਣ ਅਤੇ ਭਾਰਤੀ ਆਗੂਆਂ ਦੇ ਚੀਨ ਜਾਣ ਨਾਲ ਏਦਾਂ ਮਹਿਸੂਸ ਹੋਇਆ ਹੈ ਕਿ ਇਹ ਸਬੰਧ ਬਹੁਤ ਸੰਘਣੇ ਅਤੇ ਇਕ-ਦੂਸਰੇ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਬਣ ਰਹੇ ਹਨ। ਗਲਵਾਨ ਵੈਲ਼ੀ ਵਿਚ ਹੋਈਆਂ ਘਟਨਾਵਾਂ ਦੱਸਦੀਆਂ ਹਨ ਕਿ ਜ਼ਮੀਨੀ ਪੱਧਰ ’ਤੇ ਹਾਲਾਤ ਵੱਖਰੇ ਹਨ। ਇਸ ਤੋਂ ਪਹਿਲਾਂ ਵੀ ਚੀਨ ਨੇ ਡੋਕਲਾਮ ਵਿਚ ਆਪਣਾ ਪ੍ਰਭਾਵ ਵਧਾਇਆ ਹੈ। ਚੀਨ ਦਾ ਸਾਹਮਣਾ ਕਰਨ ਲਈ ਭਾਰਤ ਨੂੰ ਦੂਰਅੰਦੇਸ਼ੀ ਵਾਲੀ ਦ੍ਰਿੜ੍ਹ ਨੀਤੀ ਤੋਂ ਕੰਮ ਲੈਣਾ ਪਵੇਗਾ। ਪਿਛਲੇ ਵਰ੍ਹਿਆਂ ਵਿਚ ਭਾਰਤ ਦੇ ਗਵਾਂਢੀ ਮੁਲਕਾਂ – ਪਾਕਿਸਤਾਨ, ਚੀਨ ਅਤੇ ਨੇਪਾਲ ਨਾਲ ਸਬੰਧਾਂ ਵਿਚ ਵੱਡਾ ਤਣਾਓ ਆਇਆ ਹੈ ਜਦੋਂਕਿ ਬੰਗਲਾਦੇਸ਼ ਵੀ ਭਾਰਤ ਉੱਤੇ ਹੈਂਕੜ ਭਰਿਆ ਰਵੱਈਆ ਰੱਖਣ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ। ਜੰਗ ਕਿਸੇ ਵੀ ਦੇਸ਼ ਦੇ ਲੋਕਾਂ ਲਈ ਫ਼ਾਇਦੇਮੰਦ ਨਹੀਂ ਅਤੇ ਦੋਵੇਂ ਦੇਸ਼ਾਂ ਦੇ ਆਗੂਆਂ ਨੂੰ ਇਸ ਨੂੰ ਸਫ਼ਾਰਤੀ ਅਤੇ ਕੂਟਨੀਤਕ ਗੱਲਬਾਤ ਰਾਹੀਂ ਨਜਿੱਠਣਾ ਚਾਹੀਦਾ ਹੈ।