ਸ਼ਨਿਚਰਵਾਰ ਭਾਰਤ ਵਿਚ ਇੰਟਰਨੈੱਟ ’ਤੇ 5ਜੀ ਸੇਵਾਵਾਂ ਦੇਣ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ। ਦੱਖਣੀ ਕੋਰੀਆ ਅਤੇ ਅਮਰੀਕਾ ਨੇ ਇਹ ਸੇਵਾਵਾਂ 2019 ਵਿਚ ਸ਼ੁਰੂ ਕੀਤੀਆਂ ਸਨ ਅਤੇ ਹੁਣ ਲਗਭਗ 70 ਦੇਸ਼ਾਂ ਵਿਚ ਇਹ ਸਹੂਲਤ ਹੈ। ਇਸ ਵੇਲੇ ਦੇਸ਼ ਵਿਚ ਮੁੱਖ ਤੌਰ ’ਤੇ 4ਜੀ ਤਕਨਾਲੋਜੀ ਵਰਤੀ ਜਾ ਰਹੀ ਹੈ। 5ਜੀ ਤਕਨਾਲੋਜੀ 4ਜੀ ਤੋਂ ਜ਼ਿਆਦਾ ਰਫ਼ਤਾਰ ’ਤੇ ਡੇਟਾ (Data) ਮੁਹੱਈਆ ਕਰਵਾਏਗੀ। 5ਜੀ ਤਕਨਾਲੋਜੀ ਦੇ ਫੈਲਾਅ ਬਾਰੇ ਵੱਖ ਵੱਖ ਦਾਅਵੇ ਕੀਤੇ ਜਾਂਦੇ ਹਨ ਪਰ ਚੀਨ, ਅਮਰੀਕਾ, ਦੱਖਣੀ ਕੋਰੀਆ, ਮਲੇਸ਼ੀਆ ਤੇ ਪੱਛਮੀ ਯੂਰੋਪ ਦੇ ਦੇਸ਼ ਇਸ ਖੇਤਰ ਵਿਚ ਮੋਹਰੀ ਹਨ। ਡਾਟਾ ਉਪਲੱਬਧ ਕਰਵਾਉਣ ਦੀ ਰਫ਼ਤਾਰ ਦੇ ਮਾਪਦੰਡ ’ਤੇ ਮਲੇਸ਼ੀਆ ਅਤੇ ਫੈਲਾਉ ਦੇ ਆਧਾਰ ’ਤੇ ਚੀਨ ਨੂੰ ਸਿਖਰਲੇ ਦੇਸ਼ ਮੰਨਿਆ ਗਿਆ ਹੈ। ਭਾਰਤ ਵਿਚ ਇਹ ਸੇਵਾਵਾਂ 13 ਸ਼ਹਿਰਾਂ ਅਹਿਮਦਾਬਾਦ, ਚੰਡੀਗੜ੍ਹ, ਦਿੱਲੀ, ਮੁੰਬਈ, ਬੰਗਲੌਰ, ਹੈਦਰਾਬਾਦ, ਚੇਨੱਈ, ਜਾਮਨਗਰ, ਗੰਗਾਨਗਰ, ਪੁਣੇ, ਗੁਰੂਗ੍ਰਾਮ, ਕੋਲਕਾਤਾ ਅਤੇ ਲਖਨਊ ਵਿਚ ਉਪਲਬਧ ਹੋਣਗੀਆਂ। ਇਸ ਤਕਨਾਲੋਜੀ ਨੂੰ ਪੂਰੇ ਦੇਸ਼ ਵਿਚ ਮੁਹੱਈਆ ਕਰਵਾਉਣ ਲਈ 3-4 ਸਾਲ ਦਾ ਸਮਾਂ ਲੱਗ ਸਕਦਾ ਹੈ। ਕੰਪਿਊਟਰ, ਇੰਟਰਨੈੱਟ, ਟੈਲੀਫ਼ੋਨ/ਮੋਬਾਈਲ ਫੋਨਾਂ ਰਾਹੀਂ ਸੰਚਾਰ ਅਤੇ ਗਿਆਨ ਦੇ ਫੈਲਾਉ ਦੇ ਖੇਤਰਾਂ ਵਿਚ ਪਿਛਲੇ ਚਾਰ ਦਹਾਕਿਆਂ ਵਿਚ ਹੈਰਾਨੀਜਨਕ ਤਬਦੀਲੀਆਂ ਆਈਆਂ ਹਨ। 2021 ਵਿਚ ਭਾਰਤ ਵਿਚ 102 ਕਰੋੜ ਤੋਂ ਜ਼ਿਆਦਾ ਲੋਕ ਮੋਬਾਈਲ ਫੋਨ ਵਰਤਦੇ ਸਨ ਜਿਨ੍ਹਾਂ ਵਿਚੋਂ ਲਗਭਗ 75 ਕਰੋੜ ਖ਼ਪਤਕਾਰਾਂ ਕੋਲ ਸਮਾਰਟ ਫੋਨ ਸਨ। ਹੁਣ ਇਹ ਗਿਣਤੀ ਹੋਰ ਵਧ ਗਈ ਹੈ ਅਤੇ ਇਕ ਅਨੁਮਾਨ ਅਨੁਸਾਰ 2026 ਤਕ ਭਾਰਤ ਵਿਚ ਸਮਾਰਟ ਫੋਨ ਵਰਤਣ ਵਾਲਿਆਂ ਦੀ ਗਿਣਤੀ 100 ਕਰੋੜ ਤੋਂ ਜ਼ਿਆਦਾ ਹੋ ਜਾਵੇਗੀ। ਇਸ ਤਰ੍ਹਾਂ ਇਸ ਸਨਅਤ ਨੂੰ ਇਨ੍ਹਾਂ ਸਮਿਆਂ ਦੀ ਸਭ ਤੋਂ ਵੱਡੀ ਸਨਅਤ ਕਿਹਾ ਜਾ ਸਕਦਾ ਹੈ; ਇਹ ਕੰਪਿਊਟਰ ਸਨਅਤ ਨਾਲ ਜੁੜੀ ਹੋਈ ਹੈ।
ਇਨ੍ਹਾਂ ਤਬਦੀਲੀਆਂ ਕਾਰਨ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਵਿਚ ਸਹੂਲਤਾਂ ਮਿਲੀਆਂ ਹਨ। ਸਰਕਾਰੀ ਸਰੋਤਾਂ ਅਨੁਸਾਰ ਭਾਰਤ ਵਿਚ ਹਰ ਖ਼ਪਤਕਾਰ ਔਸਤਨ 14 ਜੀਬੀ ਡੇਟਾ ਹਰ ਮਹੀਨੇ ਵਰਤਦਾ ਹੈ ਜਿਸ ਲਈ ਉਸ ਨੂੰ ਲਗਭਗ 150 ਰੁਪਏ ਦੇਣੇ ਪੈਂਦੇ ਹਨ; ਕੁਝ ਸਮਾਂ ਪਹਿਲਾਂ ਡੇਟਾ ਬਹੁਤ ਮਹਿੰਗਾ ਸੀ ਅਤੇ ਇਕ ਜੀਬੀ ਡੇਟਾ ਦੀ ਕੀਮਤ 300 ਰੁਪਏ ਸੀ ਜੋ ਹੁਣ ਲਗਭਗ 10 ਰੁਪਏ ਹੈ। ਮਾਰਚ 2022 ਵਿਚ ਕੇਂਦਰੀ ਸੰਚਾਰ ਮੰਤਰੀ ਨੇ ਲੋਕ ਸਭਾ ਵਿਚ ਇਹ ਜਾਣਕਾਰੀ ਦਿੱਤੀ ਸੀ ਕਿ ਭਾਰਤ ਦੇ ਇੰਜਨੀਅਰਾਂ ਨੇ ਆਪਣਾ 4ਜੀ ਨੈੱਟਵਰਕ ਬਣਾ ਲਿਆ ਹੈ ਅਤੇ 5ਜੀ ਸੇਵਾਵਾਂ ਸਾਲ ਦੇ ਅੰਤ ਤਕ ਸ਼ੁਰੂ ਕੀਤੀਆਂ ਜਾਣਗੀਆਂ; 4ਜੀ ਨੈੱਟਵਰਕ ਬਣਾਉਣ ਵਿਚ ਜਨਤਕ ਖੇਤਰ ਦੇ ਅਦਾਰੇ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ਨੇ ਵੱਡੀ ਭੂਮਿਕਾ ਨਿਭਾਈ ਹੈ। 5ਜੀ ਸਹੂਲਤਾਂ ਸਿਰਫ਼ ਨਿੱਜੀ ਖੇਤਰ ਦੇ ਅਦਾਰਿਆਂ ਦੁਆਰਾ ਹੀ ਮੁਹੱਈਆ ਕਰਾਈਆਂ ਜਾਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਕੰਪਨੀਆਂ ਦੇ ਖ਼ਪਤਕਾਰ ਆਪਣੇ 4ਜੀ ਸਿਮਾਂ ’ਤੇ 5ਜੀ ਸਹੂਲਤ ਪ੍ਰਾਪਤ ਕਰ ਸਕਣਗੇ ਜਦੋਂਕਿ ਕੁਝ ਕੰਪਨੀਆਂ ਦੇ ਖ਼ਪਤਕਾਰਾਂ ਨੂੰ ਸਿਮ ਬਦਲਣੇ ਪੈਣਗੇ। 5ਜੀ ਸਹੂਲਤਾਂ ਦੇ ਉਦਘਾਟਨੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ 2014 ਵਿਚ ਭਾਰਤ ਮੋਬਾਈਲ ਫੋਨਾਂ ਦੀ ਦਰਾਮਦ ਕਰਦਾ ਸੀ ਜਦੋਂਕਿ ਹੁਣ ਹਜ਼ਾਰਾਂ ਕਰੋੜ ਰੁਪਏ ਦੇ ਫੋਨ ਬਰਾਮਦ ਕੀਤੇ ਜਾਂਦੇ ਹਨ।
ਹਰ ਦੇਸ਼ ਨੂੰ ਇਨ੍ਹਾਂ ਤਬਦੀਲੀਆਂ ਦਾ ਹਿੱਸਾ ਬਣਨਾ ਪੈਣਾ ਹੈ ਪਰ ਇਹ ਵਿਚਾਰ ਕਰਨਾ ਜ਼ਰੂਰੀ ਹੈ ਕਿ ਕੀ ਇਹ ਤਬਦੀਲੀਆਂ ਮਨੁੱਖੀ ਜ਼ਿੰਦਗੀ ਦੇ ਮਿਆਰ ਨੂੰ ਉੱਚਾ ਚੁੱਕ ਰਹੀਆਂ ਹਨ ਜਾਂ ਉਸ ਦਾ ਜਿਊਣਾ ਮੁਸ਼ਕਿਲ ਕਰ ਰਹੀਆਂ ਹਨ। ਤੇਜ਼ ਰਫ਼ਤਾਰ ’ਤੇ ਜਾਣਕਾਰੀ ਪ੍ਰਾਪਤ ਕਰਨਾ ਇਕ ਸਹੂਲਤ ਹੈ ਪਰ ਇਹ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਉਹ ਜਾਣਕਾਰੀ ਸਹੀ ਹੈ ਜਾਂ ਗ਼ਲਤ। ਇਨ੍ਹਾਂ ਤਬਦੀਲੀਆਂ ਦੇ ਬੈਂਕਾਂ, ਹਵਾਈ ਜਹਾਜ਼ਾਂ ਦੀਆਂ ਉਡਾਣਾਂ, ਮੌਸਮ ਬਾਰੇ ਜਾਣਕਾਰੀ ਅਤੇ ਕਈ ਹੋਰ ਖੇਤਰਾਂ ’ਤੇ ਵੱਡੇ ਪ੍ਰਭਾਵ ਪੈਣਗੇ। ਤਕਨਾਲੋਜੀ ਕੁਝ ਕਾਰਪੋਰੇਟ ਅਦਾਰਿਆਂ ਤਕ ਸੀਮਤ ਹੋਣ ਨਾਲ ਇਜਾਰੇਦਾਰੀ ਵੀ ਵਧੇਗੀ ਅਤੇ ਆਰਥਿਕ ਨਾਬਰਾਬਰੀ ਵੀ। ਸ਼ਹਿਰੀਕਰਨ ਹੋਰ ਤੇਜ਼ੀ ਨਾਲ ਹੋਵੇਗਾ ਅਤੇ ਸਹੂਲਤਾਂ ਵੀ ਪ੍ਰਮੁੱਖ ਤੌਰ ’ਤੇ ਸ਼ਹਿਰੀ ਖੇਤਰਾਂ ਵਿਚ ਹੀ ਮਿਲਣਗੀਆਂ। ਇਹ ਸਭ ਕੁਝ ਮਨੁੱਖਤਾ ਦੇ ਭਵਿੱਖ ਦਾ ਹਿੱਸਾ ਹੈ ਅਤੇ ਸਮਾਜਿਕ ਬਰਾਬਰੀ ਲਿਆਉਣ ਵਾਲੀਆਂ ਤਾਕਤਾਂ ਅਤੇ ਦੌਲਤ ਕੁਝ ਹੱਥਾਂ ਵਿਚ ਕੇਂਦਰਿਤ ਕਰਨ ਵਾਲੀਆਂ ਸ਼ਕਤੀਆਂ ਵਿਚਕਾਰ ਟੱਕਰ ਤੇ ਘੋਲ ਵੀ ਤਿੱਖੇ ਹੋਣਗੇ। ਮਨੁੱਖ ਨੂੰ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਵੀ ਪੈਣਾ ਹੈ ਅਤੇ ਇਸ ਦੀ ਵਰਤੋਂ ਸਕਾਰਾਤਮਕ ਢੰਗ ਨਾਲ ਕਰਨ ਲਈ ਸੰਘਰਸ਼ ਵੀ ਕਰਨੇ ਪੈਣੇ ਹਨ।