ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦਾ ਆਰਮੀ ਪਬਿਲਕ ਸਕੂਲਾਂ ਵਿਚ ਖੇਤਰੀ ਭਾਸ਼ਾਵਾਂ ਨਾ ਪੜ੍ਹਾਉਣ ਦਾ ਫ਼ੈਸਲਾ ਲੋਕਾਂ ਦੇ ਦਿਲਾਂ ਨੂੰ ਦੁੱਖ ਪਹੁੰਚਾਉਣ ਵਾਲਾ ਹੈ। ਲੋਕ ਸੈਨਾ, ਸੈਨਿਕਾਂ ਅਤੇ ਉਸ ਨਾਲ ਜੁੜੇ ਵਿੱਦਿਅਕ ਅਦਾਰਿਆਂ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਨਾਲ ਜੁੜੇ ਵਿੱਦਿਅਕ ਅਦਾਰਿਆਂ ਦੀ ਉਨ੍ਹਾਂ ਦੇ ਦਿਲਾਂ ਵਿਚ ਥਾਂ ਬਹੁਤ ਖ਼ਾਸ ਹੈ। ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਹੈ ਕਿ, ‘‘ਖੇਤਰੀ ਭਾਸ਼ਾਵਾਂ ਪੜ੍ਹਾਉਣਾ ਅਮਲੀ ਰੂਪ ਵਿਚ ਸੰਭਵ ਨਹੀਂ ਹੈ ਅਤੇ ਸਿਸਟਮ ਨੂੰ ਮਿਆਰੀ ਬਣਾਉਣ ਲਈ ਇਨ੍ਹਾਂ ਸਕੂਲਾਂ ਵਿਚ ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਤੋਂ ਬਿਨਾਂ ਕੋਈ ਹੋਰ ਭਾਸ਼ਾ ਨਹੀਂ ਪੜ੍ਹਾਈ ਜਾਵੇਗੀ।’’ 4 ਜਨਵਰੀ ਦੀ ‘ਦਿ ਟ੍ਰਿਬਿਊਨ’ ਵਿਚ ਛਪੀ ਖ਼ਬਰ ਅਨੁਸਾਰ ਸੁਸਾਇਟੀ ਦੇ ਵਧੀਕ ਡਾਇਰੈਕਟਰ (ਅਕਾਦਮਿਕਸ) ਡਾ. ਆਰਐੱਸ ਪੰਵਾਰ ਨੇ ਕਿਹਾ, ‘‘ਇਹ ਨਹੀਂ ਕਿ ਵਿਦਿਆਰਥੀਆਂ ਨੂੰ ਖੇਤਰੀ ਭਾਸ਼ਾ ਲੈਣ ਨਹੀਂ ਦਿੱਤੀ ਜਾਵੇਗੀ। ਸਮੱਸਿਆ ਵਸੀਲਿਆਂ ਦੀ ਹੈ। ਵਿਦਿਆਰਥੀ ਨੂੰ ਖੇਤਰੀ ਭਾਸ਼ਾ ਪੜ੍ਹਨ ਦੀ ਆਜ਼ਾਦੀ ਹੈ ਪਰ ਸਾਡੇ ਕੋਲ ਉਸ (ਭਾਸ਼ਾ ਨੂੰ ਪੜ੍ਹਾਉਣ) ਵਾਸਤੇ ਅਧਿਆਪਕ ਨਹੀਂ ਹੋਵੇਗਾ। ਅਸੀਂ ਆਪਣੇ ਸਕੂਲਾਂ ਵਿਚ ਭਾਸ਼ਾਵਾਂ ਦਾ ਇਕ ਸਾਂਝਾ ਸੈਟ ਮੁਹੱਈਆ ਕਰਾਵਾਂਗੇ।’’ ਆਰਮੀ ਵੈਲਫੇਅਰ ਐਜੂਕੇਸ਼ਨਲ ਸੁਸਾਇਟੀ ਨੇ 8 ਦਸੰਬਰ 2021 ਨੂੰ ਜਾਰੀ ਕੀਤੇ ਇਕ ਪੱਤਰ ਵਿਚ ਸਾਰੇ ਆਰਮੀ ਸਕੂਲਾਂ ਨੂੰ ਇਹ ਆਦੇਸ਼ ਦਿੱਤਾ ਹੈ।
1980 ਤੋਂ ਪਹਿਲਾਂ ਦੇਸ਼ ਵਿਚ ਵੱਖ ਵੱਖ ਰੈਜਮੈਂਟਾਂ ਵਿਚ ਕੁਝ ਸਕੂਲ ਚਲਾਏ ਜਾਂਦੇ ਸਨ। 1980 ਵਿਚ ਸੈਨਾ ਨੇ ਕੌਮੀ ਪੱਧਰ ਦੀ ਇਕ ਸੰਸਥਾ ਬਣਾਉਣ ਅਤੇ ਪਹਿਲਾਂ ਚੱਲ ਰਹੇ ਰੈਜਮੈਂਟਲ ਅਤੇ ਹਾਈ ਸਕੂਲਾਂ ਨੂੰ ਇਸ ਸੰਸਥਾ ਦੇ ਕੰਟਰੋਲ ਹੇਠਾਂ ਲਿਆਉਣ ਦਾ ਫ਼ੈਸਲਾ ਕੀਤਾ। ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ 1983 ਵਿਚ ਰਜਿਸਟਰ ਕਰਾਈ ਗਈ ਅਤੇ ਇਸ ਦੇ ਕੰਟਰੋਲ ਹੇਠਲੇ ਸਕੂਲਾਂ ਨੂੰ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨਾਲ ਰਜਿਸਟਰਡ ਕਰਵਾਉਣ ਨੂੰ ਲਾਜ਼ਮੀ ਬਣਾਇਆ ਗਿਆ। ਸੁਸਾਇਟੀ ਦੀ ਵੈਬਸਾਈਟ ਅਨੁਸਾਰ ਇਸ ਸਮੇਂ 137 ਆਰਮੀ ਪਬਲਿਕ ਸਕੂਲ ਹਨ ਜਿਹੜੇ ਸੀਬੀਐੱਸਈ ਨਾਲ ਸਬੰਧਿਤ ਹਨ ਅਤੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਦੇ ਸਿਲੇਬਸ ਅਨੁਸਾਰ ਪੜ੍ਹਾਈ ਕਰਾਉਂਦੇ ਹਨ। ਪੰਜਾਬ ਦੇ ਲਗਭਗ ਹਰ ਪ੍ਰਮੁੱਖ ਸ਼ਹਿਰ ਵਿਚ ਆਰਮੀ ਪਬਿਲਕ ਸਕੂਲ ਹੈ। ਗ਼ੌਰਤਲਬ ਹੈ ਕਿ ਸੀਬੀਐੱਸਈ ਅਤੇ ਐੱਨਸੀਈਆਰਟੀ ਤਹਿਤ ਖੇਤਰੀ ਭਾਸ਼ਾਵਾਂ ਵਿਚ ਪੜ੍ਹਾਈ ਕਰਾਈ ਜਾਂਦੀ ਹੈ।
ਆਰਮੀ ਪਬਲਿਕ ਸਕੂਲਾਂ ਵਿਚ 2.3 ਲੱਖ ਤੋਂ ਜ਼ਿਆਦਾ ਵਿਦਿਆਰਥੀ ਹਨ ਅਤੇ ਹਰ ਸਾਲ ਸਕੂਲਾਂ ਵਿਚ ਲਗਭਗ 5,000 ਵਿਦਿਆਰਥੀ ਵਧ ਜਾਂਦੇ ਹਨ। ਥਲ ਸੈਨਾ ਵਿਚ ਦੇਸ਼ ਦੇ ਸਭ ਸੂਬਿਆਂ ਤੋਂ ਸੈਨਿਕਾਂ ਦੀ ਭਰਤੀ ਕੀਤੀ ਜਾਂਦੀ ਹੈ। ਸੈਨਾ ਵਿਚ ਖੇਤਰੀ ਅਤੇ ਜਾਤ ਆਧਾਰਿਤ ਰੈਜਮੈਂਟਾਂ ਜਿਵੇਂ ਜਾਟ ਰੈਜਮੈਂਟ, ਸਿੱਖ ਰੈਜਮੈਂਟ, ਸਿੱਖ ਲਾਈਟ ਇਨਫੈਂਟਰੀ, ਮਹਾਰ ਰੈਜਮੈਂਟ, ਰਾਜਪੂਤ ਰੈਜਮੈਂਟ, ਮਦਰਾਸ ਰੈਜਮੈਂਟ, ਅਸਾਮ ਰੈਜਮੈਂਟ, ਕੁਮਾਊਂ ਰੈਜਮੈਂਟ, ਡੋਗਰਾ ਰੈਜਮੈਂਟ ਆਦਿ ਮੌਜੂਦ ਹਨ। ਆਰਮੀ ਸਕੂਲਾਂ ਵਿਚ ਵੱਖ ਵੱਖ ਸੂਬਿਆਂ ਤੇ ਖੇਤਰਾਂ ਦੇ ਵਿਦਿਆਰਥੀ ਪੜ੍ਹਦੇ ਹਨ। ਖੇਤਰੀ ਭਾਸ਼ਾਵਾਂ ਦਾ ਆਪਣਾ ਮਹੱਤਵ ਹੈ; ਉਹ ਵਿਦਿਆਰਥੀਆਂ ਦੀਆਂ ਮਾਂ-ਬੋਲੀਆਂ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਪੜ੍ਹਨ ਤੋਂ ਵਿਰਵੇ ਰੱਖਣਾ ਉਨ੍ਹਾਂ ਨੂੰ ਸੱਭਿਆਚਾਰਕ ਅਤੇ ਰੂਹਾਨੀ ਪੱਖਾਂ ਤੋਂ ਲਿੱਸਿਆਂ ਕਰਨਾ ਹੈ। ਆਰਮੀ ਸਕੂਲਾਂ ਨੇ ਵਧੀਆ ਵਿਦਿਆਰਥੀ ਪੈਦਾ ਕਰਕੇ ਨਾਮਣਾ ਖੱਟਿਆ ਹੈ। ਵਿਦਿਆਰਥੀਆਂ ਦੇ ਵਿਕਾਸ ਲਈ ਉਨ੍ਹਾਂ ਲਈ ਮਾਂ-ਬੋਲੀ ਪੜ੍ਹਨੀ ਜ਼ਰੂਰੀ ਹੈ। ਸਾਡੇ ਸਮਾਜਾਂ ਵਿਚ ਮਾਂ-ਬੋਲੀਆਂ ਨੂੰ ਵਿਸਾਰਿਆ ਜਾ ਰਿਹਾ ਹੈ। ਅਜਿਹਾ ਰੁਝਾਨ ਕੁਲੀਨਵਾਦੀ ਰੁਚੀਆਂ ਕਾਰਨ ਪੈਦਾ ਹੋਇਆ ਹੈ। ਸੁਸਾਇਟੀ ਨੇ ਵਸੀਲਿਆਂ ਦੀ ਘਾਟ ਦੀ ਦਲੀਲ ਦਿੱਤੀ ਹੈ। ਕੇਂਦਰ ਸਰਕਾਰ ਨੂੰ ਸੁਸਾਇਟੀ ਦੀ ਮਾਲੀ ਮਦਦ ਕਰਕੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ, ਜਿਹੜੀਆਂ ਉਨ੍ਹਾਂ ਦੀਆਂ ਮਾਂ-ਬੋਲੀਆਂ ਹਨ, ਦੀ ਪੜ੍ਹਾਈ ਤੋਂ ਵਾਂਝਿਆ ਨਾ ਰੱਖਿਆ ਜਾਵੇ। ਇਨ੍ਹਾਂ ਸਕੂਲਾਂ ਵਿਚੋਂ ਵਿਦਿਆਰਥੀ ਸੈਨਾ ਵਿਚ ਅਧਿਕਾਰੀ ਵੀ ਬਣਦੇ ਹਨ। ਸੈਨਾ ਦੇ ਅਧਿਕਾਰੀਆਂ ਨੂੰ ਰੈਜਮੈਂਟਾਂ ਦੀਆਂ ਬੋਲੀਆਂ ਵਿਚ ਗੱਲਬਾਤ ਕਰਨ ਲਈ ਉਨ੍ਹਾਂ ਵਿਚ ਮੁਹਾਰਤ ਹਾਸਲ ਕਰਨੀ ਪੈਂਦੀ ਹੈ। ਸਥਾਨਕ ਭਾਸ਼ਾਵਾਂ ਨੂੰ ਪੜ੍ਹਾਉਣਾ ਦੇਸ਼ ਅਤੇ ਵਿਦਿਆਰਥੀਆਂ ਦੇ ਹਿੱਤਾਂ ਵਿਚ ਹੈ। ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਮਾਂ-ਬੋਲੀਆਂ ਪੜ੍ਹਾਉਣ ਵੱਲ ਪਰਤਣਾ ਚਾਹੀਦਾ ਹੈ।