ਦੱਸਿਆ ਜਾ ਰਿਹਾ ਹੈ ਕਿ ਦੇਸ਼ ਅਤੇ ਖ਼ਾਸ ਕਰ ਕੇ ਪੰਜਾਬ ਵਿਚ ਕੋਵਿਡ-19 ਦੀ ਮਹਾਮਾਰੀ ਇੰਗਲੈਂਡ ਦੇ ਨਿਵਾਸੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਕਿਸਮ (ਜਿਸ ਨੂੰ B.1.1.7 ਕਿਸਮ ਕਿਹਾ ਗਿਆ ਹੈ) ਕਾਰਨ ਤੇਜ਼ੀ ਨਾਲ ਫੈਲ ਰਹੀ ਹੈ। ਪੰਜਾਬ ਵਿਚ ਲਏ ਗਏ ਨਮੂਨਿਆਂ ’ਚੋਂ 81 ਫ਼ੀਸਦੀ ਵਿਚ ਇੰਗਲੈਂਡ ਵਾਲੀ ਕਿਸਮ ਪਾਈ ਗਈ ਹੈ। ਵੱਖ ਵੱਖ ਰਿਪੋਰਟਾਂ ਅਨੁਸਾਰ ਇਸ ਕਿਸਮ ਦਾ ਵਾਇਰਸ ਪਹਿਲਾਂ ਵਾਲੀ ਕਿਸਮ ਤੋਂ 40 ਤੋਂ 70 ਫ਼ੀਸਦੀ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਇਹ ਪਹਿਲਾਂ ਵਾਲੇ ਵਾਇਰਸ ਤੋਂ ਜ਼ਿਆਦਾ ਘਾਤਕ ਹੈ ਜਾਂ ਨਹੀਂ, ਇਸ ਬਾਰੇ ਮਾਹਿਰਾਂ ਦੀ ਰਾਏ ਵੱਖਰੀ ਵੱਖਰੀ ਹੈ। ਵੱਖ ਵੱਖ ਸਰਵੇਖਣਾਂ ਅਨੁਸਾਰ ਇੰਗਲੈਂਡ ਵਾਲੀ ਕਿਸਮ ਪਹਿਲਾਂ ਵਾਲੀਆਂ ਕਿਸਮਾਂ ਤੋਂ 32 ਫ਼ੀਸਦੀ ਤੋਂ 104 ਫ਼ੀਸਦੀ ਜ਼ਿਆਦਾ ਘਾਤਕ ਹੈ। ਕੁਝ ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦੀ ਇਸ ਕਿਸਮ ਕਾਰਨ ਜ਼ਿਆਦਾ ਮੌਤਾਂ ਇਸ ਦੇ ਵੱਡੀ ਪੱਧਰ ’ਤੇ ਫੈਲਣ ਕਾਰਨ ਹੋ ਰਹੀਆਂ ਹਨ ਨਾ ਕਿ ਇਸ ਕਿਸਮ ਦੇ ਜ਼ਿਆਦਾ ਘਾਤਕ ਹੋਣ ਕਾਰਨ। ਕੁਝ ਸਿਹਤ ਵਿਗਿਆਨੀਆਂ ਦਾ ਤਰਕ ਹੈ ਕਿ ਵਾਇਰਸ ਦੀਆਂ ਜਿਹੜੀਆਂ ਕਿਸਮਾਂ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ, ਉਹ ਘੱਟ ਘਾਤਕ ਹੁੰਦੀਆਂ ਹਨ। ਕੁਝ ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਤਕ ਹੋਏ ਸਰਵੇਖਣ ਬਹੁਤ ਸੀਮਤ ਹਨ ਅਤੇ ਇਸ ਲਈ ਕੋਈ ਨਿਸ਼ਚਿਤ ਰਾਏ ਦੇਣੀ ਮੁਸ਼ਕਿਲ ਹੈ। ਕਈ ਮਾਹਿਰਾਂ ਅਨੁਸਾਰ ਵਾਇਰਸ ਦੀਆਂ ਨਵੀਆਂ ਕਿਸਮਾਂ ਬਣਨੀਆਂ ਕੁਦਰਤੀ ਹਨ।
ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਅਪਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੇ ਟੀਕੇ ਲਗਾਏ ਜਾਣਗੇ। ਦੇਸ਼ ਵਿਚ ਲਗਭੱਗ 5 ਕਰੋੜ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ। ਮਾਹਿਰਾਂ ਅਨੁਸਾਰ ਇਹ ਵੈਕਸੀਨਾਂ ਵਾਇਰਸ ਨੂੰ ਰੋਕਣ ਵਿਚ 60 ਤੋਂ 80 ਫ਼ੀਸਦੀ ਤਕ ਸਫ਼ਲ ਹੁੰਦੀਆਂ ਹਨ ਜਿਸ ਦਾ ਮਤਲਬ ਇਹ ਹੈ ਕਿ ਟੀਕਾ ਲਗਾ ਚੁੱਕੇ 20 ਤੋਂ 40 ਫ਼ੀਸਦੀ ਲੋਕਾਂ ਨੂੰ ਵੈਕਸੀਨ ਲਗਵਾਉਣ ਦੇ ਬਾਵਜੂਦ ਬਿਮਾਰੀ ਹੋ ਸਕਦੀ ਹੈ। ਵਿਗਿਆਨੀਆਂ ਦੀ ਸਲਾਹ ਹੈ ਕਿ ਲੋਕਾਂ ਨੂੰ ਟੀਕਾ ਲਗਵਾ ਲੈਣਾ ਚਾਹੀਦਾ ਹੈ ਕਿਉਂਕਿ ਜੇ ਟੀਕਾ ਲਗਾਉਣ ਤੋਂ ਬਾਅਦ ਵੀ ਕੋਈ ਬੰਦਾ ਇਸ ਬਿਮਾਰੀ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਵਾਇਰਸ ਦਾ ਪ੍ਰਭਾਵ ਅਤੇ ਘਾਤਕਤਾ ਬਹੁਤ ਘੱਟ ਹੋਣਗੇ। ਨਵੇਂ ਸਰਵੇਖਣਾਂ ਦੇ ਆਧਾਰ ’ਤੇ ਹੀ ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ ਵੈਕਸੀਨ ਨੂੰ ਦੂਸਰੀ ਵਾਰ 6 ਤੋਂ 8 ਹਫ਼ਤਿਆਂ ਬਾਅਦ ਲਗਵਾਉਣਾ ਚਾਹੀਦਾ ਹੈ ਜਦੋਂਕਿ ਪਹਿਲਾਂ ਦੂਸਰਾ ਟੀਕਾ 4 ਤੋਂ 6 ਹਫ਼ਤਿਆਂ ਬਾਅਦ ਲਗਾਇਆ ਜਾ ਰਿਹਾ ਸੀ।
ਵੈਕਸੀਨ ਲਗਾਉਣ ਦੀ ਸਲਾਹ ਦੇਣ ਦੇ ਨਾਲ ਨਾਲ ਸਿਹਤ ਵਿਗਿਆਨੀ ਅਤੇ ਡਾਕਟਰ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦੇ ਰਹੇ ਹਨ ਜਿਨ੍ਹਾਂ ਵਿਚ ਮਾਸਕ ਪਹਿਨਣ, ਸਰੀਰਕ ਦੂਰੀ ਕਾਇਮ ਰੱਖਣ, ਹੱਥ ਧੋਣ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਵਿਗਿਆਨੀਆਂ ਅਨੁਸਾਰ ਮਾਸਕ ਨੂੰ ਸਹੀ ਤਰੀਕੇ ਨਾਲ ਪਹਿਨਣਾ ਸਭ ਤੋਂ ਵੱਡੀ ਜ਼ਰੂਰਤ ਹੈ। ਸਮਾਜ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਸਾਵਧਾਨੀਆਂ ਵਰਤਣ ਅਤੇ ਮਿਲਣ-ਮਿਲਾਉਣ ’ਤੇ ਲੱਗੀਆਂ ਪਾਬੰਦੀਆਂ ਕਾਰਨ ਲੋਕ ਇਕ ਖ਼ਾਸ ਤਰੀਕੇ ਦਾ ਤਣਾਉ ਅਤੇ ਥਕਾਣ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਹ ਸਾਵਧਾਨੀਆਂ ਵਰਤਣਾ ਬੰਦ ਕਰ ਦਿੰਦੇ ਹਨ। ਮਨੁੱਖ ਅਜ਼ਲਾਂ ਤੋਂ ਬਿਮਾਰੀਆਂ ਫੈਲਾਉਣ ਵਾਲੇ ਵਾਇਰਸ, ਬੈਕਟੀਰੀਆ ਅਤੇ ਹੋਰ ਕੀਟਾਣੂਆਂ ਦਾ ਸਾਹਮਣਾ ਕਰਦਾ ਆਇਆ ਹੈ। ਉਸ ਵਿਚ ਅਜਿਹੀਆਂ ਮਹਾਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ। ਸਿਹਤ ਵਿਗਿਆਨੀ ਅਤੇ ਡਾਕਟਰਾਂ ਸਾਹਮਣੇ ਚੁਣੌਤੀ ਇਹ ਹੈ ਕਿ ਜਾਨੀ ਨੁਕਸਾਨ ਘੱਟੋ ਘੱਟ ਹੋਵੇ ਅਤੇ ਮਹਾਮਾਰੀ ਦਾ ਫੈਲਾਉ ਰੁਕੇ। ਇਸ ਲਈ ਸਰਕਾਰਾਂ ਨੂੰ ਵੱਡੀ ਪੱਧਰ ’ਤੇ ਯਤਨ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਯਤਨਾਂ ਵਿਚ ਸਮਾਜਿਕ, ਧਾਰਮਿਕ, ਸਿਆਸੀ ਅਤੇ ਜਨਤਕ ਸੰਸਥਾਵਾਂ ਦਾ ਸਹਿਯੋਗ ਲੈਣ ਦੇ ਨਾਲ ਨਾਲ ਲੋਕਾਂ ਨੂੰ ਵਿਸ਼ਵਾਸ ਵਿਚ ਲੈਣ ਅਤੇ ਪਾਰਦਰਸ਼ਤਾ ਨਾਲ ਜਾਣਕਾਰੀ ਦੇਣ ਦੀ ਵੱਡੀ ਭੂਮਿਕਾ ਹੋਵੇਗੀ।