ਕਰੋਨਾਵਾਇਰਸ ਦੀ ਮਹਾਮਾਰੀ ਵਿਰੁੱਧ ਲੜਦਿਆਂ ਦੇਸ਼ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਨਰਸਾਂ ਅਤੇ ਸਿਹਤ ਖੇਤਰ ਦੇ ਹੋਰ ਕਾਮਿਆਂ ਨੇ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਇਹ ਲੜਾਈ ਲੜੀ ਹੈ। ਦੇਸ਼ ਦੇ ਹਰ ਵਰਗ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੀ ਹਵਾਈ ਫ਼ੌਜ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਨ ਲਈ ਕੁਝ ਹਸਪਤਾਲਾਂ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ। ਇਸ ਸਭ ਕੁਝ ਦੇ ਨਾਲ ਨਾਲ ਕੁਝ ਖ਼ਬਰਾਂ ਬੇਚੈਨ ਕਰਨ ਵਾਲੀਆਂ ਹਨ। 31 ਮਈ ਨੂੰ ਪੰਜਾਬ ਵਿਚ ਇਕ ਪਰਵਾਸੀ ਮਜ਼ਦੂਰ ਦੀ ਗਰਭਵਤੀ ਪਤਨੀ ਦੀ ਇਸ ਲਈ ਮੌਤ ਹੋ ਗਈ ਕਿਉਂਕਿ ਇਕ ਹਸਪਤਾਲ ਨੇ ਉਨ੍ਹਾਂ ਨੂੰ ਦੂਸਰੇ ਹਸਪਤਾਲ ਅਤੇ ਦੂਸਰੇ ਨੇ ਅਗਲੇ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ। ਉਹ ਗੰਭੀਰ ਹਾਲਤ ਵਿਚ ਇਕ ਨਿੱਜੀ ਖੇਤਰ ਦੇ ਹਸਪਤਾਲ ਵਿਚ ਵੀ ਪਹੁੰਚਾਈ ਗਈ ਪਰ ਪਰਿਵਾਰ ਉਸ ਹਸਪਤਾਲ ਦਾ ਖ਼ਰਚਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਇਹ ਪਰਵਾਸੀ ਪਰਿਵਾਰ ਜਲੰਧਰ ਦਾ ਰਹਿਣ ਵਾਲਾ ਸੀ ਅਤੇ 31 ਮਈ ਨੂੰ ਮਰੀਜ਼ ਨੂੰ ਵਾਪਸ ਸਿਵਲ ਹਸਪਤਾਲ ਜਲੰਧਰ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕੁਝ ਦਿਨ ਪਹਿਲਾਂ ਹਰਿਆਣੇ ਦੇ ਚਰਖੀ ਦਾਦਰੀ ਵਿਚ ਇਕ ਹਸਪਤਾਲ ਇਕਾਂਤਵਾਸ ਵਾਰਡ ਦੇ ਬਾਥਰੂਮ ਵਿਚ ਇਕ ਮਰੀਜ਼ ਮਰਿਆ ਪਾਇਆ ਗਿਆ। ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਇਕ ਗਰਭਵਤੀ ਔਰਤ ਨੂੰ 8 ਹਸਪਤਾਲਾਂ ਤੋਂ ਵਾਪਸ ਮੋੜ ਦਿੱਤਾ ਗਿਆ ਅਤੇ ਉਸ ਦੀ ਮੌਤ ਇਕ ਟੈਂਪੂ ਵਿਚ ਹੋਈ। ਉਸ ਨੂੰ ਆਕਸੀਜਨ ਦੀ ਜ਼ਰੂਰਤ ਸੀ ਤੇ ਉਹ ਵੀ ਮੁਹੱਈਆ ਨਾ ਕਰਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੌਤ ਬਾਰੇ ਜਾਂਚ ਦੇ ਆਦੇਸ਼ ਦਿੱਤੇ ਹਨ। ਕੁਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਵਿਚ ਛਪੀ ਇਕ ਖ਼ਬਰ ਅਨੁਸਾਰ ਇਕ ਮ੍ਰਿਤਕ ਦੇ ਵਾਰਿਸਾਂ ਨੇ ਦੋਸ਼ ਲਾਇਆ ਸੀ ਕਿ ਦਿਲ ਦੇ ਮਰੀਜ਼ ਉਨ੍ਹਾਂ ਦੇ ਪਿਤਾ ਨੂੰ ਚੰਡੀਗੜ੍ਹ ਦੇ ਇਕ ਮਸ਼ਹੂਰ ਸਿਹਤ ਅਦਾਰੇ ਵਿਚ ਲਿਆਂਦਾ ਗਿਆ। ਇਸ ਮਰੀਜ਼ ਨੂੰ ਦਿਲ ਦੀ ਬਿਮਾਰੀ ਸੀ ਅਤੇ ਹਸਪਤਾਲ ਵਿਚ ਲਿਆਉਣ ’ਤੇ ਉਸ ਦਾ ਕੋਵਿਡ-19 ਟੈਸਟ ਕਰਾਉਣ ਲਈ ਭੇਜਿਆ ਗਿਆ। ਵਾਰਿਸਾਂ ਅਨੁਸਾਰ ਕੋਵਿਡ-19 ਦੇ ਟੈਸਟ ਦੀ ਰਿਪੋਰਟ ਆਉਣ ਤੋਂ ਪਹਿਲਾਂ ਮਰੀਜ਼ ਦੇ ਦਿਲ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਕੀਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਾਰਿਸਾਂ ਨੇ ਇਸ ਬਾਰੇ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਹੋਰ ਸੂਬਿਆਂ ਤੋਂ ਵੀ ਆ ਰਹੀਆਂ ਹਨ।
ਦੁਨੀਆਂ ਵਿਚ ਭਿਅੰਕਰ ਮਹਾਮਾਰੀਆਂ ਆਉਂਦੀਆਂ ਰਹੀਆਂ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸਿਹਤ ਖੇਤਰ ਦੇ ਇਤਿਹਾਸ ਵਿਚ ਸੁਨਿਹਰੀ ਪੰਨੇ ਲਿਖੇ ਹਨ। ਇਹ ਡਾਕਟਰ ਹੀ ਸਨ ਜਿਨ੍ਹਾਂ ਨੇ ਪਲੇਗ਼, ਚੇਚਕ, ਹੈਜ਼ਾ, ਸਪੈਨਿਸ਼ ਫਲਿਊ ਅਤੇ ਹੋਰ ਅਨੇਕਾਂ ਬਿਮਾਰੀਆਂ ਦੀ ਮਹਮਾਰੀਆਂ ਤੋਂ ਮਨੁੱਖਤਾ ਨੂੰ ਛੁਟਕਾਰਾ ਦਿਵਾਇਆ। ਇਹ ਗੱਲ ਸਮਝ ਵਿਚ ਆ ਸਕਦੀ ਹੈ ਕਿ ਕੋਵਿਡ-19 ਦੇ ਸ਼ੁਰੂਆਤੀ ਦਿਨਾਂ ਵਿਚ ਇਸ ਵਾਇਰਸ ਦੀ ਘਾਤਕਤਾ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਵੱਡੀ ਪੱਧਰ ’ਤੇ ਡਰ ਤੇ ਸਹਿਮ ਸੀ ਅਤੇ ਡਾਕਟਰਾਂ ਤੇ ਸਿਹਤ ਵਿਗਿਆਨੀਆਂ ਨੂੰ ਵੀ ਇਸ ਸਮੱਸਿਆ ਦਾ ਪੂਰੀ ਤਰ੍ਹਾਂ ਪਤਾ ਨਹੀਂ ਸੀ ਚੱਲ ਰਿਹਾ। ਹੁਣ ਸਥਿਤੀ ਬਦਲ ਗਈ ਹੈ ਅਤੇ ਡਾਕਟਰ ਤੇ ਸਿਹਤ ਖੇਤਰ ਨਾਲ ਸਬੰਧਿਤ ਕਾਮੇ ਇਹ ਤੱਥ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਹ ਵਾਇਰਸ ਓਨਾ ਘਾਤਕ ਨਹੀਂ ਜਿੰਨਾ ਕਿ ਪਹਿਲਾਂ ਦੱਸਿਆ ਜਾ ਰਿਹਾ ਸੀ। ਮਾਹਿਰ ਇਹ ਵੀ ਦੱਸ ਰਹੇ ਹਨ ਕਿ ਬਗ਼ੈਰ ਲੱਛਣਾਂ ਵਾਲੇ ਮਰੀਜ਼ਾਂ ਦੁਆਰਾ ਇਸ ਬਿਮਾਰੀ ਨੂੰ ਫੈਲਾਉਣ ਦੀ ਸੰਭਾਵਨਾ ਸੀਮਤ ਹੈ। ਜੇ ਵਾਇਰਸ ਘਾਤਕ ਹੁੰਦਾ ਤਾਂ ਡਾਕਟਰਾਂ ਅਤੇ ਸਿਹਤ ਖੇਤਰ ਦੇ ਕਾਮਿਆਂ ਨੂੰ ਹੋਰ ਮੁਸ਼ਕਿਲਾਂ ਵੀ ਆਉਣੀਆਂ ਸਨ।
ਜਿਵੇਂ ਫ਼ੌਜੀ ਜੰਗ ਲੜਨ ਤੋਂ ਇਨਕਾਰ ਨਹੀਂ ਕਰ ਸਕਦਾ, ਉਸੇ ਤਰ੍ਹਾਂ ਡਾਕਟਰਾਂ ਦਾ ਨੈਤਿਕ ਫ਼ਰਜ਼ ਹੈ ਕਿ ਉਹ ਹਰ ਮਰੀਜ਼ ਵੱਲ ਉਚਿਤ ਧਿਆਨ ਦੇਣ। ਮਰੀਜ਼ਾਂ ਦਾ ਇਸ ਤਰ੍ਹਾਂ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਭਟਕਣਾ ਤੇ ਇਲਾਜ ਨਾ ਹੋਣ ਕਾਰਨ ਮਰ ਜਾਣਾ ਡਾਕਟਰੀ ਦੇ ਉੱਤਮ ਪੇਸ਼ੇ ’ਤੇ ਧੱਬਾ ਹੈ। ਇਹ ਇਕ ਗੰਭੀਰ ਨੈਤਿਕ ਪ੍ਰਸ਼ਨ ਹੈ ਕਿ ਕੋਵਿਡ-19 ਦੇ ਨਾਲ ਨਾਲ ਮਰੀਜ਼ਾਂ ਦੇ ਬੁਨਿਆਦੀ ਰੋਗਾਂ ਦਾ ਇਲਾਜ ਕਿਉਂ ਨਹੀਂ ਕੀਤਾ ਜਾ ਰਿਹਾ। ਇਸ ਸਬੰਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਨੂੰ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸਰਕਾਰ ਨੂੰ ਇਨ੍ਹਾਂ ਸੰਸਥਾਵਾਂ ਨਾਲ ਮਿਲ ਕੇ ਮਰੀਜ਼ਾਂ ਦੇ ਉਚਿਤ ਇਲਾਜ ਲਈ ਪ੍ਰੋਟੋਕੋਲ ਬਣਾਉਂਦੇ ਹੋਏ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਡਾਕਟਰ ਤੇ ਸਿਹਤ ਖੇਤਰ ਦੇ ਕਾਮੇ ਸਮਾਜ ਦੇ ਸਭ ਤੋਂ ਤਰਕਸ਼ੀਲ ਹਿੱਸਿਆਂ ’ਚੋਂ ਤੇ ਸਮਾਜ ਮੰਗ ਕਰਦਾ ਹੈ ਕਿ ਸੰਕਟ ਦੇ ਇਸ ਸਮੇਂ ਵਿਚ ਉਹ ਤਰਕ ਦਾ ਪੱਲਾ ਨਾ ਛੱਡਣ ਅਤੇ ਆਮ ਮਰੀਜ਼ਾਂ ਦਾ ਇਲਾਜ ਪੇਸ਼ੇਵਾਰਾਨਾ ਤਰੀਕੇ ਨਾਲ ਕੀਤਾ ਜਾਵੇ। ਮਰੀਜ਼ਾਂ ਦੇ ਆਮ ਰੋਗਾਂ ਦਾ ਇਲਾਜ ਨਾ ਕਰਨ ਦੀ ‘ਮਰਜ਼’ ਦਾ ਇਲਾਜ ਹੋਣਾ ਜ਼ਰੂਰੀ ਹੈ।