ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਸਖ਼ਤ ਮੁਕਾਬਲੇ ਵਿਚ ਹਰਾ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਬਾਜ਼ੀ ਮਾਰ ਲਈ ਹੈ। ਬਾਕੀ ਤਿੰਨ ਪਾਰਟੀਆਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਮਾਨਤਾਂ ਵੀ ਨਹੀਂ ਬਚਾਅ ਸਕੇ। ਮਾਨ ਤੀਜੀ ਵਾਰ ਅਤੇ ਸੰਗਰੂਰ ਤੋਂ ਦੂਸਰੀ ਵਾਰ ਲੋਕ ਸਭਾ ਵਿਚ ਪਹੁੰਚਣਗੇ। ਪੰਜਾਬ ਦੀ ਸੌ ਸਾਲ ਤੋਂ ਵੱਧ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਵੇਂ ਸਥਾਨ ਉੱਤੇ ਖਿਸਕ ਜਾਣਾ ਸਿਆਸੀ ਵਿਸ਼ਲੇਸ਼ਣ ਦਾ ਆਧਾਰ ਬਣੇਗਾ। ਭਗਵੰਤ ਮਾਨ ਸੰਗਰੂਰ ਹਲਕੇ ਤੋਂ 2014 ਅਤੇ 2019 ਵਿਚ ਵੱਡੇ ਅੰਤਰ ਨਾਲ ਜਿੱਤ ਕੇ ਲੋਕ ਸਭਾ ਵਿਚ ਪਹੁੰਚੇ ਸਨ। ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ 92 ਸੀਟਾਂ ਨਾਲ ਭਾਰੀ ਜਿੱਤ ਹਾਸਿਲ ਹੋਣ ਪਿੱਛੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਬਣ ਕੇ ਇਹ ਸੀਟ ਖਾਲੀ ਕੀਤੀ ਸੀ। ਕੇਵਲ ਤਿੰਨ ਮਹੀਨਿਆਂ ਦੌਰਾਨ ਸੱਤਾਧਾਰੀ ਪਾਰਟੀ ਦਾ ਜ਼ਿਮਨੀ ਚੋਣ ਹਾਰਨਾ ਵੀ ਘੱਟ ਦਿਲਚਸਪ ਨਹੀਂ ਹੈ।
ਜ਼ਿਮਨੀ ਚੋਣ ਵਿਚ ਲਗਭਗ ਤਿੰਨ ਦਹਾਕਿਆਂ ਪਿੱਛੋਂ ਵੋਟਿੰਗ 45 ਫ਼ੀਸਦੀ ਤੱਕ ਸਿਮਟ ਜਾਣ ਦਾ ਮਤਲਬ ਹੈ ਕਿ ਵੋਟਰ ਸਿਆਸੀ ਧਿਰਾਂ ਤੋਂ ਉਪਰਾਮ ਹੋ ਚੁੱਕੇ ਹਨ। ਮਤਦਾਤਾਵਾਂ ਦਾ ਫ਼ਤਵਾ ਇਹ ਸੰਕੇਤ ਦਿੰਦਾ ਹੈ ਕਿ ਪੰਜਾਬੀਆਂ ਦੀ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਅਤੇ ਆਗੂ ਦੀ ਤਲਾਸ਼ ਖ਼ਤਮ ਨਹੀਂ ਹੋਈ। ਵਿਧਾਨ ਸਭਾ ਚੋਣਾਂ ਸਮੇਂ ਵੀ ਵੋਟਰਾਂ ਨੇ ਆਪ ਦੇ ਪੱਖ ਵਿਚ ਵੋਟ ਪਾਉਣ ਤੋਂ ਵੱਧ ਰਵਾਇਤੀ ਪਾਰਟੀਆਂ ਰੱਦ ਕਰਨ ਲਈ ਵੋਟਾਂ ਪਈਆਂ ਸਨ। ‘ਆਪ’ ਦੇ ਤਿੰਨ ਮਹੀਨਿਆਂ ਦੇ ਰਾਜ ਵਿਚ ਕਈ ਮਸਲੇ ਉੱਭਰੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਚੰਡੀਗੜ੍ਹ ਦੇ ਮੁਲਾਜ਼ਮਾਂ ਉੱਤੇ ਕੇਂਦਰੀ ਨਿਯਮ ਲਾਗੂ ਕਰਨ, ਪਾਣੀ ਸਮੇਤ ਬਹੁਤ ਸਾਰੇ ਮੁੱਦਿਆਂ ਉੱਤੇ ‘ਆਪ’ ਦਾ ਸਟੈਂਡ ਸਪੱਸ਼ਟਤਾ ਅਤੇ ਸਰਗਰਮੀ ਨਾਲ ਉਜਾਗਰ ਨਹੀਂ ਹੋ ਸਕਿਆ। ਇਹ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਨਹੀਂ। ਪੰਜਾਬੀ ਕੇਂਦਰ-ਮੁਖੀ ਪਾਰਟੀ ਦੀ ਥਾਂ ਪੰਜਾਬ-ਮੁਖੀ ਪਾਰਟੀ ਨੂੰ ਵਧੇਰੇ ਪਸੰਦ ਕਰਦੇ ਹਨ।
ਇਹ ਵੱਡਾ ਸਵਾਲ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਪੰਜਾਬ-ਮੁਖੀ ਸ਼ਖ਼ਸੀਅਤ ਅਤੇ ਮੁਹਾਂਦਰਾ ਬਣਾ ਸਕੇਗੀ ਜਾਂ ਨਹੀਂ। ਪੰਜਾਬ ਦੇ ਮੁੱਦਿਆਂ ਦੀ ਸਹੀ ਪਛਾਣ ਕਰ ਕੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨ ਵਾਸਤੇ ਦ੍ਰਿੜਤਾ ਲੋੜੀਂਦੀ ਹੈ। ਫੈਡਰਲਿਜ਼ਮ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਖੇਤਰੀ ਪਾਰਟੀ ਸੰਤੁਲਨ ਬਣਾਉਣ ਵਿਚ ਸਹਾਇਕ ਹੁੰਦੀ ਸੀ। ਇਸ ਸਮੇਂ ਅਕਾਲੀ ਦਲ ਖੇਤਰੀ ਮੁੱਦਿਆਂ ਅਤੇ ਘੱਟਗਿਣਤੀਆਂ ਖਿਲਾਫ਼ ਹੋਣ ਵਾਲੇ ਜਬਰ ਬਾਰੇ ਖ਼ਾਮੋਸ਼ ਰਹਿਣ ਲੱਗਾ ਹੈ। ਪਹਿਲਾਂ ਹੀ ਪਾਰਟੀ ਦੇ ਪ੍ਰਧਾਨ ਅਤੇ ਦੂਸਰੇ ਆਗੂਆਂ ਨੂੰ ਹਟਾਏ ਜਾਣ ਦੀ ਸਿਫ਼ਾਰਿਸ਼ ਵਾਲੀ ਰਿਪੋਰਟ ਮੌਜੂਦ ਹੈ। ‘ਆਪ’ ਨੂੰ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਵਾਅਦੇ ਨਿਭਾਉਣੇ ਪੈਣੇ ਹਨ। ਇਸ ਨਤੀਜੇ ਤੋਂ ਕਈ ਸਵਾਲ ਉੱਭਰਦੇ ਹਨ: ਕੀ ਸਿਮਰਨਜੀਤ ਸਿੰਘ ਮਾਨ ਪੰਥਕ ਸਿਆਸਤ ਦੇ ਖਲਾਅ ਨੂੰ ਭਰ ਸਕਣਗੇ? ਸ਼੍ਰੋਮਣੀ ਅਕਾਲੀ ਦਲ ਆਪਣੇ ਮੌਜੂਦਾ ਸੰਕਟ ਵਿਚੋਂ ਕਿਵੇਂ ਨਿਕਲੇਗਾ? ‘ਆਪ’ ਨੂੰ ਵੀ ਇਸ ਹਾਰ ਦਾ ਵਿਸ਼ਲੇਸ਼ਣ ਕਰਦਿਆਂ ਕਈ ਅੰਦਰੂਨੀ ਗੁੰਝਲਾਂ ਸੁਲਝਾਉਣੀਆਂ ਪੈਣਗੀਆਂ।