ਮੌਜੂਦਾ ਕੇਂਦਰੀ ਸਰਕਾਰ ਦੇ ਪਿਛਲੇ ਛੇ ਸਾਲਾਂ ਦੌਰਾਨ ਪੈਟਰੋਲ, ਡੀਜ਼ਲ ਅਤੇ ਕੁਦਰਤੀ ਗੈਸ ਉੱਤੇ ਆਬਕਾਰੀ ਡਿਊਟੀ ਵਿਚ ਕੀਤੇ ਵਾਧਿਆਂ ਕਾਰਨ ਪੈਟਰੋਲੀਅਮ ਪਦਾਰਥਾਂ ਤੋਂ ਹਾਸਿਲ ਹੋਣ ਵਾਲੇ ਮਾਲੀਏ ਵਿਚ 300 ਫ਼ੀਸਦੀ ਵਾਧਾ ਹੋਇਆ ਹੈ। ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਵਿੱਤ ਰਾਜ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿੱਤੀ ਸਾਲ 2020-21 ਦੇ ਪਹਿਲੇ ਦਸ ਮਹੀਨਿਆਂ ਦੌਰਾਨ ਹੀ ਕੇਂਦਰ ਸਰਕਾਰ ਨੂੰ 2.94 ਲੱਖ ਕਰੋੜ ਰੁਪਏ ਹਾਸਿਲ ਹੋਏ ਹਨ। 2014 ਵਿਚ ਕੁੱਲ ਮਾਲੀਏ ਵਿੱਚ ਪੈਟਰੋਲੀਆਂ ਪਦਾਰਥਾਂ ਦੇ ਮਾਲੀਏ ਦਾ ਹਿੱਸਾ 5.4 ਫ਼ੀਸਦੀ ਸੀ ਜੋ ਹੁਣ ਵਧ ਕੇ 12.2 ਫ਼ੀਸਦੀ ਹੋ ਗਿਆ ਹੈ। 2014 ਵਿਚ ਪੈਟਰੋਲ ਉੱਤੇ ਆਬਕਾਰੀ ਡਿਊਟੀ 9.48 ਰੁਪਏ ਪ੍ਰਤੀ ਲਿਟਰ ਸੀ ਜੋ ਹੁਣ 32.90 ਰੁਪਏ ਪ੍ਰਤੀ ਲਿਟਰ ਹੈ ਤੇ ਡੀਜ਼ਲ ’ਤੇ ਵਾਧਾ 3.56 ਰੁਪਏ ਤੋਂ 31.80 ਰੁਪਏ ਪ੍ਰਤੀ ਲਿਟਰ ਹੋਇਆ ਹੈ।
ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨਿਰਧਾਰਤ ਕਰਨ ਦਾ ਆਪਣਾ ਅਧਿਕਾਰ ਛੱਡ ਕੇ ਇਹ ਨੀਤੀ ਅਪਣਾਈ ਸੀ ਕਿ ਕੀਮਤਾਂ ਖੁੱਲ੍ਹੀ ਮੰਡੀ ਦੇ ਹਿਸਾਬ ਕਿਤਾਬ ਅਨੁਸਾਰ ਵਧਣ ਘੱਟਣਗੀਆਂ। ਇਸ ਦਾ ਮਤਲਬ ਸੀ ਕਿ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੇ ਭਾਅ ਦੇ ਮੁਤਾਬਿਕ ਵਧਦੀਆਂ-ਘਟਦੀਆਂ ਰਹਿਣਗੀਆਂ ਅਤੇ ਇਨ੍ਹਾਂ ਬਾਰੇ ਫ਼ੈਸਲੇ ਪੈਟਰੋਲੀਅਮ ਕੰਪਨੀਆਂ ਖ਼ੁਦ ਕਰਨਗੀਆਂ। ਭਾਵੇਂ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਪਿੱਛੇ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨੂੰ ਜ਼ਿੰਮੇਵਾਰ ਕਹਿ ਰਹੀ ਹੈ ਪਰ ਅਸਲੀਅਤ ਇਸ ਨਾਲ ਮੇਲ ਨਹੀਂ ਖਾਂਦੀ। ਭਾਰਤ ਵਿਚ ਖ਼ਪਤਕਾਰਾਂ ਨੂੰ ਅੰਤਰਰਾਸ਼ਟਰੀ ਮੰਡੀ ਵਿਚ ਤੇਲ ਦੇ ਭਾਅ ਤੋਂ ਕਈ ਗੁਣਾ ਵੱਧ ਕੀਮਤ ਦੇਣੀ ਪੈਂਦੀ ਹੈ।
ਕੋਵਿਡ-19 ਦੌਰਾਨ ਸਰਕਾਰੀ ਮਾਲੀਆ ਹਰ ਖੇਤਰ ’ਚੋਂ ਘਟਿਆ ਹੈ ਪਰ ਪੈਟਰੋਲੀਆਂ ਪਦਾਰਥਾਂ ਤੋਂ ਸਰਕਾਰ ਨੇ ਵੱਡੀ ਕਮਾਈ ਕੀਤੀ। ਖੁੱਲ੍ਹੀ ਮੰਡੀ ਦੇ ਸਿਧਾਂਤ ਅਨੁਸਾਰ ਜੇ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀ ਕੀਮਤ ਘਟਣ ਨਾਲ ਉਸ ਦਾ ਲਾਭ ਖ਼ਪਤਕਾਰ ਤੱਕ ਪਹੁੰਚਣਾ ਚਾਹੀਦਾ ਸੀ ਪਰ ਹਕੀਕਤ ਇਸ ਤੋਂ ਉਲਟ ਹੈ। ਕੱਚੇ ਤੇਲ ਦਾ ਮਾਮੂਲੀ ਭਾਅ ਵਧਣ ਕਾਰਨ ਵਾਧਾ ਤਾਂ ਖ਼ਪਤਕਾਰ ਨੂੰ ਉਸੇ ਦਿਨ ਤੋਂ ਦੇਣਾ ਪੈਂਦਾ ਹੈ ਪਰ ਭਾਅ ਘਟਣ ਦਾ ਲਾਭ ਉਸ ਤੱਕ ਨਹੀਂ ਪਹੁੰਚਦਾ। ਇਸ ਦਾ ਮੂਲ ਕਾਰਨ ਕੇਂਦਰ ਸਰਕਾਰ ਵੱਲੋਂ ਲਗਾਏ ਜਾਂਦੇ ਆਬਕਾਰੀ ਟੈਕਸ ਅਤੇ ਰਾਜ ਸਰਕਾਰਾਂ ਵੱਲੋਂ ਲਗਾਏ ਜਾਂਦੇ ਵੈਟ ਹਨ। ਇਹੀ ਨਹੀਂ ਇਕੱਠੇ ਕੀਤੇ ਜਾ ਰਹੇ ਪੈਸੇ ਨਾਲ ਨਾ ਤਾਂ ਸਿਹਤ ਅਤੇ ਵਿੱਦਿਆ ਦੇ ਖੇਤਰਾਂ ਵਿਚ ਨਿਵੇਸ਼ ਕੀਤਾ ਜਾ ਰਿਹਾ ਹੈ ਨਾ ਹੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ। ਸਰਕਾਰ ਇਨ੍ਹਾਂ ਖੇਤਰਾਂ ਵਿਚ ਵੀ ਘੱਟ ਖ਼ਰਚ ਕਰ ਰਹੀ ਹੈ। ਸਰਕਾਰ ਨੇ ਜੀਐੱਸਟੀ ਲਾਗੂ ਕਰਕੇ ‘ਇਕ ਦੇਸ਼ ਇਕ ਟੈਕਸ’ ਪ੍ਰਣਾਲੀ ਲਾਗੂ ਕੀਤੀ ਸੀ। ਸਵਾਲ ਉੱਠਦਾ ਹੈ ਕਿ ਪੈਟਰੋਲੀਅਮ ਪਦਾਰਥ ਜੀਐੱਸਟੀ ਦੇ ਦਾਇਰੇ ਵਿਚ ਕਿਉਂ ਨਹੀਂ ਲਿਆਂਦੇ ਜਾ ਰਹੇ। ਪੈਟਰੋਲੀਅਮ ਅਤੇ ਡੀਜ਼ਲ ਦੇ ਵਧਦੇ ਭਾਅ ਦਾ ਸਿੱਧਾ ਅਸਰ ਖੇਤੀ ਖੇਤਰ, ਟਰਾਂਸਪੋਰਟ ਅਤੇ ਸਨਅਤਾਂ ’ਤੇ ਪੈਂਦਾ ਹੈ ਜਿਸ ਕਾਰਨ ਮਹਿੰਗਾਈ ਹੋਰ ਵਧਦੀ ਹੈ। ਵਿਰੋਧੀ ਧਿਰਾਂ ਇਸ ਮੁੱਦੇ ਨੂੰ ਜਨਤਕ ਸੰਘਰਸ਼ ਦਾ ਮੁੱਦਾ ਨਹੀਂ ਬਣਾ ਸਕੀਆਂ। ਲੋਕ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ। ਇਸ ਮੁੱਦੇ ਬਾਰੇ ਕਾਰਗਰ ਢੰਗ ਨਾਲ ਆਵਾਜ਼ ਉਠਾਉਣ ਨਾਲ ਹੀ ਸਰਕਾਰ ਨੂੰ ਇਸ ਖੇਤਰ ਵਿਚ ਲੋਕ-ਪੱਖੀ ਨੀਤੀਆਂ ਅਪਣਾਉਣ ਲਈ ਪ੍ਰੇਰਿਆ ਜਾ ਸਕਦਾ ਹੈ।