ਸੀਬੀਐੱਸਈ ਅਤੇ ਹੋਰ ਸਕੂਲ ਬੋਰਡਾਂ ਦੇ 10ਵੀਂ ਅਤੇ 10+2 ਦੇ ਨਤੀਜਿਆਂ ਨੇ ਨਵੀਂ ਬਹਿਸ ਛੇੜੀ ਹੈ। ਕੋਵਿਡ-19 ਕਾਰਨ ਸਾਲ ਤੋਂ ਵੀ ਵੱਧ ਸਮਾਂ ਸਕੂਲ ਨਹੀਂ ਲੱਗ ਸਕੇ ਅਤੇ ਆਨਲਾਈਨ ਪੜ੍ਹਾਈ ਦੇ ਨਾਮ ਉੱਤੇ ਹੀ ਪੜ੍ਹਾਈ ਚੱਲਦੀ ਰਹੀ। ਪ੍ਰੀਖਿਆ ਤੋਂ ਬਿਨਾ ਹੀ ਤਰੀਕਾਕਾਰ ਬਣਾ ਕੇ ਬੋਰਡਾਂ ਨੇ ਨਤੀਜੇ ਜਾਰੀ ਕਰ ਦਿੱਤੇ। ਨਤੀਜੇ ਲਗਭਗ 100 ਫ਼ੀਸਦੀ ਰਹਿਣ ਅਤੇ ਨੰਬਰਾਂ ਦੀ ਸਾਹਮਣੇ ਆਈ ਫ਼ੀਸਦ ਸੰਕੇਤ ਦੇ ਰਹੀ ਹੈ ਜਿਵੇਂ ਪੁਰਾਣੇ ਸਾਧਾਰਨ ਹਾਲਾਤ ਵਾਲੇ ਸਾਲਾਂ ਨਾਲੋਂ ਵੀ ਵਿਦਿਆਰਥੀ ਵੱਧ ਪੜ੍ਹ ਗਏ ਹੋਣ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ 99.37 ਫ਼ੀਸਦੀ ਰਿਹਾ ਜੋ ਪਿਛਲੇ ਸਾਲ ਦੇ 88.78 ਫ਼ੀਸਦੀ ਤੋਂ ਕਿਤੇ ਜ਼ਿਆਦਾ ਹੈ। ਹਰਿਆਣਾ ਸਕੂਲ ਬੋਰਡ ਤਾਂ ਪੁਰਾਣੇ 80.34 ਫ਼ੀਸਦੀ ਨਾਲੋਂ ਵਧ ਕੇ 100 ਫ਼ੀਸਦੀ ਨਤੀਜਾ ਦੇ ਕੇ ਨੰਬਰ ਲੈ ਗਿਆ। 95 ਫ਼ੀਸਦੀ ਤੋਂ ਵੱਧ ਨੰਬਰਾਂ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੈ। ਨੰਬਰਾਂ ਦੇ ਆਧਾਰ ਉੱਤੇ ਦਾਖ਼ਲੇ ਦੇਣ ਵਾਲੀਆਂ ਉੱਚ ਵਿੱਦਿਅਕ ਸੰਸਥਾਵਾਂ ਅੰਦਰ ਮੁਕਾਬਲੇ ਗਹਿਗੱਚ ਹੋਣ ਦੀ ਸੰਭਾਵਨਾ ਹੈ।
ਨਤੀਜਿਆਂ ਤੋਂ ਕਿਸੇ ਤਰ੍ਹਾਂ ਦਾ ਗੁਣਾਤਮਕ ਚੈੱਕ ਰੱਖਣ ਦੀ ਕੋਸ਼ਿਸ਼ ਦਿਖਾਈ ਨਹੀਂ ਦੇ ਰਹੀ। ਸਰਵੇ ਅਤੇ ਵਿੱਦਿਅਕ ਖੇਤਰ ਨਾਲ ਜੁੜੀਆਂ ਬਹਿਸਾਂ ਦੱਸਦੀਆਂ ਹਨ ਕਿ ਆਨਲਾਈਨ ਜਾਂ ਡਿਜੀਟਲ ਪੜ੍ਹਾਈ ਨਾਲ ਵਿਦਿਆਰਥੀਆਂ ਅੰਦਰ ਕਿੰਨਾ ਵੱਡਾ ਖੱਪਾ ਪੈਦਾ ਹੋ ਰਿਹਾ ਹੈ। ਆਮ ਹਾਲਾਤ ’ਚ ਵੀ ਸਕੂਲਾਂ ਦੇ ਵਖਰੇਵਿਆਂ ਕਰਕੇ ਇਕਸਾਰ ਵਿੱਦਿਅਕ ਮਾਹੌਲ ਸੰਭਵ ਨਹੀਂ। ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ (ਏਐਸਈਆਰ) ਮੁਤਾਬਿਕ 2018 ਤੋਂ 2020 ਦੌਰਾਨ ਮੁਲਕ ਦੇ ਕੇਵਲ ਇਕ ਤਿਹਾਈ ਵਿਦਿਆਰਥੀ ਹੀ ਆਨਲਾਈਨ ਪੜ੍ਹਾਈ ਕਰ ਸਕੇ। ਜੁਲਾਈ 2021 ਵਿਚ ਛਪੀ ਇਕ ਹੋਰ ਰਿਪੋਰਟ ਅਨੁਸਾਰ ਸਮਾਰਟ ਫੋਨਾਂ ਦੀ ਕਮੀ, ਡੇਟੇ ਦੀ ਕੀਮਤ, ਤਕਨੀਕੀ ਸਾਖਰਤਾ, ਮੋਬਾਇਲ ਕਨੈਕਟੀਵਿਟੀ ਅਤੇ ਹੋਰ ਅਨੇਕਾਂ ਕਾਰਨਾਂ ਕਰਕੇ ਵਿਆਪਕ ਪੱਧਰ ਉੱਤੇ ਨਾ-ਬਰਾਬਰੀ ਦੇਖਣ ਨੂੰ ਮਿਲੀ ਹੈ। ਕੋਵਿਡ-19 ਕਾਰਨ ਗ਼ੈਰ ਸੰਗਠਿਤ ਖੇਤਰ ਵਿਚ ਕੰਮ ਕਰਦੇ ਕਾਮਿਆਂ ਦਾ ਵੱਡੇ ਪੱਧਰ ਉੱਤੇ ਰੁਜ਼ਗਾਰ ਚਲਾ ਗਿਆ। ਉਹ ਬੱਚਿਆਂ ਨੂੰ ਸਮਾਰਟ ਫੋਨ ਲੈ ਕੇ ਦੇਣ ਅਤੇ ਅਗਾਂਹ ਡੇਟੇ ਦਾ ਖ਼ਰਚ ਕਰਨ ਦੀ ਹੈਸੀਅਤ ਵਿਚ ਨਹੀਂ ਹਨ।
ਦਿਹਾਤੀ ਖੇਤਰਾਂ ਨਾਲ ਸਬੰਧਿਤ ਸਕੂਲਾਂ ਵਿਚ ਮੋਬਾਇਲ ਸਿਗਨਲ ਦੀ ਸਮੱਸਿਆ ਆਮ ਹੈ। ਵਿਦਿਆਰਥੀ ਘਰਾਂ ਅੰਦਰ ਵੀ ਇਸ ਨਾਲ ਜੂਝਦੇ ਰਹੇ ਹਨ। ਲਿੰਗਕ ਨਾ-ਬਰਾਬਰੀ ਕਰ ਕੇ ਕੁੜੀਆਂ ਦਾ ਵੱਡਾ ਹਿੱਸਾ ਆਨਲਾਈਨ ਪੜ੍ਹਾਈ ਤੋਂ ਵਾਂਝਾ ਰਿਹਾ ਹੈ। ਜੇਕਰ ਇਕ ਪਰਿਵਾਰ ਕੋਲ ਇਕ ਸਮਾਰਟ ਫ਼ੋਨ ਹੈ ਤਾਂ ਇਕੋ ਸਮੇਂ ਇੱਕ ਤੋਂ ਵੱਧ ਬੱਚੇ ਕਲਾਸ ਕਿਸ ਤਰ੍ਹਾਂ ਲਗਾ ਸਕਦੇ ਸਨ? ਇਹ ਠੀਕ ਹੈ ਕਿ ਖਾਸ ਦਲੀਲਾਂ ਤਹਿਤ ਮੌਜੂਦਾ ਹਾਲਾਤ ਵਿਚ ਆਫਲਾਈਨ ਪ੍ਰੀਖਿਆ ਨਾ ਲੈਣ ਦਾ ਫ਼ੈਸਲਾ ਕੀਤਾ ਗਿਆ। ਨੰਬਰ ਦੇਣ ਵਾਸਤੇ ਖ਼ਾਸ ਫਾਰਮੂਲਾ ਵੀ ਬਣਾਇਆ ਗਿਆ। ਇਨ੍ਹਾਂ ਫਾਰਮੂਲਿਆਂ ਨਾਲ ਪੁਰਾਣੇ ਸਾਲਾਂ ਨਾਲੋਂ ਪਾਸ ਫ਼ੀਸਦ ਵਧਣੀ ਅਤੇ ਨੰਬਰਾਂ ਦੀ ਫ਼ੀਸਦ ਵਧਣ ਦਾ ਸਵਾਲ ਚਰਚਾ ਦਾ ਵਿਸ਼ਾ ਹੈ। ਅਜਿਹੇ ਮੌਕੇ ਸਰਕਾਰਾਂ ਅਤੇ ਸਕੂਲ ਸਿੱਖਿਆ ਨਾਲ ਜੁੜੇ ਪ੍ਰਬੰਧਕਾਂ ਨੂੰ ਉੱਠ ਰਹੇ ਸਵਾਲਾਂ ਦਾ ਤੱਥਾਂ ਅਤੇ ਦਲੀਲਾਂ ਸਮੇਤ ਜਵਾਬ ਦੇਣਾ ਚਾਹੀਦਾ ਹੈ।