ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲਗਭਗ ਇਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ‘ਰੇਲ ਰੋਕੋ’ ਸੱਦੇ ਨੂੰ ਮਿਲੇ ਹੁੰਗਾਰੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅੰਦੋਲਨ ਵਿਚ ਸ਼ਾਮਿਲ ਲੋਕ ਸਬਰ, ਸੰਤੋਖ ਅਤੇ ਸੰਜਮ ਨਾਲ ਲੰਮੀ ਲੜਾਈ ਲੜਨ ਦੇ ਕਾਬਿਲ ਹਨ। ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਗੱਡੀ ਨਾਲ ਦਰੜ ਕੇ ਚਾਰ ਕਿਸਾਨ ਅਤੇ ਇਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਘਟਨਾ ਵਿਚ ਤਿੰਨ ਭਾਜਪਾ ਕਾਰਕੁਨ ਵੀ ਮਾਰੇ ਗਏ ਸਨ। ਸੰਯੁਕਤ ਕਿਸਾਨ ਮੋਰਚੇ ਨੇ ਰੇਲ ਰੋਕੋ ਦਾ ਸੱਦਾ ਮੰਤਰੀ ਨੂੰ ਬਰਖ਼ਾਸਤ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਉੱਤੇ ਜ਼ੋਰ ਦੇਣ ਵਾਸਤੇ ਦਿੱਤਾ ਸੀ। ਮੰਤਰੀ ਦੇ ਲੜਕੇ ਆਸ਼ੀਸ਼ ਮਿਸ਼ਰਾ ਖਿਲਾਫ਼ 302 ਦੀ ਧਾਰਾ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ ਅਤੇ ਉਹ ਅਤੇ ਉਸ ਦੇ ਕੁਝ ਸਾਥੀ ਗ੍ਰਿਫ਼ਤਾਰ ਹਨ। ਸੰਯੁਕਤ ਕਿਸਾਨ ਮੋਰਚੇ ਮੁਤਾਬਿਕ ਦੇਸ਼ ਅੰਦਰ ਲਗਭਗ 290 ਗੱਡੀਆਂ ਰੋਕੀਆਂ ਗਈਆਂ।
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਸਮੇਤ ਬਹੁਤ ਸਾਰੇ ਥਾਵਾਂ ਉੱਤੇ ਰੇਲ ਪਟੜੀਆਂ ਉੱਤੇ ਧਰਨੇ ਦਿੱਤੇ ਗਏ। ਮੱਧ ਪ੍ਰਦੇਸ਼, ਤਿਲੰਗਾਨਾ ਸਮੇਤ ਕਈ ਰਾਜਾਂ ਵਿਚ ਸ਼ਹੀਦ ਕਲਸ ਯਾਤਰਾਵਾਂ ਕੱਢੀਆਂ ਗਈਆਂ ਹਨ। ਇਹ ਦਰਸਾਉਂਦਾ ਹੈ ਕਿ ਕਿਸਾਨ ਅੰਦੋਲਨ ਹੋਰ ਵਿਆਪਕ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਹੋਈ ਮੁਜ਼ੱਫਰਨਗਰ ਮਹਾਪੰਚਾਇਤ ਦੌਰਾਨ ‘ਇਹ ਤੋੜਨਗੇ ਅਸੀਂ ਜੋੜਾਂਗੇ’ ਦੇ ਨਾਅਰੇ ਨੇ ਭਾਜਪਾ ਦੀ ਕੱਟੜਪੰਥੀ ਸਿਆਸਤ ਨੂੰ ਵਿਚਾਰਧਾਰਕ ਜਵਾਬ ਦੇਣ ਦਾ ਮਾਹੌਲ ਤਿਆਰ ਕੀਤਾ ਸੀ। ਭਾਜਪਾ ਦੇ ਆਗੂਆਂ ਖ਼ਾਸ ਤੌਰ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਮੰਤਰੀ ਵਿਜੈ ਮਿਸ਼ਰਾ ਦੇ ਬਿਆਨ ਉਕਸਾਹਟ ਪੈਦਾ ਕਰਨ ਵਾਲੇ ਸਨ। ਇਸ ਦੇ ਬਾਵਜੂਦ ਕਿਸਾਨ ਅੰਦੋਲਨ ਨੇ ਆਪਣੀ ਅਮਨ ਪਸੰਦਗੀ ਉੱਤੇ ਪੁਖ਼ਤਗੀ ਨਾਲ ਪਹਿਰਾ ਦਿੰਦਿਆਂ ਕੁਰਬਾਨੀਆਂ ਦਾ ਰਾਹ ਬਰਕਰਾਰ ਰੱਖਿਆ। ਇਸ ਅੰਦੋਲਨ ਵਿਚ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸ ਅੰਦੋਲਨ ਨੂੰ ਸਰਕਾਰੀ ਜਾਂ ਸਰਕਾਰ-ਪੱਖੀ ਧਿਰ ਨੇ ਪੰਥਕ ਬਨਾਮ ਕਾਮਰੇਡ, ਬਜ਼ੁਰਗ ਆਗੂ ਬਨਾਮ ਨੌਜਵਾਨ, ਖਾਲਿਸਤਾਨੀ, ਮਾਓਵਾਦੀ, ਅਰਬਨ ਨਕਸਲੀ ਆਦਿ ਲਕਬ ਦੇ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।
ਕਿਸਾਨ ਅੰਦੋਲਨ ਨੇ ਜਮਹੂਰੀਅਤ ਦੀਆਂ ਨਵੀਆਂ ਪੈੜਾਂ ਪਾਈਆਂ ਹਨ ਜਿਸ ਵਿਚ ਸੱਤਾਧਾਰੀ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਵੋਟਰਜ਼ ਵ੍ਹਿਪ ਜਾਰੀ ਕਰਨਾ, ਮੁਤਵਾਜ਼ੀ ਸੰਸਦ ਵਿਚ ਕਿਸਾਨ ਮੁੱਦਿਆਂ ’ਤੇ ਬਹਿਸ ਕਰਾਉਣਾ ਅਤੇ ਸਭ ਦੀ ਸਹਿਮਤੀ ਨਾਲ ਫ਼ੈਸਲੇ ਲੈਣ ਦੀਆਂ ਵਿਧੀਆਂ ਸ਼ਾਮਿਲ ਹਨ। ਵੱਖ ਵੱਖ ਵਿਚਾਰਧਾਰਕ ਪਿਛੋਕੜ ਵਾਲੀਆਂ ਦਰਜਨਾਂ ਜਥੇਬੰਦੀਆਂ ਵੱਲੋਂ ਇਕ ਸਾਂਝੇ ਘੱਟੋ-ਘੱਟ ਪ੍ਰੋਗਰਾਮ ਉੱਤੇ ਏਕਤਾ ਬਣਾ ਕੇ ਇੰਨਾ ਲੰਮਾ ਸਮਾਂ ਅੰਦੋਲਨ ਚਲਾਉਣਾ ਬੇਹੱਦ ਮਹੱਤਵਪੂਰਨ ਪ੍ਰਾਪਤੀ ਹੈ। ਲਖੀਮਪੁਰ ਦੇ ਸ਼ਹੀਦਾਂ ਲਈ ਇਨਸਾਫ਼ ਵਾਸਤੇ 26 ਅਕਤੂਬਰ ਦੀ ਲਖਨਊ ਵਿਖੇ ਹੋਣ ਵਾਲੀ ਮਹਾਪੰਚਾਇਤ ਫ਼ੈਸਲਾਕੁਨ ਸਾਬਿਤ ਹੋ ਸਕਦੀ ਹੈ। ਅੰਦੋਲਨ ਦਾ ਇਕਜੁੱਟ ਰਹਿਣਾ ਅਤੇ ਇਸ ਵਿਚ ਵੰਡ ਪਾਉਣ ਵਾਲੇ ਅਨਸਰਾਂ ਤੋਂ ਸਾਵਧਾਨ ਰਹਿਣਾ ਜ਼ਰੂਰੀ ਹੈ।