ਫੈੱਡਐਕਸ ਕਾਰਪੋਰੇਸ਼ਨ ਜਿਹੜੀ ਪਹਿਲਾਂ ਫੈਡਰਲ ਐਕਸਪ੍ਰੈੱਸ ਕਾਰਪੋਰੇਨ ਕਹਿਲਾਉਂਦੀ ਸੀ, ਅਮਰੀਕਾ ਦੀ ਕਾਰਪੋਰੇਟ ਬਹੁ-ਰਾਸ਼ਟਰੀ ਕੰਪਨੀ ਹੈ ਜਿਹੜੀ ਹਵਾਈ ਜਹਾਜ਼ਾਂ ਅਤੇ ਹੋਰ ਸਾਧਨਾਂ ਰਾਹੀਂ ਵਸਤਾਂ ਭੇਜਣ ਤੇ ਉਨ੍ਹਾਂ ਨੂੰ ਲੋਕਾਂ ਤਕ ਪਹੁੰਚਾੳਣ ਦਾ ਪ੍ਰਬੰਧ ਕਰਦੀ ਹੈ। ਇਹ ਅਮਰੀਕਾ ਦੇ ਸਰਕਾਰੀ ਡਾਕਘਰ ਨੂੰ ਵੀ ਸੇਵਾਵਾਂ ਦਿੰਦੀ ਹੈ। ਵੀਰਵਾਰ ਰਾਤ ਅਮਰੀਕਾ ’ਚ ਇੰਡੀਆਨਾਪੋਲਿਸ ਸਥਿਤ ਇਸ ਦੇ ਕੰਮ ਕਰਨ ਦੇ ਸਥਾਨ ’ਤੇ ਕੰਪਨੀ ਦੇ ਸਾਬਕਾ ਕਰਮਚਾਰੀ ਬਰੈਨਡਨ ਹੋਲ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 8 ਲੋਕਾਂ ਨੂੰ ਮਾਰ ਦਿੱਤਾ। ਇਸ ਹਿੰਸਾ ਦੇ ਸ਼ਿਕਾਰ ਹੋਣ ਵਾਲਿਆਂ ’ਚੋਂ 4 ਪੰਜਾਬੀ ਸਿੱਖ (2 ਮਰਦ ਤੇ 2 ਔਰਤਾਂ) ਸਨ। ਸਬੰਧਿਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਨਸਲਵਾਦੀ ਨਫ਼ਰਤ ਕਾਰਨ ਕੀਤਾ ਗਿਆ ਕਾਰਾ ਸੀ। ਫੈਡਐਕਸ ਦੇ ਇੰਡੀਆਨਾਪੋਲਿਸ ਸਥਿਤ ਇਸ ਅਦਾਰੇ ਵਿਚ ਪੰਜਾਬੀ ਅਤੇ ਖ਼ਾਸ ਕਰ ਕੇ ਸਿੱਖ ਵੱਡੀ ਗਿਣਤੀ ਵਿਚ ਕੰਮ ਕਰਦੇ ਹਨ। ਬਰੈਨਡਨ ਹੋਲ ਨੂੰ ਫਰਵਰੀ 2020 ਵਿਚ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਮਾਰਚ 2020 ਵਿਚ ਉਸ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਦਾ ਪੁੱਤਰ ਖ਼ੁਦਕੁਸ਼ੀ ਕਰ ਸਕਦਾ ਹੈ। ਪੁਲੀਸ ਅਨੁਸਾਰ ਉਨ੍ਹਾਂ ਨੇ ਤਫ਼ਤੀਸ਼ ਦੌਰਾਨ ਬਰੈਨਡਨ ਹੋਲ ਤੋਂ ਬੰਦੂਕ ਬਰਾਮਦ ਕੀਤੀ ਪਰ ਉਨ੍ਹਾਂ ਨੂੰ ਉਸ ਦੇ ਵਤੀਰੇ ਵਿਚ ਨਸਲਵਾਦੀ ਨਫ਼ਰਤ ਜਾਂ ਹਿੰਸਾ ਦੇ ਕੋੲ ਅੰਸ਼ ਨਹੀਂ ਸਨ ਮਿਲੇ। ਪੁਲੀਸ ਨੇ ਬਰੈਨਡਨ ਦੀ ਬੰਦੂਕ ਜ਼ਬਤ ਕਰ ਲਈ ਸੀ ਪਰ ਅਮਰੀਕਾ ਵਿਚ ਬੰਦੂਕਾਂ, ਪਿਸਤੌਲਾਂ ਤੇ ਅਸਲੇ ਨੂੰ ਕੰਟਰੋਲ ਕਰਨ ਵਾਲਾ ਨਿਜ਼ਾਮ ਢਿੱਲਾ ਹੋਣ ਕਾਰਨ ਉਹ ਦੁਬਾਰਾ ਹਥਿਆਰ ਅਤੇ ਅਸਲਾ ਖ਼ਰੀਦਣ ਵਿਚ ਕਾਮਯਾਬ ਹੋਇਆ।
ਸ਼ਨਿੱਚਰਵਾਰ ਵੱਖ ਵੱਖ ਗੁਰਦੁਆਰਿਆਂ ਵਿਚ ਜੁੜੀ ਸਿੱਖ ਸੰਗਤ ਨੇ ਮਹਿਸੂਸ ਕੀਤਾ ਕਿ ਅਮਰੀਕਾ ਦੀ ਧਰਤੀ ’ਤੇ ਬਾਹਰ ਤੋਂ ਆਏ ਪਰਵਾਸੀਆਂ ਨਾਲ ਵਿਤਕਰੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਸਲੀ ਨਫ਼ਰਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਅਨੁਸਾਰ ਅਮਰੀਕਾ ਵਿਚ ਬਹੁਤ ਵੱਡੀ ਸੰਖਿਆ ਵਿਚ ਲੋਕਾਂ ਨੂੰ ਵੱਖ ਵੱਖ ਦੇਸ਼ਾਂ, ਧਰਮਾਂ, ਫ਼ਿਰਕਿਆਂ ਅਤੇ ਨਸਲਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਧਰਮਾਂ ਤੇ ਸਭਿਆਚਾਰ ਬਾਰੇ ਜਾਣਕਾਰੀ ਨਹੀਂ ਅਤੇ ਉਹ ਕਈ ਦੇਸ਼ਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਹੀ ਅਤਿਵਾਦੀ ਸਮਝਦੇ ਹਨ। ਇੰਡੀਆਨਾਪੋਲਿਸ ਦੀ ਸਿੱਖ ਕੋਲੀਸ਼ਨ ਨੇ ਇਸ ਮਾਮਲੇ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਉਹ ਇੰਡੀਆਨਾਪੋਲਿਸ ਆਵੇ ਅਤੇ ਉਹ ਵਿਅਕਤੀ ਜਿਹੜੇ ਪਹਿਲਾਂ ਨਸਲਵਾਦੀ ਹਿੰਸਾ ਜਾਂ ਨਫ਼ਰਤ ਫੈਲਾਉਣ ਲਈ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹੋਣ, ਨੂੰ ਹਥਿਆਰ ਵੇਚਣ ਦੀ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਇਆ ਜਾਵੇ।
ਅਮਰੀਕਾ ਦੇ ਗੋਰੇ ਲੋਕਾਂ ਵਿਚ ਨਸਲਵਾਦੀ ਵਿਤਕਰੇ ਦੀ ਭਾਵਨਾ ਪਿਛਲੇ ਕੁਝ ਸਾਲਾਂ ਵਿਚ ਤੇਜੀ ਨਾਲ ਵਧੀ ਹੈ ਤੇ ਡੋਨਾਲਡ ਟਰੰਪ ਵਰਗੇ ਨਸਲਵਾਦੀ ਆਗੂਆਂ ਨੇ ਅਜਿਹੀ ਨਫ਼ਰਤ ਵਧਾਉਣ ਵਿਚ ਹਿੱਸਾ ਪਾਉਂਦਿਆਂ ਇਸ ਤੋਂ ਸਿਆਸੀ ਲਾਹਾ ਲਿਆ ਹੈ। ਨਸਲਵਾਦੀ ਅਮਰੀਕਾ ਦੇ ਗੋਰੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਗੋਰੀ ਨਸਲ ਹੀ ਦੁਨੀਆ ਦੀ ਸਭ ਤੋਂ ਸਭਿਆ ਤੇ ਵਧੀਆ ਨਸਲ ਹੈ ਅਤੇ ਦੂਸਰੀਆਂ ਨਸਲਾਂ ਦੇ ਲੋਕ ਅਸਭਿਆ ਤੇ ਘਟੀਆ ਹਨ। ਇਸ ਵਰਤਾਰੇ ਕਾਰਨ ਏਸ਼ੀਆ ਅਤੇ ਅਫ਼ਰੀਕਾ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਧਾਰਮਿਕ ਆਧਾਰ ’ਤੇ ਜ਼ਿਆਦਾਤਰ ਯਹੂਦੀ ਤੇ ਮੁਸਲਮਾਨ ਨਸਲਵਾਦੀ ਨਫ਼ਰਤ ਦਾ ਸ਼ਿਕਾਰ ਹੁੰਦੇ ਹਨ। ਮੁਸਲਮਾਨਾਂ ਦਾ ਵਿਰੋਧ ਇਸ ਵੇਲੇ ਸਿਖ਼ਰਾਂ ’ਤੇ ਹੈ। ਨਸਲਵਾਦੀ ਹਰ ਮੁਸਲਮਾਨ ਨੂੰ ਅਤਿਵਾਦੀ ਗਰਦਾਨਦੇ ਹਨ। ਮੁਸਲਮਾਨ ਆਗੂਆਂ ਦੇ ਪੱਗ ਬੰਨ੍ਹਣ ਕਾਰਨ ਨਸਲਵਾਦੀ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ। ਨਸਲਵਾਦ ਅਤੇ ਧਾਰਮਿਕ ਕੱਟੜਤਾ ਨੇ ਮਨੁੱਖਤਾ ਦੇ ਇਤਿਹਾਸ ਵਿਚ ਲੱਖਾਂ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਹਨ। ਅਮਰੀਕਾ ਵਿਚ ਗੋਰੀ ਨਸਲ ਦਾ ਵੱਡਾ ਹਿੱਸਾ ਇਸ ਬਾਰੇ ਚੇਤਨ ਵੀ ਹੈ ਅਤੇ ਅਜਿਹੇ ਵਿਤਕਰਿਆਂ ਦਾ ਵਿਰੋਧ ਕਰਦਾ ਹੈ ਪਰ ਨਫ਼ਰਤ ਕਰਨ ਅਤੇ ਹਿੰਸਾ ਫੈਲਾਉਣ ਵਾਲਿਆਂ ਦਾ ਪ੍ਰਭਾਵ ਜਲਦੀ ਫੈਲਦਾ ਤੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰਦਾ ਹੈ। ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਉਨ੍ਹਾਂ ਭਾਈਚਾਰਿਆਂ ਜਿਨ੍ਹਾਂ ਨਾਲ ਵਿਤਕਰਾ ਹੁੰਦਾ ਹੈ, ਨਾਲ ਸਾਂਝ ਪਾਉਣੀ ਚਾਹੀਦੀ ਹੈ ਅਤੇ ਅਜਿਹੇ ਵਿਤਕਰਿਆਂ ਵਿਰੁੱਧ ਸਾਂਝੀ ਲੜਾਈ ਲੜਨੀ ਚਾਹੀਦੀ ਹੈ।