ਦੇਸ਼ ਦੀ ਵੰਡ ਸਮੇਂ ਪੰਜਾਬ ਨੇ ਵੱਡਾ ਦੁਖਾਂਤ ਭੋਗਿਆ। ਪੰਜ ਪਾਣੀਆਂ ਦੀ ਧਰਤੀ ਸਿਆਸੀ ਲਕੀਰ ਨਾਲ ਦੋਫ਼ਾੜ ਹੀ ਨਹੀਂ ਹੋਈ ਬਲਕਿ ਲੱਖਾਂ ਦੀ ਤਾਦਾਦ ਵਿਚ ਇਕੱਠੇ ਰਹਿੰਦੇ ਲੋਕ ਇਕ ਦੂਸਰੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ। ਇਹ ਜ਼ਖ਼ਮ ਅਜੇ ਤੱਕ ਵੀ ਅੱਲੇ ਹਨ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਬਾਸ਼ਿੰਦਿਆਂ ਦੇ ਆਪੋ ਆਪਣੀ ਜੰਮਣ ਭੋਇੰ ਨਾਲ ਜਜ਼ਬਾਤੀ ਤੌਰ ਉੱਤੇ ਜੁੜੇ ਹੋਣ ਦੀਆਂ ਕਹਾਣੀਆਂ ਅਜੇ ਤੱਕ ਰਿਕਾਰਡ ਕੀਤੀਆਂ ਜਾ ਰਹੀਆਂ ਹਨ। ਸਮੇਂ ਦੇ ਬੀਤਣ ਨਾਲ ਪੰਜਾਬੀ ਇਸ ਪੀੜ ਨੂੰ ਹੋਰ ਗਹਿਰਾਈ ਨਾਲ ਮਹਿਸੂਸ ਕਰਨ ਲੱਗੇ ਹਨ। ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਰਾਜਾਂ ਦੇ ਭਾਸ਼ਾ ਦੇ ਆਧਾਰ ਉੱਤੇ ਪੁਨਰਗਠਨ ਦੀ ਨੀਤੀ ਲਾਗੂ ਕੀਤੀ ਗਈ। ਦੇਸ਼ ਦੇ ਬਹੁਤ ਸਾਰੇ ਰਾਜਾਂ ਦਾ ਪੁਨਰਗਠਨ ਹੋਇਆ ਪਰ ਪੰਜਾਬੀਆਂ ਨੂੰ ਪੰਜਾਬੀ ਸੂਬਾ ਲੈਣ ਵਾਸਤੇ ਜੇਲ੍ਹਾਂ ਵਿਚ ਜਾਣਾ ਪਿਆ। ਭਾਸ਼ਾ ਦੇ ਆਧਾਰ ’ਤੇ ਬਾਕੀ ਸੂਬੇ 1956 ਵਿਚ ਬਣ ਗਏ ਸਨ ਪਰ ਪੰਜਾਬੀ ਸੂਬਾ ਪਹਿਲੀ ਨਵੰਬਰ 1966 ਨੂੰ ਹੋਂਦ ਵਿਚ ਆਇਆ।
ਉਨ੍ਹੀਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿਚ ਭਾਸ਼ਾਵਾਂ ਨੂੰ ਧਰਮ ਨਾਲ ਜੋੜ ਦਿੱਤਾ ਗਿਆ। ਉਰਦੂ ਮੁਸਲਮਾਨਾਂ, ਹਿੰਦੀ ਹਿੰਦੂਆਂ ਅਤੇ ਪੰਜਾਬੀ (ਗੁਰਮੁਖੀ) ਸਿੱਖਾਂ ਦੀ ਭਾਸ਼ਾ ਮੰਨੀ ਜਾਣ ਲੱਗੀ। ਆਜ਼ਾਦੀ ਤੋਂ ਬਾਅਦ ਦੀਆਂ ਮਰਦਮਸ਼ੁਮਾਰੀਆਂ ਸਮੇਂ ਪੰਜਾਬੀ ਬੋਲਣ ਦੇ ਬਾਵਜੂਦ ਮਾਤ ਭਾਸ਼ਾ ਹਿੰਦੀ ਲਿਖਵਾਉਣ ਦਾ ਗੁਮਰਾਹਕੁਨ ਪ੍ਰਚਾਰ ਹੁੰਦਾ ਰਿਹਾ। ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬ ਤੋਂ ਬਾਹਰ ਰਹਿ ਜਾਣਾ, ਚੰਡੀਗੜ੍ਹ ਅਤੇ ਪਾਣੀਆਂ ਸਮੇਤ ਅਨੇਕ ਮੁੱਦੇ ਪੰਜਾਬ ਦੀ ਹੋਂਦ ਨਾਲ ਜੁੜੇ ਸਥਾਈ ਮਸਲੇ ਬਣ ਗਏ ਹਨ। ਲਛਮਣ ਸਿੰਘ ਗਿੱਲ ਦੀ ਵਜ਼ਾਰਤ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਕਾਨੂੰਨੀ ਦਰਜਾ ਦਿੱਤਾ ਪਰ ਇਸ ਉੱਤੇ ਅਮਲ ਅਜੇ ਵੀ ਵਿਵਾਦਾਂ ਦੇ ਘੇਰੇ ਵਿਚ ਹੈ। ਪਾਣੀਆਂ ਦੇ ਮੁੱਦੇ ’ਤੇ ਸ਼ੁਰੂ ਹੋਏ ਅੰਦੋਲਨ ਨੂੰ ਵੀ ਗੰਭੀਰਤਾ ਨਾਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਸਭ ਲੋਕਾਂ ਨੂੰ ਆਸ ਸੀ ਕਿ ਪੰਜਾਬੀ ਸੂਬਾ ਬਣਨ ਨਾਲ ਇਹ ਖ਼ਿੱਤਾ ਹਰ ਪੱਖ ਤੋਂ ਵਿਕਾਸ ਕਰੇਗਾ ਅਤੇ ਪੰਜਾਬੀ ਭਾਸ਼ਾ ਦੀ ਨਵੀਂ ਨੁਹਾਰ ਸਾਹਮਣੇ ਆਵੇਗੀ। ਜਿੱਥੇ ਖੇਤੀ ਅਤੇ ਹੋਰ ਖੇਤਰਾਂ ਵਿਚ ਆਏ ਸੰਕਟ ਸਭ ਦੇ ਸਾਹਮਣੇ ਹਨ, ਉਸੇ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਆਏ ਨਿਘਾਰ ਦਾ ਮਸਲਾ ਵੀ ਚਿੰਤਾਜਨਕ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੀ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭਾਸ਼ਾ ਵਿਭਾਗ ਅਤੇ ਹੋਰ ਅਦਾਰੇ ਗੰਭੀਰ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਕਿਸੇ ਵੀ ਖਿੱਤੇ ਦੇ ਲੋਕ ਓਨਾ ਚਿਰ ਸਰਬਪੱਖੀ ਵਿਕਾਸ ਨਹੀਂ ਕਰ ਸਕਦੇ, ਜਿੰਨਾ ਚਿਰ ਉਨ੍ਹਾਂ ਦੀ ਮਾਂ ਬੋਲੀ ਉਨਤੀ ਨਹੀਂ ਕਰਦੀ। ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਲਈ ਪੰਜਾਬ ਦੇ ਵਿਦਵਾਨ ਅਤੇ ਸਾਹਿਤਕਾਰ ਵੀ ਜ਼ਿੰਮੇਵਾਰ ਹਨ। ਪੰਜਾਬ ਦੀ ਸਿਆਸੀ ਜਮਾਤ ਅਤੇ ਪ੍ਰਸ਼ਾਸਨ ਪੰਜਾਬੀ ਭਾਸ਼ਾ ਅਤੇ ਪੰਜਾਬ ਨਾਲ ਸਬੰਧਿਤ ਹੋਰ ਮੁੱਦਿਆਂ ਨੂੰ ਸੁਲਝਾਉਣ ਲਈ ਪ੍ਰਤੀਬੱਧ ਨਹੀਂ ਹਨ। ਨਵੇਂ ਪੰਜਾਬ ਦਾ ਦਿਨ ਕੇਂਦਰ ਦੀਆਂ ਸਰਕਾਰਾਂ ਅਤੇ ਪੰਜਾਬ ਨਾਲ ਸਬੰਧਿਤ ਸਿਆਸਤਦਾਨਾਂ ਨੂੰ ਪਿਛਲਝਾਤ ਮਾਰਦਿਆਂ ਗੰਭੀਰਤਾ ਨਾਲ ਮੁੜ ਵਿਚਾਰ ਕਰ ਕੇ ਭਵਿੱਖ ਲਈ ਸਹੀ ਰਾਹ ਅਪਣਾਉਣ ਦਾ ਮੌਕਾ ਦਿੰਦਾ ਹੈ।