ਕਿਸੇ ਵੀ ਖੇਤਰ ਵਿਚ ਹੋ ਰਹੀ ਜੰਗ ਉਸ ਖੇਤਰ ਲਈ ਤਬਾਹਕੁਨ ਹੋਣ ਦੇ ਨਾਲ ਨਾਲ ਬਾਕੀ ਦੇ ਸੰਸਾਰ ਉੱਪਰ ਵੀ ਕਈ ਤਰ੍ਹਾਂ ਦੇ ਕੂਟਨੀਤਕ, ਸਮਾਜਿਕ ਤੇ ਆਰਥਿਕ ਪ੍ਰਭਾਵ ਪਾਉਂਦੀ ਹੈ। ਰੂਸ-ਯੂਕਰੇਨ ਜੰਗ ਕਾਰਨ ਦੁਨੀਆ ਵਿਚ ਤੇਲ (ਪੈਟਰੋਲ-ਡੀਜ਼ਲ), ਕਣਕ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਧਣ ਦੇ ਆਸਾਰ ਹਨ। ਜਿੱਥੇ ਤੇਲ (ਪੈਟਰੋਲ-ਡੀਜ਼ਲ) ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਹਰ ਪੱਖ ਤੋਂ ਵਧੇਗੀ, ਉੱਥੇ ਵਿਸ਼ਵ ਮੰਡੀ ਵਿਚ ਕਣਕ ਦੀਆਂ ਕੀਮਤਾਂ ਵੀ ਵਧਣਗੀਆਂ। ਭਾਰਤ ਯੂਕਰੇਨ ਤੋਂ ਸੂਰਜਮੁਖੀ ਦਾ ਤੇਲ ਵੱਡੀ ਪੱਧਰ ’ਤੇ ਦਰਾਮਦ (import) ਕਰਦਾ ਹੈ ਅਤੇ ਇਸ ਦੀਆਂ ਕੀਮਤਾਂ ਵਧਣ ਦਾ ਪ੍ਰਭਾਵ ਦੂਸਰੇ ਤੇਲਾਂ (ਸਰ੍ਹੋਂ, ਕੈਨੋਲਾ, ਮੂੰਗਫਲੀ ਆਦਿ) ਦੀਆਂ ਕੀਮਤਾਂ ’ਤੇ ਵੀ ਪਵੇਗਾ।
ਕਿਸੇ ਜੰਗ ਕਾਰਨ ਆਪਣੇ ਖ਼ਿੱਤੇ ਨੂੰ ਹੋਣ ਵਾਲੇ ਆਰਥਿਕ ਫ਼ਾਇਦੇ ਨੂੰ ਵਿਚਾਰਨਾ ਮਨੁੱਖੀ ਪੱਖ ਤੋਂ ਸਹੀ ਨਹੀਂ ਲੱਗਦਾ ਪਰ ਇਸ ਤੋਂ ਬਚਿਆ ਵੀ ਨਹੀਂ ਜਾ ਸਕਦਾ। ਰੂਸ-ਯੂਕਰੇਨ ਜੰਗ ਪੰਜਾਬ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੀ ਹੈ। ਇਸ ਨੇ ਮੈਡੀਕਲ ਸਿੱਖਿਆ ਦੇ ਪੱਖ ਤੋਂ ਪੰਜਾਬ ਦੇ ਵਿੱਦਿਅਕ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ; ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਯੂਕਰੇਨ ਤੇ ਹੋਰ ਦੇਸ਼ਾਂ ਵਿਚ ਮੈਡੀਕਲ ਸਿੱਖਿਆ (ਐੱਮਬੀਬੀਐੱਸ) ਪ੍ਰਾਪਤ ਕਰਨ ਜਾਂਦੇ ਹਨ ਅਤੇ ਸੂਬੇ ਦੇ ਕਰੋੜਾਂ ਰੁਪਏ ਵਿਦੇਸ਼ੀ ਵਿੱਦਿਅਕ ਅਦਾਰਿਆਂ ਨੂੰ ਚਲਾਉਣ ਦੇ ਕੰਮ ਆਉਂਦੇ ਹਨ। ਪੰਜਾਬ ਦੀਆਂ ਸਰਕਾਰਾਂ ਨੇ ਕਈ ਦਹਾਕਿਆਂ ਤੋਂ ਸਿੱਖਿਆ ਅਤੇ ਖ਼ਾਸ ਕਰਕੇ ਮੈਡੀਕਲ ਸਿੱਖਿਆ ਨੂੰ ਵਿਸਾਰਿਆ ਹੋਇਆ ਹੈ।
ਆਰਥਿਕ ਅਤੇ ਖੇਤੀ ਮਾਹਿਰਾਂ ਅਨੁਸਾਰ ਇਸ ਜੰਗ ਕਾਰਨ ਕਣਕ ਦੇ ਭਾਅ ਵਧਣਗੇ। ਮਾਰਚ-ਅਪਰੈਲ ਵਿਚ ਪੰਜਾਬ ਦੇ ਬਹੁਤੇ ਕਿਸਾਨਾਂ ਨੂੰ ਆਰਥਿਕ ਮਜਬੂਰੀਆਂ ਕਾਰਨ ਕਣਕ ਤੁਰੰਤ ਮੰਡੀਆਂ ਵਿਚ ਵੇਚਣੀ ਪੈਣੀ ਹੈ ਪਰ ਜਿਹੜੇ ਕਿਸਾਨ ਕਣਕ ਬਚਾ ਕੇ ਰੱਖਣ (ਸਟੋਰ ਕਰਨ) ਦੀ ਸਮਰੱਥਾ ਰੱਖਦੇ ਹਨ, ਉਹ ਬਾਅਦ ਵਿਚ ਇਸ ਨੂੰ ਮਹਿੰਗੇ ਭਾਅ ਵੇਚ ਸਕਦੇ ਹਨ। ਬਹੁਤ ਸਾਰੇ ਖੇਤੀ ਮਾਹਿਰ ਇਸ ਗੱਲ ਵੱਲ ਵੀ ਧਿਆਨ ਦਿਵਾ ਰਹੇ ਹਨ ਕਿ ਸਾਡੀਆਂ ਸਰਕਾਰਾਂ ਭੋਜਨ ਵਿਚ ਵਰਤੇ ਜਾਣ ਵਾਲੇ ਤੇਲ ਦੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਿਉਂ ਨਹੀਂ ਕਰਦੀਆਂ। ਸੂਰਜਮੁਖੀ ਤੇਲ ਦੀ ਯੂਕਰੇਨ ਤੋਂ ਹੁੰਦੀ ਦਰਾਮਦ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਸੂਰਜਮੁਖੀ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਵਿਚ ਇਸ ਦੀ ਖੇਤੀ 1990ਵਿਆਂ ਵਿਚ ਕੀਤੀ ਜਾਣ ਲੱਗੀ ਸੀ ਪਰ ਇਸ ਸਬੰਧੀ ਕਈ ਸਮੱਸਿਆਵਾਂ ਹਨ : ਪਹਿਲੀ ਇਹ ਕਿ ਇਸ ਫ਼ਸਲ ਲਈ ਪਾਣੀ ਦੀ ਜ਼ਰੂਰਤ ਕਾਫ਼ੀ ਜ਼ਿਆਦਾ ਹੈ ਅਤੇ ਦੂਸਰੀ ਇਹ ਕਿ ਮੰਡੀ ਵਿਚ ਕਿਸਾਨਾਂ ਨੂੰ ਇਸ ਦਾ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲਿਆ; ਉਦਾਹਰਨ ਦੇ ਤੌਰ ’ਤੇ 2019 ਵਿਚ ਕੇਂਦਰ ਸਰਕਾਰ ਨੇ ਇਸ ਦਾ ਘੱਟੋ ਘੱਟ ਸਮਰਥਨ ਮੁੱਲ 5,338 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਸੀ ਪਰ ਪੰਜਾਬ ਦੀਆਂ ਮੰਡੀਆਂ ਵਿਚ ਇਹ 3,500-3,700 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਵਿਕੀ। ਪੰਜਾਬ ਦੀ ਜ਼ਮੀਨ ਅਤੇ ਖੇਤੀ ਚੱਕਰ ਸਰ੍ਹੋਂ ਤੇ ਕੈਨੋਲਾ ਦੀ ਖੇਤੀ ਦੇ ਜ਼ਿਆਦਾ ਅਨੁਕੂਲ ਹੈ ਅਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਤੇਲ-ਬੀਜਾਂ ਦੀ ਖੇਤੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸੂਰਜਮੁਖੀ ਦੀ ਫ਼ਸਲ ਉਨ੍ਹਾਂ ਇਲਾਕਿਆਂ ਵਿਚ ਉਗਾਈ ਜਾ ਸਕਦੀ ਹੈ ਜਿਹੜੇ ਸੇਮ ਤੋਂ ਪ੍ਰਭਾਵਿਤ ਹਨ। ਜੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਇਨ੍ਹਾਂ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ’ਤੇ ਖ਼ਰੀਦ ਕਰਨ ਤਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਵਿਚ ਖੇਤੀ, ਪਸ਼ੂ ਪਾਲਣ, ਦੁੱਧ, ਫ਼ਸਲਾਂ ਅਤੇ ਇਨ੍ਹਾਂ ਨਾਲ ਜੁੜੀਆਂ ਸਨਅਤਾਂ ਸਬੰਧੀ ਬਹੁਪਰਤੀ ਨੀਤੀ ਬਣਾਉਣ ਦੀ ਜ਼ਰੂਰਤ ਹੈ। ਰੂਸ-ਯੂਕਰੇਨ ਜੰਗ ਨੇ ਦੁਨੀਆ ਵਿਚ ਭੋਜਨ ਅਸੁਰੱਖਿਆ (food insecurity) ਦੇ ਪੱਖ ਤੋਂ ਵੀ ਪਰਦਾ ਉਠਾਇਆ ਹੈ ਅਤੇ ਉਹ ਖੇਤੀ ਮਾਹਿਰ, ਜਿਹੜੇ ਇਹ ਦਾਅਵੇ ਕਰਦੇ ਹੁੰਦੇ ਸਨ ਕਿ ਦੁਨੀਆ ਵਿਚ ਕਣਕ ਅਤੇ ਚੌਲਾਂ ਦੇ ਜ਼ਰੂਰਤ ਤੋਂ ਵੱਧ ਭੰਡਾਰ ਹਨ ਅਤੇ ਇਸ ਕਾਰਨ ਇਨ੍ਹਾਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਹੀਂ ਦੇਣਾ ਚਾਹੀਦਾ, ਗ਼ਲਤ ਸਾਬਤ ਹੋਏ ਹਨ। ਇਸ ਜੰਗ ਨੇ ਪੰਜਾਬ ਦੇ ਸੰਦਰਭ ਵਿਚ ਮੈਡੀਕਲ ਸਿੱਖਿਆ ਅਤੇ ਕਣਕ ਤੇ ਤੇਲ-ਬੀਜਾਂ ਦੀ ਖੇਤੀ ਬਾਰੇ ਵੱਡੇ ਸਵਾਲ ਉਠਾਏ ਹਨ। ਪੰਜਾਬ ਸਰਕਾਰ ਨੂੰ ਮਾਹਿਰਾਂ ਦੀ ਰਾਏ ਅਨੁਸਾਰ ਇਨ੍ਹਾਂ ਉੱਪਰ ਗੰਭੀਰਤਾ ਨਾਲ ਵਿਚਾਰ ਕਰ ਕੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।