ਕੇਂਦਰ ਸਰਕਾਰ ਭੋਜਨ ਬਣਾਉਣ ਲਈ ਵਰਤੇ ਜਾਣ ਵਾਲੇ ਪਾਮ (Palm) ਤੇਲ ਦੀ ਪੈਦਾਵਾਰ ਵਧਾਉਣ ਲਈ ‘ਨੈਸ਼ਨਲ ਮਿਸ਼ਨ ਔਨ ਐਡੀਬਲ ਆਇਲਜ਼-ਆਇਲ ਪਾਮ (National Mission on Edible Oils-Oil Palm-ਐੱਨਐੱਮਈਓ-ਓਪੀ)’ ਨਾਂ ਦੀ ਵੱਡੀ ਯੋਜਨਾ ਸ਼ੁਰੂ ਕਰ ਰਹੀ ਹੈ। ਇਸ ਯੋਜਨਾ ਲਈ 11,040 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਪਾਮ ਤੇਲ ਦੇਣ ਵਾਲੇ ਰੁੱਖਾਂ ਨੂੰ ਜ਼ਿਆਦਾਤਰ ਉੱਤਰ-ਪੂਰਬੀ ਰਾਜਾਂ ਅਤੇ ਅੰਡੇਮਾਨ-ਨਿਕੋਬਾਰ ਦੇ ਟਾਪੂਆਂ ’ਤੇ ਲਗਾਇਆ ਜਾਵੇਗਾ। ਇਹ ਯੋਜਨਾ 2037 ਤਕ ਜਾਰੀ ਰਹੇਗੀ। ਕੇਂਦਰ ਸਰਕਾਰ ਇਸ ਯੋਜਨਾ ਵਿਚ 8,844 ਕਰੋੜ ਰੁਪਏ ਲਗਾਏਗੀ ਅਤੇ ਬਾਕੀ ਦੇ 2,196 ਕਰੋੜ ਸੂਬਾ ਸਰਕਾਰਾਂ ਖਰਚ ਕਰਨਗੀਆਂ। ਕੇਂਦਰ ਸਰਕਾਰ ਅਨੁਸਾਰ ਇਹ ਦਰਖਤ ਲਗਭਗ 10 ਲੱਖ ਹੈਕਟੇਅਰ ਰਕਬੇ ਵਿਚ ਲਾਏ ਜਾਣਗੇ ਅਤੇ ਇਨ੍ਹਾਂ ਤੋਂ 2025-26 ਤਕ 11.20 ਲੱਖ ਟਨ ਅਤੇ 2030 ਤਕ 26 ਲੱਖ ਟਨ ਤੇਲ ਦੀ ਪੈਦਾਵਾਰ ਹੋਵੇਗੀ।
ਇਸ ਵੇਲੇ ਦੇਸ਼ ਵਿਚ ਇਨ੍ਹਾਂ ਤੇਲਾਂ ਦੀ ਮੰਗ ਲਗਭਗ 250 ਲੱਖ ਟਨ ਹੈ ਜਿਸ ਵਿਚੋਂ 130 ਲੱਖ ਟਨ ਤੇਲ ਦਰਾਮਦ ਕੀਤਾ ਜਾਂਦਾ ਹੈ। ਦਰਾਮਦ ਕੀਤੇ ਜਾਂਦੇ ਤੇਲ ਵਿਚ ਲਗਭਗ 55 ਫ਼ੀਸਦੀ ਹਿੱਸਾ ਪਾਮ ਤੇਲ ਦਾ ਹੈ ਜੋ ਜ਼ਿਆਦਾਤਰ ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਆਉਂਦਾ ਹੈ। ਇਹ ਦਰਖਤ ਕੁਦਰਤੀ ਤੌਰ ’ਤੇ ਪੱਛਮੀ ਅਤੇ ਖ਼ਾਸ ਕਰਕੇ ਦੱਖਣ-ਪੱਛਮੀ ਅਫ਼ਰੀਕਾ ਦੇ ਦੇਸ਼ਾਂ ਵਿਚ ਉੱਗਦੇ ਹਨ। ਹਾਲੈਂਡ ਡੱਚ ਈਸਟ ਇੰਡੀਆ ਕੰਪਨੀ ਨੇ ਇਸ ਨੂੰ ਉੱਨੀਵੀਂ ਸਦੀ ਦੇ ਅੱਧ ਵਿਚ ਜਾਵਾ ਅਤੇ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਮਲੇਸ਼ੀਆ ਵਿਚ ਉਗਾਉਣਾ ਸ਼ੁਰੂ ਕੀਤਾ ਅਤੇ ਇਹ ਕੰਮ ਵੱਡੀਆਂ ਵਪਾਰਕ ਕੰਪਨੀਆਂ ਦੇ ਹੱਥਾਂ ਵਿਚ ਰਿਹਾ। ਪਾਲਮ ਦੇ ਦਰਖਤਾਂ ਤੋਂ ਪੈਦਾ ਹੁੰਦੇ ਤੇਲ ਦੀ ਮਿਕਦਾਰ ਓਨੇ ਹੀ ਰਕਬੇ ਵਿਚ ਤੇਲ ਪੈਦਾ ਕਰਨ ਵਾਲੀਆਂ ਹੋਰ ਫ਼ਸਲਾਂ ਦੇ ਮੁਕਾਬਲੇ 6 ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਇਕ ਹੈਕਟੇਅਰ ਵਿਚ ਲੱਗੇ ਪਾਮ ਰੁੱਖਾਂ ਤੋਂ ਸਾਲਾਨਾ 6 ਤੋਂ 8 ਲੱਖ ਟਨ ਤੇਲ ਮਿਲਦਾ ਹੈ ਜਦਕਿ ਦੂਸਰੀਆਂ ਫ਼ਸਲਾਂ ਮਸਾਂ ਇਕ ਟਨ ਤੇਲ ਹੀ ਦੇ ਸਕਦੀਆਂ ਹਨ। ਇਹੀ ਕਾਰਨ ਹੈ ਕਿ ਮਲੇਸ਼ੀਆ, ਇੰਡੋਨੇਸ਼ੀਆ, ਕੰਬੋਡੀਆ, ਸ੍ਰੀਲੰਕਾ, ਮੈਡਗਾਸਕਰ ਅਤੇ ਭੂਮੱਧ ਰੇਖਾ ਦੇ ਨਾਲ ਪੈਂਦੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿਚ ਇਹ ਰੁੱਖ ਵੱਡੇ ਪੱਧਰ ’ਤੇ ਲਗਾਏ ਗਏ ਹਨ।
ਉੱਪਰ ਦੱਸੇ ਗਏ ਤੱਥ ਤਸਵੀਰ ਦਾ ਇਕ ਪਾਸਾ ਪੇਸ਼ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਰਖਤ ਲਾਉਣ ਨਾਲ ਦੇਸ਼ ਵਿਚ ਭੋਜਨ ਲਈ ਵਰਤੇ ਜਾਣ ਵਾਲੇ ਤੇਲ ਦੀ ਪੈਦਾਵਾਰ ਵਧੇਗੀ ਪਰ ਵਾਤਾਵਰਨ ਦੇ ਖੇਤਰ ਵਿਚ ਕੰਮ ਕਰਨ ਵਾਲੇ ਮਾਹਿਰਾਂ ਅਨੁਸਾਰ ਇਨ੍ਹਾਂ ਰੁੱਖਾਂ ਨੂੰ ਵਪਾਰਕ ਤੌਰ ’ਤੇ ਸਮੂਹਿਕ ਪੱਧਰ ’ਤੇ ਲਗਾਉਣ (Plantations) ਨਾਲ ਦੇਸ਼ ਦੇ ਵਾਤਾਵਰਨ ਉੱਤੇ ਮਾੜੇ ਅਸਰ ਪੈਣਗੇ। ਮਲੇਸ਼ੀਆ ਅਤੇ ਇੰਡੋਨੇਸ਼ੀਆ ਦਾ ਤਜਰਬਾ ਦੱਸਦਾ ਹੈ ਕਿ ਪਾਮ ਦਰਖਤਾਂ ਨੂੰ ਵੱਡੇ ਪੱਧਰ ’ਤੇ ਲਗਾਉਣ (Plantations) ਨਾਲ ਉਨ੍ਹਾਂ ਦੇਸ਼ਾਂ ਦੇ ਰਵਾਇਤੀ ਜੰਗਲ ਤਬਾਹ ਹੋ ਗਏ ਅਤੇ ਰੁੱਖਾਂ, ਜੀਵਾਂ ਅਤੇ ਜੜੀ-ਬੂਟੀਆਂ ਦੀਆਂ ਕਈ ਮਹੱਤਵਪੂਰਨ ਪਰਜਾਤੀਆਂ ਲੋਪ ਹੋਣ ਦੇ ਕਿਨਾਰੇ ਪਹੁੰਚ ਗਈਆਂ। ਭੋਜਨ ਖੇਤਰ ਦੇ ਮਾਹਿਰ ਇਸ ਤੇਲ ਨੂੰ ਭੋਜਨ ਵਿਚ ਵਰਤੇ ਜਾਣ ਵਾਲੇ ਤੇਲਾਂ ਵਿਚੋਂ ਸਭ ਤੋਂ ਮਾੜਾ ਦੱਸਦੇ ਹਨ ਪਰ ਪੈਦਾਵਾਰ ਜ਼ਿਆਦਾ ਹੋਣ ਕਾਰਨ ਇਹ ਗ਼ਰੀਬ ਦੇਸ਼ਾਂ ਦੇ ਘੱਟ ਸਾਧਨਾਂ ਵਾਲੇ ਲੋਕਾਂ ਲਈ ਸਭ ਤੋਂ ਸਸਤਾ ਤੇਲ ਹੈ ਜਿਸ ਕਾਰਨ ਇਸ ਦੀ ਪੈਦਾਵਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਇਹ ਵੀ ਖ਼ਦਸ਼ਾ ਹੈ ਕਿ ਇਨ੍ਹਾਂ ਰੁੱਖਾਂ ਨੂੰ ਲਗਾਉਣ ਦੇ ਠੇਕੇ ਕੁਝ ਖ਼ਾਸ ਕਾਰਪੋਰੇਟ ਅਦਾਰਿਆਂ ਨੂੰ ਦਿੱਤੇ ਜਾਣਗੇ ਅਤੇ ਇਸ ਤਰ੍ਹਾਂ ਲਾਭ ਆਮ ਕਿਸਾਨਾਂ ਦੀ ਬਜਾਏ ਕਾਰਪੋਰੇਟ ਅਦਾਰਿਆਂ ਨੂੰ ਹੋਵੇਗਾ। ਇਹ ਸਵਾਲ ਵੀ ਉਠਾਏ ਜਾ ਰਹੇ ਹਨ ਕਿ ਸਾਡੇ ਦੇਸ਼ ਦੇ ਕਿਸਾਨਾਂ ਦੁਆਰਾ ਭੋਜਨ ਵਿਚ ਵਰਤੇ ਜਾਣ ਵਾਲੇ ਰਵਾਇਤੀ ਤੇਲਾਂ ਦੀਆਂ ਸਦੀਆਂ ਤੋਂ ਉਗਾਈਆਂ ਜਾ ਰਹੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਇੰਨੀ ਵੱਡੀ ਰਕਮ ਕਿਉਂ ਨਹੀਂ ਖਰਚਦੀ। ਪਿਛਲੇ ਸਾਲ ਦੇਸ਼ ਵਿਚ ਭੋਜਨ ਲਈ ਵਰਤੇ ਜਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਹੈ ਅਤੇ ਉਸ ਦਾ ਫ਼ਾਇਦਾ ਵੀ ਕੁਝ ਖ਼ਾਸ ਕਾਰਪੋਰੇਟ ਕੰਪਨੀਆਂ ਨੇ ਉਠਾਇਆ ਹੈ। ਸਰਕਾਰ ਨੂੰ ਪਾਮ ਦੇ ਰੁੱਖਾਂ ਨੂੰ ਵੱਡੇ ਪੱਧਰ ’ਤੇ ਲਗਾਉਣ ਤੋਂ ਪਹਿਲਾਂ ਇਸ ਵਿਸ਼ੇ ਬਾਰੇ ਮਾਹਿਰਾਂ ਨਾਲ ਅਤੇ ਜਨਤਕ ਪੱਧਰ ’ਤੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।