ਰਾਸ਼ਟਰਪਤੀ ਦੀ ਚੋਣ

ਰਾਸ਼ਟਰਪਤੀ ਦੀ ਚੋਣ

ਝਾਰਖੰਡ ਦੀ ਸਾਬਕਾ ਰਾਜਪਾਲ ਦਰੌਪਦੀ ਮੁਰਮੂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਉਹ ਆਦਿਵਾਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪਹਿਲੇ ਰਾਸ਼ਟਰਪਤੀ ਹੋਣਗੇ। 1958 ਵਿਚ ਉੜੀਸਾ ਦੇ ਮਿਊਰਭੰਜ ਜ਼ਿਲ੍ਹੇ ਵਿਚ ਜਨਮੇ ਮੁਰਮੂ ਸੰਥਾਲ ਕਬੀਲੇ ਨਾਲ ਸਬੰਧ ਰੱਖਦੇ ਹਨ ਅਤੇ ਉੜੀਸਾ ਵਿਚ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਹਨ।

ਸੰਥਾਲ ਜਾਂ ਮੁੰਡਾ ਕਬੀਲਾ ਝਾਰਖੰਡ ਵਿਚ ਵੱਸਦਾ ਸਭ ਤੋਂ ਵੱਡਾ ਕਬੀਲਾ ਹੈ। ਸੰਥਾਲ ਬਿਹਾਰ, ਛੱਤੀਸਗੜ੍ਹ, ਉੜੀਸਾ, ਪੱਛਮੀ ਬੰਗਾਲ ਅਤੇ ਅਸਾਮ ਵਿਚ ਵੀ ਵੱਸਦੇ ਹਨ। ਉਨ੍ਹਾਂ ਦੀ ਕੁੱਲ ਗਿਣਤੀ 75 ਲੱਖ ਦੇ ਕਰੀਬ ਹੈ। ਝਾਰਖੰਡ ਵਿਚ ਉਨ੍ਹਾਂ ਦੀ ਆਮਦ ਅੰਗਰੇਜ਼ ਹਕੂਮਤ ਦੀਆਂ ਨੀਤੀਆਂ ਕਾਰਨ ਹੋਈ। ਅੰਗਰੇਜ਼ ਹਾਕਮਾਂ, ਜ਼ਿਮੀਂਦਾਰਾਂ, ਵਪਾਰੀਆਂ ਅਤੇ ਸ਼ਾਹੂਕਾਰਾਂ ਨੇ ਸੰਥਾਲ ਕਬੀਲੇ ਦੇ ਲੋਕਾਂ ’ਤੇ ਬਹੁਤ ਜ਼ੁਲਮ ਕੀਤੇ ਜਿਸ ਕਾਰਨ ਉਨ੍ਹਾਂ ਨੇ 1855 ਵਿਚ ਸਰਕਾਰ ਵਿਰੁੱਧ ਬਗ਼ਾਵਤ ਕੀਤੀ। ਉਨ੍ਹਾਂ ਦਾ ਆਪਣਾ ਧਰਮ ਤੇ ਰਵਾਇਤਾਂ ਹਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਉਨ੍ਹਾਂ ਨੇ ਹਿੰਦੂ ਧਰਮ ਅਪਣਾਇਆ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ 63 ਫ਼ੀਸਦੀ ਸੰਥਾਲੀਆਂ ਨੇ ਆਪਣਾ ਧਰਮ ‘ਹਿੰਦੂ’ ਦਰਜ ਕਰਵਾਇਆ, 31 ਫ਼ੀਸਦੀ ਨੇ ਪੁਰਾਣਾ ਸੰਥਾਲੀ ‘ਸਰਨਾ’ ਧਰਮ ਅਤੇ 5 ਫ਼ੀਸਦੀ ਨੇ ‘ਇਸਾਈ’। ਉਨ੍ਹਾਂ ਦੀ ਬੋਲੀ ‘ਸੰਥਾਲੀ’ ਭਾਰਤ ਦੇ ਸੰਵਿਧਾਨ ਵਿਚ 22 ਮਾਨਤਾ ਪ੍ਰਾਪਤ ਭਾਸ਼ਾਵਾਂ ਵਿਚ ਸ਼ਾਮਲ ਹੈ। ਦਰੌਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ ਸੰਥਾਲ ਕਬੀਲੇ ਦੇ ਇਤਿਹਾਸ ਵਿਚ ਬਹੁਤ ਗੌਰਵ ਵਾਲੀ ਘਟਨਾ ਹੋਵੇਗੀ। ਵਿਰੋਧੀ ਪਾਰਟੀਆਂ ਨੇ ਤ੍ਰਿਣਮੂਲ ਕਾਂਗਰਸ ਦੇ ਯਸ਼ਵੰਤ ਸਿਨਹਾ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਅਤੇ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲ ਕ੍ਰਿਸ਼ਨ ਗਾਂਧੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਤੋਂ ਨਾਂਹ ਕਰ ਦਿੱਤੀ ਸੀ।

ਜਦੋਂ ਵਿਰੋਧੀ ਪਾਰਟੀਆਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਲੱਭਣ ਲਈ ਭਟਕਦੀਆਂ ਦਿਖਾਈ ਦਿੱਤੀਆਂ, ਉਸ ਸਮੇਂ ਭਾਜਪਾ ਨੇ ਵਿਹਾਰਕ ਸਿਆਸੀ ਸੂਝ-ਬੂਝ ਤੋਂ ਕੰਮ ਲੈਂਦਿਆਂ ਦਰੌਪਦੀ ਮੁਰਮੂ ਨੂੰ ਦੇਸ਼ ਦੇ ਸਭ ਤੋਂ ਸਿਖ਼ਰਲੇ ਸੰਵਿਧਾਨਕ ਅਹੁਦੇ ਲਈ ਚੁਣਨ ਦਾ ਫ਼ੈਸਲਾ ਕੀਤਾ ਹੈ। ਸਿਆਸਤ ਵਿਚ ਅਜਿਹੇ ਫ਼ੈਸਲਿਆਂ ਦਾ ਪ੍ਰਤੀਕਾਤਮਕ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਮੁਰਮੂ ਦੇ ਰਾਸ਼ਟਰਪਤੀ ਬਣਨ ਨਾਲ ਨਾ ਸਿਰਫ਼ ਸੰਥਾਲ ਕਬੀਲੇ ਸਗੋਂ ਹੋਰ ਜਨਜਾਤੀਆਂ ਦੇ ਲੋਕਾਂ ਵਿਚ ਇਹ ਸੁਨੇਹਾ ਜਾਵੇਗਾ ਕਿ ਉਨ੍ਹਾਂ ਦੇ ਨੁਮਾਇੰਦੇ ਦੇਸ਼ ਦੇ ਉੱਚਤਮ ਅਹੁਦੇ ਤਕ ਪਹੁੰਚ ਸਕਦੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਜਨਜਾਤੀਆਂ ਦੇ ਲੋਕਾਂ ਦੀ ਗਿਣਤੀ 10.4 ਕਰੋੜ ਭਾਵ ਦੇਸ਼ ਦੀ ਵੱਸੋਂ ਦਾ 8.6 ਫ਼ੀਸਦੀ ਸੀ। ਉਹ ਦੇਸ਼ ਦੀ ਸਿਆਸਤ ਅਤੇ ਅਰਥਚਾਰੇ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਵਿਰੋਧੀ ਪਾਰਟੀਆਂ ਵਿਚ ਅਜਿਹੀ ਪ੍ਰਤੀਕਾਤਮਕ ਸਿਆਸਤ ਕਰਨ ਦੀ ਊਰਜਾ ਦਿਖਾਈ ਨਹੀਂ ਦਿੰਦੀ। ਉੜੀਸਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ ਨੇ ਦਰੌਪਦੀ ਮੁਰਮੂ ਨੂੰ ਉਮੀਦਵਾਰ ਬਣਾਉਣ ਦਾ ਸਵਾਗਤ ਕਰਦਿਆਂ ਇਸ ਨੂੰ ਉੜੀਸਾ ਦੇ ਗੌਰਵ ਦਾ ਪਲ ਦੱਸਿਆ ਹੈ। ਜਨਤਾ ਦਲ (ਯੂਨਾਈਟਿਡ) ਅਤੇ ਹੋਰ ਪਾਰਟੀਆਂ ਵੀ ਮੁਰਮੂ ਦੀ ਹਮਾਇਤ ਕਰਨਗੀਆਂ। ਇਸ ਤਰ੍ਹਾਂ ਮੁਰਮੂ ਦਾ ਚੁਣਿਆ ਜਾਣਾ ਯਕੀਨੀ ਹੈ। ਉਨ੍ਹਾਂ ਨੂੰ ਉਮੀਦਵਾਰ ਬਣਾ ਕੇ ਭਾਜਪਾ ਨੇ ਸਿਆਸਤ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਨੂੰ ਵਿਚਾਰਧਾਰਕ, ਵਿਹਾਰਕ, ਸਮਾਜਿਕ ਤੇ ਪ੍ਰਤੀਕਾਤਮਕ ਪੱਧਰ ’ਤੇ ਵੀ ਮਾਤ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All