ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਤੀਜੇ ਅਰਧੇਂਦੂ ਬੋਸ ਨੇ ਕਿਹਾ ਹੈ ਕਿ ਦੇਸ਼ ਨੂੰ ਆਜ਼ਾਦੀ ਨੇਤਾ ਜੀ ਅਤੇ ਆਜ਼ਾਦ ਹਿੰਦ ਫ਼ੌਜ ਦੀਆਂ ਕਾਰਵਾਈਆਂ ਨੇ ਦਿਵਾਈ, ਨਾ ਕਿ ਮਹਾਤਮਾ ਗਾਂਧੀ ਦੇ ਸ਼ਾਂਤਮਈ ਅੰਦੋਲਨ ਨੇ। ਅਰਧੇਂਦੂ ਬੋਸ ਨੇ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ’ਤੇ ਨੇਤਾ ਜੀ ਨੂੰ ਅੱਖੋਂ ਓਹਲੇ ਕਰਨ ਤੇ ਉਨ੍ਹਾਂ ਦੀ ਭੂਮਿਕਾ ਨੂੰ ਇਤਿਹਾਸ ਦੀਆਂ ਕਿਤਾਬਾਂ ਤੋਂ ਦੂਰ ਰੱਖਣ ਦਾ ਇਲਜ਼ਾਮ ਲਗਾਇਆ ਹੈ। ਇਹ ਬਿਆਨ ਕੇਂਦਰ ਸਰਕਾਰ ਦੁਆਰਾ ਇੰਡੀਆ ਗੇਟ ਦੀ ਕੇਨੋਪੀ ਵਿਚ ਸੁਭਾਸ਼ ਚੰਦਰ ਬੋਸ ਦਾ ਬੁੱਤ ਲਾਉਣ ਦੇ ਸੰਦਰਭ ਵਿਚ ਦਿੱਤਾ ਗਿਆ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਜ਼ਾਦੀ ਤੋਂ ਬਾਅਦ ਆਜ਼ਾਦੀ ਪ੍ਰਾਪਤ ਕਰਨ ਵਿਚ ਕਾਂਗਰਸ ਅਤੇ ਕਾਂਗਰਸੀ ਆਗੂਆਂ ਦੀ ਭੂਮਿਕਾ ਨੂੰ ਵਧ ਚੜ੍ਹ ਕੇ ਦਰਸਾਇਆ ਗਿਆ ਜਿਨ੍ਹਾਂ ਵਿਚੋਂ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰ ਪ੍ਰਮੁੱਖ ਸਨ। 1946-47 ਵਿਚ ਮਹਾਤਮਾ ਗਾਂਧੀ ਦੁਆਰਾ ਵੰਡ ਦਾ ਵਿਰੋਧ ਕੀਤੇ ਜਾਣ, ਫ਼ਿਰਕੂ ਦੰਗਿਆਂ ਨੂੰ ਰੋਕਣ ਅਤੇ ਨੱਥੂ ਰਾਮ ਗੌਡਸੇ ਦੁਆਰਾ ਮਹਾਤਮਾ ਗਾਂਧੀ ਦੇ ਕਤਲ ਕਾਰਨ ਸਾਰੀ ਦੁਨੀਆ ਦਾ ਧਿਆਨ ਗਾਂਧੀ ’ਤੇ ਇਕ ਖ਼ਾਸ ਤਰੀਕੇ ਨਾਲ ਕੇਂਦਰਤ ਹੋਇਆ। ਨਹਿਰੂ ਦੇ ਪ੍ਰਧਾਨ ਮੰਤਰੀ ਬਣਨ ਅਤੇ ਬਾਅਦ ਵਿਚ ਸੱਤਾ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਮਿਲਣ ਕਾਰਨ ਨਹਿਰੂ ਦੀ ਭੂਮਿਕਾ ਨੂੰ ਇਤਿਹਾਸ ਦੀਆਂ ਕਿਤਾਬਾਂ ਵਿਚ ਵਧੇਰੇ ਥਾਂ ਮਿਲੀ। ਇਸ ਸਭ ਕੁਝ ਦੇ ਬਾਵਜੂਦ ਇਹ ਕਹਿਣਾ ਗ਼ਲਤ ਹੋਵੇਗਾ ਕਿ ਦੇਸ਼ ਵਿਚ ਇਹ ਮਾਨਤਾ ਬਣ ਗਈ ਕਿ ਆਜ਼ਾਦੀ ਸਿਰਫ਼ ਕਾਂਗਰਸ ਦੇ ਯਤਨਾਂ ਕਾਰਨ ਮਿਲੀ। ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਲੋਕਾਂ ਅਤੇ ਇਤਿਹਾਸਕਾਰਾਂ ਨੇ ਆਪਣੇ ਸਥਾਨਕ ਘੋਲਾਂ ਅਤੇ ਨਾਇਕਾਂ ਨੂੰ ਯਾਦ ਕੀਤਾ; ਉਨ੍ਹਾਂ ਬਾਰੇ ਖੋਜ ਕੀਤੀ ਅਤੇ ਯਾਦਗਾਰਾਂ ਸਥਾਪਿਤ ਕੀਤੀਆਂ।
ਆਜ਼ਾਦੀ ਦੀ ਲੜਾਈ 1757 ਤੋਂ ਬਾਅਦ ਸ਼ੁਰੂ ਹੋ ਗਈ ਸੀ ਅਤੇ 1857 ਦੇ ਵਿਦਰੋਹ ਤੋਂ ਪਹਿਲਾਂ ਕਬਾਇਲੀ ਬਗ਼ਾਵਤਾਂ ਅਤੇ ਸਥਾਨਕ ਘੋਲਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਵਿੱਢੀ। 1857 ਦਾ ਵਿਦਰੋਹ ਦੇਸ਼ ਪੱਧਰ ਦਾ ਸਮੂਹਿਕ ਉਪਰਾਲਾ ਸੀ। ਜੇ ਸਿਰਫ਼ ਪੰਜਾਬ ਦੀ ਹੀ ਗੱਲ ਕਰੀਏ ਤਾਂ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਜੱਲ੍ਹਿਆਂਵਾਲੇ ਬਾਗ਼ ਨਾਲ ਸਬੰਧਿਤ ਅੰਦੋਲਨ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਦੇ ਸਾਥੀਆਂ ਨਾਲ ਸਬੰਧਿਤ ਲਹਿਰ, ਕਿਸਾਨ ਮੋਰਚੇ, ਕਾਂਗਰਸ, ਅਕਾਲੀ, ਕਿਰਤੀ ਅਤੇ ਕਮਿਊਨਿਸਟ ਆਗੂਆਂ ਦੀ ਅਗਵਾਈ ਵਿਚ ਲੜੀਆਂ ਗਈਆਂ ਕਈ ਲੜਾਈਆਂ, ਸਭ ਨੇ ਆਜ਼ਾਦੀ ਪ੍ਰਾਪਤ ਕਰਨ ਦੇ ਲੰਮੇ ਸਫ਼ਰ ਵਿਚ ਯੋਗਦਾਨ ਦਿੱਤਾ। ‘ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਦੌਰਾਨ ਲੱਖਾਂ ਹਿੰਦੋਸਤਾਨੀ ਜੇਲ੍ਹਾਂ ਵਿਚ ਗਏ ਅਤੇ ਹਕੂਮਤ ਦੀ ਹਿੰਸਾ ਦਾ ਸਾਹਮਣਾ ਕੀਤਾ। ਸਿਵਲ ਨਾਫ਼ਰਮਾਨੀ ਲਹਿਰਾਂ, ਡਾਂਡੀ ਅੰਦੋਲਨ ਅਤੇ ਹੋਰ ਸੰਘਰਸ਼ਾਂ ਵਿਚ ਲੱਖਾਂ ਦੇਸ਼ ਵਾਸੀਆਂ ਨੇ ਕੁਰਬਾਨੀਆਂ ਦਿੱਤੀਆਂ। 1946 ਵਿਚ ਨੇਵੀ ਨੇ ਬਗ਼ਾਵਤ ਕੀਤੀ। ਇਸ ਤਰ੍ਹਾਂ ਕਿਸੇ ਇਕ ਵਿਅਕਤੀ ਜਾਂ ਲਹਿਰ/ਸੰਘਰਸ਼ ਸਿਰ ਆਜ਼ਾਦੀ ਦਾ ਪੂਰਾ ਸਿਹਰਾ ਬੰਨ੍ਹਣਾ ਸਹੀ ਨਹੀਂ ਹੈ।
ਸੁਭਾਸ਼ ਚੰਦਰ ਬੋਸ ਆਜ਼ਾਦੀ ਸੰਘਰਸ਼ ਦਾ ਪ੍ਰਮੁੱਖ ਨੇਤਾ ਸੀ। ਉਸ ਨੇ ਸਾਰੀ ਉਮਰ ਕਾਂਗਰਸ ਵਿਚ ਕੰਮ ਕੀਤਾ ਅਤੇ 1938 ਤੇ 1939 ਵਿਚ ਇਸ ਦਾ ਪ੍ਰਧਾਨ ਬਣਿਆ। ਕਾਂਗਰਸ ਦੀ ਅੰਦਰੂਨੀ ਸਿਆਸਤ ਵਿਚ ਉਹ ਮਹਾਤਮਾ ਗਾਂਧੀ ਅਤੇ ਸਰਦਾਰ ਵੱਲਭਭਾਈ ਪਟੇਲ ਦੇ ਗਰੁੱਪ ਦਾ ਵਿਰੋਧੀ ਸੀ। 1939 ਵਿਚ ਕਾਂਗਰਸ ਛੱਡਣ ਤੋਂ ਬਾਅਦ ਉਸ ਨੇ ਖੱਬੇ ਪੱਖੀ ਪਾਰਟੀ ਆਲ ਇੰਡੀਆ ‘ਫਾਰਵਰਡ ਬਲਾਕ’ ਦੀ ਨੀਂਹ ਰੱਖੀ। ਮੀਆਂ ਅਕਬਰ ਸ਼ਾਹ, ਨਿਰੰਜਣ ਸਿੰਘ ਤਾਲਬਿ, ਕਾਮਰੇਡ ਅੱਛਰ ਸਿੰਘ ਛੀਨਾ, ਭਗਤ ਰਾਮ ਤਲਵਾਰ ਅਤੇ ਕਈ ਹੋਰ ਆਗੂਆਂ ਨੇ ਸੁਭਾਸ਼ ਚੰਦਰ ਬੋਸ ਨੂੰ ਅਫ਼ਗਾਨਿਸਤਾਨ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਬੋਸ ਸੋਵੀਅਤ ਯੂਨੀਅਨ ਤੋਂ ਸਹਾਇਤਾ ਲੈਣੀ ਚਾਹੁੰਦਾ ਸੀ ਪਰ ਇਹ ਯੋਜਨਾ ਸਫ਼ਲ ਨਾ ਹੋਣ ’ਤੇ ਉਹ ਜਰਮਨੀ ਚਲਾ ਗਿਆ ਅਤੇ ਬਾਅਦ ਵਿਚ ਸਿੰਗਾਪੁਰ ਪਹੁੰਚ ਕੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਕੀਤੀ। ਇਹ ਫ਼ੌਜ ਸਥਾਪਿਤ ਕਰਨ ਵਿਚ ਵੀ ਰਾਸ ਬਿਹਾਰੀ ਬੋਸ, ਮੋਹਨ ਸਿੰਘ, ਸ਼ਾਹ ਨਵਾਜ਼ ਖ਼ਾਨ, ਪ੍ਰੇਮ ਸਹਿਗਲ, ਗੁਰਬਖ਼ਸ਼ ਸਿੰਘ ਢਿੱਲੋਂ ਆਦਿ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਜਪਾਨੀਆਂ ਦੁਆਰਾ ਕੈਦ ਕੀਤੇ ਗਏ ਹਜ਼ਾਰਾਂ ਫ਼ੌਜੀ ਆਪਣੀ ਮਰਜ਼ੀ ਨਾਲ ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਿਲ ਹੋਏ। ਬੋਸ ਨੇ ਫ਼ੌਜ ਦੇ ਬ੍ਰਿਗੇਡਾਂ ਦੇ ਨਾਂ ਗਾਂਧੀ, ਨਹਿਰੂ ਅਤੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਨਾਂ ’ਤੇ ਰੱਖੇ। ਆਜ਼ਾਦ ਹਿੰਦ ਫ਼ੌਜ ਨੇ ਅੰਗਰੇਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਪਰ ਅਜਿਹੇ ਸਭ ਯਤਨ ਸਮੂਹਿਕ ਯਤਨ ਸਨ ਜਿਨ੍ਹਾਂ ਵਿਚ ਆਗੂਆਂ ਦੇ ਨਾਲ ਨਾਲ ਆਮ ਲੋਕਾਂ ਦੀ ਭੂਮਿਕਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਨੇਤਾ ਜੀ ਨੂੰ ਦੇਸ਼ ਦੇ ਇਤਿਹਾਸ ਵਿਚ ਉਚਿਤ ਸਥਾਨ ਪ੍ਰਾਪਤ ਹੈ। ਸਿਆਸੀ ਪਾਰਟੀਆਂ ਨੂੰ ਆਜ਼ਾਦੀ ਸੰਘਰਸ਼ ਦੇ ਨਾਇਕਾਂ ਨੂੰ ਯਾਦ ਕਰਨ ਅਤੇ ਮਾਨਤਾ ਦੇਣ ਵੇਲੇ ਅਜਿਹੀਆਂ ਕਾਰਵਾਈਆਂ/ਸਮਾਗਮਾਂ ਤੋਂ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।