ਪਾਕਿਸਤਾਨ ਅੰਦਰ ਜਮਹੂਰੀਅਤ ਦਾ ਸੰਕਟ ਲੰਮਾ ਹੁੰਦਾ ਦਿਖਾਈ ਦੇ ਰਿਹਾ ਹੈ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਖਿ਼ਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਸੀ। ਇਸ ਉੱਤੇ 3 ਅਪਰੈਲ ਨੂੰ ਵੋਟਿੰਗ ਹੋਣੀ ਸੀ ਪਰ ਨਵੀਂ ਰਣਨੀਤੀ ਤਹਿਤ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਵਿਰੋਧੀ ਧਿਰ ਦੇ ਮਤੇ ਨੂੰ ਸੰਵਿਧਾਨ ਦੀ ਉਲੰਘਣਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਜਿਸ ਸਮੇਂ ਡਿਪਟੀ ਸਪੀਕਰ ਨੇ ਇਹ ਐਲਾਨ ਕੀਤਾ ਤਾਂ ਇਮਰਾਨ ਖ਼ਾਨ ਅਸੈਂਬਲੀ ਵਿਚ ਨਹੀਂ ਸਨ ਅਤੇ ਕੁਝ ਹੀ ਮਿੰਟਾਂ ਪਿੱਛੋਂ ਪ੍ਰਧਾਨ ਮੰਤਰੀ ਨੇ ਨੈਸ਼ਨਲ ਅਸੈਂਬਲੀ ਭੰਗ ਕਰਕੇ ਅਗਲੇ 90 ਦਿਨਾਂ ਦੇ ਅੰਦਰ ਨਵੀਆਂ ਚੋਣਾਂ ਕਰਵਾਉਣ ਦੀ ਸਿਫ਼ਾਰਿਸ਼ ਕਰ ਦਿੱਤੀ। ਸਿਫ਼ਾਰਿਸ਼ ਪਿੱਛੋਂ ਰਾਸ਼ਟਰਪਤੀ ਆਰਿਫ ਅਲਵੀ ਨੇ ਅਸੈਂਬਲੀ ਭੰਗ ਕਰਕੇ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਵਿਰੋਧੀ ਧਿਰ ਨੇ ਇਸ ਨੂੰ ਸੰਵਿਧਾਨ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾ ਕੇ ਸੁਪਰੀਮ ਕੋਰਟ ਜਾਣ ਦਾ ਇਰਾਦਾ ਪ੍ਰਗਟ ਕੀਤਾ ਹੈ। ਸੁਪਰੀਮ ਕੋਰਟ ਨੇ ਸਵੈ-ਨੋਟਿਸ ਲੈਂਦਿਆਂ ਮਾਮਲੇ ਉੱਤੇ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।
ਇਮਰਾਨ ਖ਼ਾਨ ਨੇ ਕੌਮ ਦੇ ਨਾਮ ਸੰਦੇਸ਼ ਵਿਚ ਕਿਹਾ ਹੈ ਕਿ ਪਾਕਿਸਤਾਨ ਦੇ ਲੋਕਾਂ ਨੇ ਵਿਦੇਸ਼ੀ ਸਾਜਿ਼ਸ਼ ਅਤੇ ਇਸ ਵਿਚ ਸ਼ਾਮਿਲ ਵਿਰੋਧੀ ਆਗੂਆਂ ਦੇ ਨਾਪਾਕ ਇਰਾਦਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ। ਦੋ ਦਿਨ ਪਹਿਲਾਂ ਵੀ ਕੌਮ ਦੇ ਨਾਮ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਕ ਤਾਕਤਵਰ ਦੇਸ਼ ਸਾਜਿ਼ਸ਼ ਕਰ ਰਿਹਾ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਪਾਕਿਸਤਾਨ ਦੀ ਫ਼ੌਜ ਇਮਰਾਨ ਖ਼ਾਨ ਨਾਲ ਨਾਰਾਜ਼ ਹੋ ਚੁੱਕੀ ਹੈ, ਇਸੇ ਕਰ ਕੇ ਖਿੰਡੀ-ਪੁੰਡੀ ਵਿਰੋਧੀ ਧਿਰ ਨੇ ਬੇਭਰੋਸਗੀ ਦੇ ਮਤੇ ਲਈ ਸਹਿਮਤੀ ਕਰ ਲਈ ਸੀ ਅਤੇ ਇਮਰਾਨ ਸਰਕਾਰ ਨੂੰ ਹਟਾ ਕੇ ਖ਼ੁਦ ਸਰਕਾਰ ਬਣਾਉਣ ਦਾ ਫ਼ੈਸਲਾ ਕਰ ਲਿਆ ਸੀ। ਇਮਰਾਨ ਖ਼ਾਨ ਨੇ ਵਿਰੋਧੀ ਧਿਰ ਸਾਹਮਣੇ ਨਾ ਝੁਕਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਕਿਹਾ ਸੀ ਕਿ ਦੂਸਰੇ ਪਾਸੇ ਭ੍ਰਿਸ਼ਟ ਤੇ ਪਾਕਿਸਤਾਨ ਵਿਰੋਧੀ ਲੋਕ ਹਨ, ਇਸ ਲਈ ਸਰਕਾਰ ਬਾਰੇ ਫ਼ੈਸਲਾ ਕਰਨ ਦਾ ਹੱਕ ਕੇਵਲ ਪਾਕਿਸਤਾਨੀ ਅਵਾਮ ਨੂੰ ਹੈ।
ਪਾਕਿਸਤਾਨ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਵਿਚ ਫਸਿਆ ਹੋਇਆ ਹੈ। ਫ਼ੌਜ ਨੂੰ ਸਭ ਤੋਂ ਮਜ਼ਬੂਤ ਸਿਆਸੀ ਧਿਰ ਵਜੋਂ ਮੰਨਿਆ ਜਾਂਦਾ ਹੈ। ਅਸੈਂਬਲੀ ਭੰਗ ਕਰਨ ਦੇ ਫ਼ੈਸਲੇ ਤੋਂ ਪਿੱਛੋਂ ਵੀ ਭਾਵੇਂ ਫੌਜੀ ਬੁਲਾਰੇ ਨੇ ਕਿਹਾ ਹੈ ਕਿ ਫ਼ੌਜ ਸਿਆਸੀ ਮਾਮਲੇ ਵਿਚ ਉਦਾਸੀਨ ਹੈ ਪਰ ਜਾਣਕਾਰਾਂ ਮੁਤਾਬਿਕ ਇਮਰਾਨ ਖ਼ਾਨ ਦਾ ਕਦਮ ਵੀ ਕਿਸੇ ਨਾ ਕਿਸੇ ਤਰ੍ਹਾਂ ਫ਼ੌਜ ਨਾਲ ਮਿਲ ਕੇ ਹੀ ਉਠਾਇਆ ਲੱਗਦਾ ਹੈ। ਇਮਰਾਨ ਖ਼ਾਨ ਦੇ ਅਸੈਂਬਲੀ ਭੰਗ ਕਰਨ ਦੇ ਫ਼ੈਸਲੇ ਨਾਲ ਭਾਵੇਂ ਇਹ ਗੱਲ ਫਿਰ ਉੱਭਰੀ ਹੈ ਕਿ ਪਾਕਿਸਤਾਨ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਪਰ ਜਿਸ ਤਰੀਕੇ ਨਾਲ ਇਮਰਾਨ ਖ਼ਾਨ ਨੇ ਅਮਰੀਕਾ ਨੂੰ ਅੱਖਾਂ ਦਿਖਾਈਆਂ ਅਤੇ ਤੁਰੰਤ ਚੋਣਾਂ ਦੀ ਤਿਆਰੀ ਸ਼ੁਰੂ ਕਰਕੇ ਸੰਕੇਤ ਦਿੱਤਾ, ਉਸ ਤੋਂ ਇਹ ਸੁਨੇਹਾ ਗਿਆ ਹੈ ਕਿ ਉਹ ਜਮਹੂਰੀਅਤ ਨੂੰ ਪੱਕੇ ਪੈਰੀਂ ਕਰਨਾ ਚਾਹੁੰਦੇ ਹਨ। ਇਸ ਸਮੁੱਚੀ ਕਸ਼ਮਕਸ਼ ਦੌਰਾਨ ਇਕ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਲੋਕਾਂ ਅੰਦਰ ਵੀ ਸਿਆਸੀ ਸਥਿਰਤਾ ਅਤੇ ਟਿਕਾਊ ਸਰਕਾਰ ਦੀ ਚਾਹਤ ਹੈ।