ਖ਼ਬਰਾਂ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਭਾਜਪਾ ਵਿਚ ਸ਼ਾਮਿਲ ਹੋ ਜਾਣਗੇ। ਹੁਣ ਕਾਂਗਰਸ ਦੇ ਆਗੂਆਂ ਜਾਂ ਸਾਬਕਾ ਆਗੂਆਂ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਕਿਸੇ ਨੂੰ ਹੈਰਾਨ ਨਹੀਂ ਕਰਦਾ। ਪੰਜਾਬ ਵਿਚ ਕਈ ਦਹਾਕੇ ਕਾਂਗਰਸ ਨਾਲ ਸਬੰਧਤ ਅਤੇ ਸੱਤਾ ਵਿਚ ਰਹੇ ਕਾਂਗਰਸੀ ਆਗੂ ਭਾਜਪਾ ਦਾ ਪੱਲਾ ਫੜ ਚੁੱਕੇ ਹਨ; ਇਨ੍ਹਾਂ ਵਿਚ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜਿਹੇ ਸਿਰਕੱਢ ਆਗੂ ਵੀ ਸ਼ਾਮਿਲ ਹਨ। ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਾਰਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਤਾਂ ਮਿਲੀ ਹੈ ਪਰ ਨਾਲ ਹੀ ਖ਼ਾਸ ਤਰ੍ਹਾਂ ਦਾ ਸਿਆਸੀ ਖਲਾਅ ਪੈਦਾ ਹੋਇਆ ਹੈ; ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਵਿਚ ਆਪਣੀ ਥਾਂ ਗਵਾ ਚੁੱਕੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਪੰਜਾਬ ਦੇ ਇਕ ਪ੍ਰਮੁੱਖ ਸਿਆਸਤਦਾਨ ਦੇ ਸਿਆਸੀ ਸਫ਼ਰ ਦੀ ਹੈਰਾਨ ਕਰ ਦੇਣ ਵਾਲੀ ਦਾਸਤਾਨ ਹੈ। ਉਹ 1980 ਵਿਚ ਕਾਂਗਰਸ ਵੱਲੋਂ ਲੋਕ ਸਭਾ ਲਈ ਚੁਣਿਆ ਗਿਆ। 1984 ਵਿਚ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹੋਏ ਹਮਲੇ ਦੇ ਵਿਰੋਧ ਵਿਚ ਕਾਂਗਰਸ ਛੱਡੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ। ਸਤੰਬਰ 1985 ਵਿਚ ਉਹ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿਚ ਮੰਤਰੀ ਬਣਿਆ ਪਰ ਕੁਝ ਮਹੀਨੇ ਬਾਅਦ ਹੀ ਦਰਬਾਰ ਸਾਹਿਬ ਵਿਚ ਪੁਲੀਸ ਦੇ ਦਾਖ਼ਲ ਹੋਣ ’ਤੇ ਸਵਾਲ ’ਤੇ ਉਸ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। 1998 ਵਿਚ ਉਹ ਦੁਬਾਰਾ ਕਾਂਗਰਸ ਵਿਚ ਸ਼ਾਮਿਲ ਹੋਇਆ ਅਤੇ 2002 ਤੋਂ 2007 ਤਕ ਪੰਜਾਬ ਦਾ ਮੁੱਖ ਮੰਤਰੀ ਰਿਹਾ। ਉਹ ਮਾਰਚ 2017 ਤੋਂ ਸਤੰਬਰ 2021 ਤਕ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪਿਛਲੇ ਸਾਲ ਉਸ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਪੰਜਾਬ ਲੋਕ ਕਾਂਗਰਸ ਬਣਾਈ ਅਤੇ ਭਾਜਪਾ ਨਾਲ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜੀਆਂ।
ਕੈਪਟਨ ਦਾ ਭਾਜਪਾ ’ਚ ਸ਼ਾਮਿਲ ਹੋਣਾ ਸਿਆਸੀ ਮੌਕਾਪ੍ਰਸਤੀ ਹੈ ਪਰ ਮੁੱਖ ਸਵਾਲ ਹੈ ਕਿ ਭਾਜਪਾ ਪੰਜਾਬ ਦੀ ਸਿਆਸਤ ’ਚ ਕਿਹੋ ਜਿਹੀ ਭੂਮਿਕਾ ਨਿਭਾਉਣੀ ਚਾਹੁੰਦੀ ਹੈ। ਇਹ ਪੱਛਮੀ ਬੰਗਾਲ ’ਚ ਕਾਂਗਰਸ ਅਤੇ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ ਪਿੱਛੇ ਛੱਡਦੇ ਹੋਏ ਮੁੱਖ ਵਿਰੋਧੀ ਧਿਰ ਬਣੀ ਹੈ; ਉਸ ਨੇ ਤ੍ਰਿਪੁਰਾ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਪਛਾੜਿਆ ਹੈ; ਅਸਾਮ, ਮਹਾਰਾਸ਼ਟਰ ਤੇ ਕਈ ਹੋਰ ਸੂਬਿਆਂ ਵਿਚ ਉਹ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਸੱਤਾ ’ਤੇ ਕਾਬਜ਼ ਹੋਣ ਵਿਚ ਸਫ਼ਲ ਰਹੀ ਹੈ। ਇਨ੍ਹਾਂ ਉਦਾਹਰਨਾਂ ਤੋਂ ਸਿੱਧ ਹੁੰਦਾ ਹੈ ਕਿ ਭਾਜਪਾ ਮਜ਼ਬੂਤ ਸਿਆਸੀ ਇਰਾਦੇ ਅਤੇ ਲੰਮੀ ਪਾਰੀ ਖੇਡਣ ਵਿਚ ਯਕੀਨ ਰੱਖਣ ਵਾਲੀ ਪਾਰਟੀ ਹੈ। ਪੰਜਾਬ ਵਿਚ ਵੀ ਉਹ ਆਮ ਆਦਮੀ ਪਾਰਟੀ ਤੋਂ ਬਾਅਦ ਦੂਸਰੀ ਵੱਡੀ ਸਿਆਸੀ ਧਿਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਤੇ ਅਕਾਲੀ ਦਲ ਦੇ ਆਗੂ ਸਿਆਸੀ ਲੜਾਈ ਲੜਨ ਦੇ ਸਮਰੱਥ ਦਿਖਾਈ ਨਹੀਂ ਦਿੰਦੇ; ਉਨ੍ਹਾਂ ਵਿਚੋਂ ਬਹੁਤੇ ਹੌਸਲਾ ਹਾਰ ਚੁੱਕੇ ਹਨ। ਵਿਰੋਧਾਭਾਸ ਇਹ ਹੈ ਕਿ ਉਹ ਸੂਬਾ ਜਿਸ ਨੇ 2020-21 ’ਚ ਕਿਸਾਨ ਅੰਦੋਲਨ ਖੜ੍ਹਾ ਕਰਕੇ, ਜਮਹੂਰੀ ਤਾਕਤਾਂ ਨੂੰ ਨਵਾਂ ਹੁਲਾਰਾ ਦਿੱਤਾ ਸੀ, ਸਿਆਸੀ ਪੱਧਰ ’ਤੇ ਮਜ਼ਬੂਤ ਵਿਰੋਧੀ ਧਿਰ ਉਸਾਰਨ ਦੀ ਸਥਿਤੀ ’ਚ ਨਹੀਂ ਹੈ।