ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਈ ਨਾਂ ਉੱਭਰੇ ਪਰ ਅਖ਼ੀਰ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਇਤਿਹਾਸਕ ਫ਼ੈਸਲਾ ਕੀਤਾ। ਕੈਪਟਨ ਨੇ ਉਸੇ ਸਮੇਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਨ ਦੇਣ ਦਾ ਐਲਾਨ ਕੀਤਾ ਅਤੇ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਫ਼ੌਜ ਮੁਖੀ ਨਾਲ ਦੋਸਤੀ ਨੂੰ ਉਭਾਰਦਿਆਂ ਦੇਸ਼ ਦੀ ਸੁਰੱਖਿਆ ਦਾ ਮੁੱਦਾ ਖੜ੍ਹਾ ਕਰ ਦਿੱਤਾ। ਇਸ ਸਬੰਧੀ ਭਾਜਪਾ ਸਮੇਤ ਹੋਰ ਧਿਰਾਂ ਨੇ ਕਾਂਗਰਸ ਤੋਂ ਜਵਾਬ ਵੀ ਮੰਗਿਆ। ਅਮਰਿੰਦਰ ਸਿੰਘ ਨੇ ਮੁੜ ਟਵੀਟ ਕਰਕੇ ਨਵਜੋਤ ਸਿੱਧੂ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨ ਅਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਸਿਆਸਤ ਵਿਚ ਅਨਾੜੀ ਕਹਿ ਕੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਕਾਂਗਰਸ ਹਾਈ ਕਮਾਨ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਕੈਪਟਨ ਕਾਂਗਰਸ ਛੱਡਣਾ ਚਾਹੁਣ ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਕੱਦਾਵਰ ਆਗੂ ਹਨ; ਉਹ ਸਾਢੇ ਨੌਂ ਸਾਲ ਤੱਕ ਮੁੱਖ ਮੰਤਰੀ ਰਹੇ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੀ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਿਲ ਰਹੀ। ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿਚ ਕੈਪਟਨ ਦਾ ਵਿਰੋਧ ਸ਼ੁਰੂ ਹੋਇਆ ਪਰ ਉਹ ਵਿਰੋਧੀ ਸੁਰਾਂ ਦੀ ਠੀਕ ਪਛਾਣ ਨਾ ਕਰ ਸਕੇ। ਨਵਜੋਤ ਸਿੱਧੂ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨ ਦੇ ਬਿਆਨ ਤੋਂ ਬਾਅਦ ਇਹ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਕੈਪਟਨ ਕਾਂਗਰਸ ਦੇ ਅੰਦਰ ਰਹਿੰਦਿਆਂ ਆਪਣੀ ਪਾਰਟੀ ਦੇ ਆਗੂ ਜਾਂ ਆਗੂਆਂ ਖ਼ਿਲਾਫ਼ ਉਮੀਦਵਾਰ ਖੜ੍ਹੇ ਕਰਨਗੇ। ਕੀ ਇਹ ਪਾਰਟੀ ਪ੍ਰਤੀ ਜਵਾਬਦੇਹੀ ਅਤੇ ਇਖ਼ਲਾਕੀ ਤੌਰ ਉੱਤੇ ਠੀਕ ਹੋਵੇਗਾ ਜਾਂ ਕੈਪਟਨ ਅਲੱਗ ਪਾਰਟੀ ਬਣਾਉਣਗੇ ਜਾਂ ਕਿਸੇ ਹੋਰ ਪਾਰਟੀ ਵਿਚ ਜਾਣਗੇ? ਸਿਆਸਤ ਵਿਚ ਵਿਰੋਧ ਪ੍ਰਤੀਰੋਧ ਚੱਲਦੇ ਰਹਿੰਦੇ ਹਨ ਪਰ ਨਿੱਜੀ ਰੰਜਿਸ਼ ਵਾਲਾ ਮਾਹੌਲ ਬਹੁਤ ਵਾਰ ਨਾਂਹਮੁਖੀ ਹੋ ਸਕਦਾ ਹੈ।
ਸਾਡੇ ਦੇਸ਼ ਵਿਚ ਵੱਡੇ ਅਹੁਦੇ ਤੱਕ ਪੁੱਜਿਆ ਕੋਈ ਆਗੂ ਖ਼ੁਦ ਅਹੁਦਾ ਛੱਡਣ ਲਈ ਤਿਆਰ ਨਹੀਂ ਹੁੰਦਾ। ਪਾਰਟੀਆਂ ਅੰਦਰ ਪਰਿਵਾਰਾਂ ਅਤੇ ਵਿਅਕਤੀਆਂ ਦਾ ਦਬਦਬਾ ਬਣਨ ਦੇ ਨਾਲ ਲੋਕਾਂ ਪ੍ਰਤੀ ਜਵਾਬਦੇਹੀ, ਜਮਹੂਰੀਅਤ ਅਤੇ ਪਾਰਦਰਸ਼ਤਾ ਵਾਲੇ ਮਾਹੌਲ ਨੂੰ ਢਾਹ ਲੱਗੀ ਹੈ। ਮੌਜੂਦਾ ਸਮੇਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨੂੰ ਭਾਵੇਂ ਜ਼ਿਆਦਾ ਪ੍ਰਤੀਕਾਤਮਕ ਤੌਰ ਉੱਤੇ ਦੇਖਿਆ ਜਾ ਰਿਹਾ ਹੈ ਪਰ ਇਸ ਦੇ ਇਤਿਹਾਸਕ, ਭਾਵਨਾਤਮਕ ਅਤੇ ਸਿਆਸੀ ਮਾਇਨੇ ਵੀ ਹਨ। ਕਾਂਗਰਸ ਪਾਰਟੀ ਦੇਸ਼ ਭਰ ਵਿਚ ਇਸ ਨੂੰ ਸਿਆਸਤ ਵਿਚ ਤਰੁੱਪ ਦੇ ਪੱਤੇ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਨਵੇਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਇਹ ਸਾਬਤ ਕਰੇਗੀ ਕਿ ਗੱਲ ਕੇਵਲ ਪ੍ਰਤੀਕਾਤਮਕਤਾ ਤੱਕ ਸੀਮਤ ਹੋ ਕੇ ਰਹਿ ਜਾਵੇਗੀ ਜਾਂ ਠੋਸ ਸਿਆਸੀ ਆਧਾਰ ਗ੍ਰਹਿਣ ਕਰੇਗੀ। ਪੰਜਾਬ ਦੀ ਅਸਲ ਤਰਾਸਦੀ ਇਹ ਹੈ ਕਿ ਸਿਆਸਤ ਨੂੰ ਹਮੇਸ਼ਾ ਇਸ ਦੇ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸਲ ਮਾਮਲੇ ਪੰਜਾਬ ਦੇ ਵਾਤਾਵਰਨ, ਸਿਹਤ, ਸਿੱਖਿਆ, ਰੁਜ਼ਗਾਰ, ਖੇਤੀ ਦੀ ਲਾਹੇਵੰਦੀ, ਨਸ਼ਿਆਂ ਦਾ ਫੈਲਾਉ, ਰੇਤ ਬੱਜਰੀ ਸਮੇਤ ਕਈ ਤਰ੍ਹਾਂ ਦੇ ਮਾਫ਼ੀਆ ਜਿਹੀਆਂ ਸਮੱਸਿਆਵਾਂ ਨਾਲ ਸਬੰਧਿਤ ਹਨ। ਕਾਂਗਰਸ ਪਾਰਟੀ ਅਤੇ ਸਰਕਾਰ ਨੂੰ ਆਪਣਾ ਧਿਆਨ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ’ਤੇ ਕੇਂਦਰਿਤ ਕਰਨ ਦੀ ਜ਼ਰੂਰਤ ਹੈ।