ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆਉਣ ਨਾਲ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਹੁਣ ਤੋਂ ਹੀ ਇਹ ਸੰਕੇਤ ਮਿਲ ਰਹੇ ਹਨ ਕਿ ਇਸ ਵਾਰ ਚੋਣਾਂ ਦਾ ਮਾਹੌਲ ਪਹਿਲਾਂ ਵਰਗਾ ਨਹੀਂ ਬਲਕਿ ਬਦਲਿਆ ਹੋਇਆ ਦਿਖਾਈ ਦੇਵੇਗਾ। ਪੰਜਾਬ ਵਿਚੋਂ ਸ਼ੁਰੂ ਹੋ ਕੇ ਦੇਸ਼ਿਵਆਪੀ ਬਣੇ ਕਿਸਾਨ ਅੰਦੋਲਨ ਦੇ ਸਿਆਸੀ ਅਸਰ ਦਾ ਪ੍ਰਭਾਵ ਇਸੇ ਤੋਂ ਦੇਖਿਆ ਜਾ ਸਕਦਾ ਹੈ ਕਿ ਇਸ ਕਾਰਨ ਅਕਾਲੀ-ਭਾਜਪਾ ਵਿਚਲੇ ਲੰਮੇ ਸਮੇਂ ਦੀ ਸਾਂਝ ਟੁੱਟ ਗਈ। ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਅਤੇ ਭਾਜਪਾ ਦੇ ਬਾਗ਼ੀਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੇ ਸਭ ਵਰਗਾਂ ਦੀ ਸ਼ਮੂਲੀਅਤ ਵਾਲੀ ਪਾਰਟੀ ਵਜੋਂ ਉਭਾਰਨਾ ਚਾਹੁੰਦਾ ਹੈ। ਭਾਜਪਾ ਪੰਜਾਬ ਦੀ ਸਿਆਸਤ ਵਿਚ ਹਾਸ਼ੀਏ ਉੱਤੇ ਹੈ। ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਸੁਖਜੀਤ ਕੌਰ ਸ਼ਾਹੀ, ਬੁਲਾਰੇ ਹਰਜੀਤ ਭੁੱਲਰ ਸਮੇਤ ਬਹੁਤ ਸਾਰੇ ਆਗੂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ।
ਫਿਰੋਜ਼ਪੁਰ ਤੋਂ ਸਾਬਕਾ ਸੰਸਦੀ ਸਕੱਤਰ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਪਾਰਟੀ ਚਾਰ ਸਾਲਾਂ ਦੀ ਸੱਤਾ ਹੰਢਾਉਣ ਤੋਂ ਬਾਅਦ ਅੰਦਰੂਨੀ ਖਿੱਚੋਤਾਣ ਦਾ ਸ਼ਿਕਾਰ ਹੈ। ਭਾਵੇਂ ਸਭ ਕੁਝ ਅੱਛਾ ਹੋਣ ਦੇ ਸੰਕੇਤ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਆਗੂਆਂ ਦੇ ਭਾਸ਼ਣਾਂ ਵਿਚ ਇਕ ਦੂਸਰੇ ਨੂੰ ਚੋਭਾਂ ਲਗਾਉਣ ਦੀ ਪ੍ਰਵਿਰਤੀ ਅਜੇ ਵੀ ਸਪੱਸ਼ਟ ਦਿਖਾਈ ਦਿੰਦੀ ਹੈ। ਆਮ ਆਦਮੀ ਪਾਰਟੀ ਪਹਿਲਾਂ ਦੀ ਤਰ੍ਹਾਂ ਹੋਰਾਂ ਪਾਰਟੀਆਂ ਵਿਚਲੇ ਨਾਰਾਜ਼ ਆਗੂਆਂ ਨੂੰ ਸ਼ਾਮਿਲ ਕਰਕੇ ਆਪਣਾ ਆਕਾਰ ਤੇ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੂੰ ਕਾਂਗਰਸ ਅੰਦਰਲੀ ਖਿੱਚੋਤਾਣ ਅਤੇ ਅਕਾਲੀ ਦਲ ਪ੍ਰਤੀ ਲੋਕਾਂ ਦੀ ਪੁਰਾਣੀ ਨਾਰਾਜ਼ਗੀ ਤੋਂ ਲਾਭ ਮਿਲਣ ਦੀ ਉਮੀਦ ਹੈ। ਮੁੱਦਿਆਂ ਦੀ ਸਿਆਸਤ ਫਿਲਹਾਲ ਗਾਇਬ ਹੈ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਇਹ ਖਿਆਲ ਵੀ ਉੱਭਰ ਰਿਹਾ ਹੈ ਕਿ ਜੇਕਰ ਕਿਸਾਨ ਅੰਦੋਲਨ ਵਿਚੋਂ ਕੋਈ ਨਵੀਂ ਧਿਰ ਸਾਹਮਣੇ ਆ ਜਾਵੇ ਤਾਂ ਸਿਆਸਤ ਦਾ ਰੰਗ ਬਦਲ ਸਕਦਾ ਹੈ। ਕਿਸਾਨ ਮੋਰਚੇ ਦੇ ਆਗੂਆਂ ਅਨੁਸਾਰ ਅੰਦੋਲਨ ਚਲਾਉਣਾ ਉਨ੍ਹਾਂ ਲਈ ਪਹਿਲੀ ਤਰਜੀਹ ਹੈ; ਇਸ ਲਈ ਮੋਰਚੇ ਦੀ ਕੀਮਤ ਉੱਤੇ ਚੋਣਾਂ ਲੜਨ ਦਾ ਕੋਈ ਮਤਲਬ ਨਹੀਂ ਹੈ। ਕਿਸਾਨ ਅੰਦੋਲਨ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਅਤੇ ਦੂਸਰੀਆ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛਣ ਦਾ ਸੱਦਾ ਪਿੰਡਾਂ ਵਿਚ ਭਖਿਆ ਹੋਇਆ ਹੈ। ਕਾਂਗਰਸ ਸਾਹਮਣੇ 18 ਨੁਕਾਤੀ ਪ੍ਰੋਗਰਾਮ ਉੱਤੇ ਅਮਲ ਕਰਨ ਅਤੇ ਲੋਕਾਂ ਨੂੰ ਸਹਿਮਤ ਕਰਵਾਉਣ ਦੀ ਚੁਣੌਤੀ ਹੈ। ਅਕਾਲੀ-ਬਸਪਾ ਗੱਠਜੋੜ ਅਕਾਲੀਆਂ ਦੇ ਪੁਰਾਣੇ ਅਕਸ ਨੂੰ ਠੀਕ ਕਰਨ ਦੀ ਜ਼ੋਰ ਅਜ਼ਮਾਈ ਵਿਚ ਰੁੱਝਿਆ ਹੋਇਆ ਹੈ। ਪਾਰਟੀਆਂ ਦੇ ਵਿਚਾਰਧਾਰਕ ਆਧਾਰ ਕਮਜ਼ੋਰ ਹੋ ਚੁੱਕੇ ਹਨ। ਇਸੇ ਲਈ ਆਉਣ ਵਾਲੇ ਸਮੇਂ ਵਿਚ ਹੋਰ ਦਲਬਦਲੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।