ਝਾਰਖੰਡ ਵਿਚ ਸਿਆਸੀ ਉਥਲ-ਪੁਥਲ ਹੋਣ ਦੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਝਾਰਖੰਡ ਇਕਾਈ ਨੇ ਕੇਂਦਰੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਮੁੱਖ ਮੰਤਰੀ ਸੋਰੇਨ ਨੇ ਇਕ ਖਾਣ ਖ਼ੁਦ ਨੂੰ ਅਲਾਟ ਕਰ ਲਈ ਹੈ; ਖਣਨ ਵਿਭਾਗ ਵੀ ਉਸੇ ਕੋਲ ਹੈ। ਇਹ ਖਾਣ ਰਾਂਚੀ ਜ਼ਿਲ੍ਹੇ ਦੀ ਅੰਗੜਾ ਤਹਿਸੀਲ ਵਿਚ ਹੈ ਅਤੇ ਇੱਥੋਂ ਇਮਾਰਤਾਂ ਬਣਾਉਣ ਲਈ ਪੱਥਰਾਂ ਦੀ ਖੁਦਾਈ ਹੁੰਦੀ ਹੈ। ਸੋਰੇਨ ਨੇ ਇਸ ਬਾਰੇ ਅਰਜ਼ੀ ਸਤੰਬਰ 2021 ਵਿਚ ਦਿੱਤੀ ਸੀ। 2019 ਵਿਚ ਝਾਰਖੰਡ ਮੁਕਤੀ ਮੋਰਚੇ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਜੂਨ 2021 ਵਿਚ ਖਣਨ ਨੀਤੀ ਬਣਾਈ ਗਈ। ਸਤੰਬਰ 2021 ਵਿਚ ਇਹ ਖਾਣ ਸੋਰੇਨ ਨੂੰ ਅਲਾਟ ਕਰ ਦਿੱਤੀ ਗਈ।
ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਰਘੁਬਰ ਦਾਸ ਨੇ ਇਲਜ਼ਾਮ ਲਗਾਇਆ ਸੀ ਕਿ ਸੋਰੇਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਇਸ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਕੋਡ ਆਫ ਕੰਡਕਟ ਜਿਸ ਅਨੁਸਾਰ ਕੋਈ ਵੀ ਮੁੱਖ ਮੰਤਰੀ ਜਾਂ ਮੰਤਰੀ ਵਪਾਰ ਜਾਂ ਕਾਰੋਬਾਰ ਨਹੀਂ ਕਰ ਸਕਦਾ; ਦਾ ਉਲੰਘਣ ਦੱਸਿਆ ਗਿਆ ਸੀ। ਭਾਜਪਾ ਅਨੁਸਾਰ ਇਸ ਨੂੰ ਲੋਕ ਨੁਮਾਇੰਦਗੀ ਕਾਨੂੰਨ ਦੀ ਧਾਰਾ 9 ਦੀ ਉਲੰਘਣਾ ਵੀ ਦੱਸਿਆ ਗਿਆ ਸੀ। ਕੇਂਦਰੀ ਚੋਣ ਕਮਿਸ਼ਨ ਨੇ ਲੋਕ ਨੁਮਾਇੰਦਗੀ ਕਾਨੂੰਨ ਤਹਿਤ ਕਾਰਵਾਈ ਕਰਦਿਆਂ ਭਾਜਪਾ ਆਗੂਆਂ ਦੀ ਸ਼ਿਕਾਇਤ ਨੂੰ ਸਹੀ ਮੰਨਿਆ ਹੈ। ਕਮਿਸ਼ਨ ਨੇ ਝਾਰਖੰਡ ਦੇ ਰਾਜਪਾਲ ਨੂੰ ਸਿਫ਼ਾਰਸ਼ ਕੀਤੀ ਹੈ ਕਿ ਸੋਰੇਨ ਨੂੰ ਵਿਧਾਇਕ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਜਾਵੇ। ਰਾਜਪਾਲ ਨੇ ਇਸ ਬਾਰੇ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰਾਜਪਾਲ ਵੱਲੋਂ ਬਰਖ਼ਾਸਤਗੀ ਦਾ ਆਦੇਸ਼ ਜਾਰੀ ਕਰਨ ਤੋਂ ਬਾਅਦ ਸੋਰੇਨ ਅਤੇ ਉਸ ਦੀ ਵਜ਼ਾਰਤ ਨੂੰ ਅਸਤੀਫ਼ਾ ਦੇਣਾ ਪਵੇਗਾ; ਉਹ ਦੁਬਾਰਾ ਮੁੱਖ ਮੰਤਰੀ ਬਣ ਸਕਦਾ ਹੈ ਪਰ ਉਸ ਨੂੰ ਛੇ ਮਹੀਨਿਆਂ ਦੇ ਅੰਦਰ ਅੰਦਰ ਦੁਬਾਰਾ ਵਿਧਾਇਕ ਬਣਨ ਦੀ ਜ਼ਰੂਰਤ ਪਵੇਗੀ।
ਇਸ ਮਾਮਲੇ ਵਿਚ ਕਈ ਪੇਚੀਦਗੀਆਂ ਹਨ; ਪਹਿਲੀ, ਕੀ ਸੋਰੇਨ ਵੱਲੋਂ ਕੀਤਾ ਗਿਆ ਫ਼ੈਸਲਾ ਗ਼ੈਰ-ਕਾਨੂੰਨੀ ਸੀ ਤੇ ਉਹ ਭ੍ਰਿਸ਼ਟਾਚਾਰ ਦੇ ਦਾਇਰੇ ਵਿਚ ਆਉਂਦਾ ਹੈ; ਦੂਸਰੀ, ਕੀ ਕੇਂਦਰੀ ਚੋਣ ਕਮਿਸ਼ਨ ਦਾ ਫ਼ੈਸਲਾ ਸਹੀ ਹੈ; ਆਦਿ। ਇਨ੍ਹਾਂ ਪੇਚੀਦਗੀਆਂ ਤੋਂ ਜ਼ਿਆਦਾ ਅਹਿਮ ਉਹ ਸਿਆਸੀ ਸੰਕਟ ਹੈ ਜਿਸ ਦਾ ਸਾਹਮਣਾ ਝਾਰਖੰਡ ਮੁਕਤੀ ਮੋਰਚੇ ਦੀ ਅਗਵਾਈ ਵਾਲੀ ਸਰਕਾਰ ਨੂੰ ਕਰਨਾ ਪਵੇਗਾ। ਇਸ ਸੰਕਟ ਦਾ ਮੂਲ ਭਾਜਪਾ ਦੀ ਗ਼ੈਰ-ਭਾਜਪਾ ਸਰਕਾਰਾਂ ਨੂੰ ਤੋੜਨ ਦੀ ਉਸ ਸਮਰੱਥਾ ਵਿਚ ਹੈ ਜਿਸ ਦਾ ਮੁਜ਼ਾਹਰਾ ਉਹ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਕਈ ਹੋਰ ਸੂਬਿਆਂ ਵਿਚ ਕਰ ਚੁੱਕੀ ਹੈ। ਝਾਰਖੰਡ ਦੀ ਵਿਧਾਨ ਸਭਾ ਦੇ 81 ਵਿਧਾਇਕਾਂ ਵਿਚੋਂ ਸੱਤਾਧਾਰੀ ਗੱਠਜੋੜ ਕੋਲ 30 ਵਿਧਾਇਕ ਝਾਰਖੰਡ ਮੁਕਤੀ ਮੋਰਚੇ ਦੇ ਹਨ, 18 ਕਾਂਗਰਸ ਦੇ ਅਤੇ ਇਕ ਰਾਸ਼ਟਰੀ ਜਨਤਾ ਦਲ ਦਾ। ਭਾਜਪਾ 26 ਮੈਂਬਰਾਂ ਨਾਲ ਮੁੱਖ ਵਿਰੋਧੀ ਪਾਰਟੀ ਹੈ। ਗ਼ੈਰ-ਭਾਜਪਾ ਪਾਰਟੀਆਂ ਜਾਣਦੀਆਂ ਹਨ ਕਿ ਭਾਜਪਾ ਅਜਿਹੀ ਸਿਆਸੀ ਤਾਕਤ ਹੈ ਜਿਹੜੀ ਕਿਸੇ ਵੀ ਪਾਰਟੀ ਦੇ ਵਿਧਾਇਕਾਂ ਨੂੰ ਵੱਡੀ ਗਿਣਤੀ ਵਿਚ ਆਪਣੇ ਨਾਲ ਮਿਲਾਉਣ ਦੀ ਸਮਰੱਥਾ ਰੱਖਦੀ ਹੈ। ਇਸ ਬਾਰੇ ਸਭ ਤੋਂ ਤਲਖ਼ ਤਜਰਬਾ ਮਹਾਰਾਸ਼ਟਰ ਵਿਚ ਕਿਸੇ ਸਮੇਂ ਭਾਜਪਾ ਦੀ ਭਾਈਵਾਲ ਰਹੀ ਸ਼ਿਵ ਸੈਨਾ ਨੂੰ ਹੋਇਆ ਜਦ ਕੁਝ ਹਫ਼ਤੇ ਪਹਿਲਾਂ ਭਾਜਪਾ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਉਸ ਦੇ 40 ਤੋਂ ਜ਼ਿਆਦਾ ਵਿਧਾਇਕਾਂ ਨੂੰ ਮਾਂ-ਪਾਰਟੀ ਨਾਲੋਂ ਤੋੜ ਕੇ ਊਧਵ ਠਾਕਰੇ ਦੀ ਸਰਕਾਰ ਦਾ ਪਾਸਾ ਪਲਟ ਦਿੱਤਾ। ਝਾਰਖੰਡ ਮੁਕਤੀ ਮੋਰਚਾ ਤੇ ਹੇਮੰਤ ਸੋਰੇਨ ਵੀ ਅਜਿਹੇ ਖ਼ਤਰੇ ਨੂੰ ਮੰਡਰਾਉਂਦਾ ਦੇਖ ਰਹੇ ਹਨ। ਸ਼ਨਿਚਰਵਾਰ ਸੋਰੇਨ ਨੇ ਆਪਣੇ ਹਮਾਇਤੀ ਵਿਧਾਇਕਾਂ ਨਾਲ ਪਿਕਨਿਕ ਮਨਾਈ ਅਤੇ ਖ਼ਬਰਾਂ ਅਨੁਸਰ ਉਨ੍ਹਾਂ ਨੂੰ ਪੱਛਮੀ ਬੰਗਾਲ ਜਾਂ ਛੱਤੀਸਗੜ੍ਹ ਭੇਜਿਆ ਜਾ ਸਕਦਾ ਹੈ। ਮਹਾਰਾਸ਼ਟਰ ਵਿਚ ਸਰਕਾਰ ਦਾ ਪਾਸਾ ਪਲਟਾਉਣ ਤੋਂ ਬਾਅਦ ਤਿਲੰਗਾਨਾ ਦੇ ਇਕ ਭਾਜਪਾ ਆਗੂ ਨੇ ਕਿਹਾ ਸੀ ਕਿ ਤਿਲੰਗਾਨਾ ਵਿਚ ਵੀ ਕੋਈ ‘ਏਕਨਾਥ ਸ਼ਿੰਦੇ’ ਪੈਦਾ ਹੋ ਸਕਦਾ ਹੈ। ਗ਼ੈਰ-ਭਾਜਪਾ ਪਾਰਟੀਆਂ ਜਾਣਦੀਆਂ ਹਨ ਕਿ ਭਾਜਪਾ ਉਨ੍ਹਾਂ ਦੇ ਕਿਸੇ ਵੀ ਆਗੂ ਨੂੰ ‘ਏਕਨਾਥ ਸ਼ਿੰਦੇ’ ਬਣਾ ਸਕਦੀ ਹੈ। ਆਉਣ ਵਾਲੇ ਦਿਨਾਂ ਵਿਚ ਝਾਰਖੰਡ ਮੁਕਤੀ ਮੋਰਚੇ ਅਤੇ ਭਾਜਪਾ ਵਿਚਕਾਰ ਹੋਣ ਵਾਲੀ ਸਿਆਸੀ ਟੱਕਰ ਹੀ ਇਹ ਦੱਸੇਗੀ ਕਿ ਦੇਸ਼ ਦੀਆਂ ਖੇਤਰੀ ਪਾਰਟੀਆਂ ਆਪਣਾ ਵਜੂਦ ਬਚਾ ਸਕਦੀਆਂ ਹਨ ਜਾਂ ਨਹੀਂ।