ਦੇਸ਼ ਦੀਆਂ ਦੋ ਸਭ ਤੋਂ ਪੁਰਾਣੀਆਂ ਸਿਆਸੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੀਆਂ ਹਨ। ਇਨ੍ਹਾਂ ਪਾਰਟੀਆਂ ਦਾ ਪੰਜਾਬ ਵਿਚ ਲੰਮੇ ਸਮੇਂ ਲਈ ਦਬਦਬਾ ਰਿਹਾ ਹੈ। ਇਨ੍ਹਾਂ ਪਾਰਟੀਆਂ ਦੀਆਂ ਸਮੱਸਿਆਵਾਂ ਪਰਿਵਾਰਵਾਦ ਅਤੇ ਅੰਦਰੂਨੀ ਜਮਹੂਰੀਅਤ ਦੀ ਕਮੀ ’ਚੋਂ ਜਨਮੀਆਂ ਹਨ। ਕਾਂਗਰਸ ਨੇ ਚੋਣਾਂ ਕਰਵਾ ਕੇ ਕਰੀਬ ਦੋ ਦਹਾਕਿਆਂ ਪਿੱਛੋਂ ਨਹਿਰੂ ਗਾਂਧੀ ਪਰਿਵਾਰ ਤੋਂ ਬਾਹਰਲੇ ਸਿਆਸਤਦਾਨ ਮਲਿਕ ਅਰਜੁਨ ਖੜਗੇ ਨੂੰ ਪ੍ਰਧਾਨ ਬਣਾ ਕੇ ਇਕ ਹੱਦ ਤੱਕ ਇਸ ਇਲਜ਼ਾਮ ਤੋਂ ਪਿੱਛਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਹੈ। ਪਰਿਵਾਰਵਾਦ ਦੇ ਨਾਲ ਨਾਲ ਅਕਾਲੀ-ਭਾਜਪਾ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਦੇ ਨੇ ਅਕਾਲੀ ਦਲ ਦੇ ਪੰਥਕ ਵੋਟ ਬੈਂਕ ਨੂੰ ਵੱਡੀ ਸੱਟ ਮਾਰੀ ਹੈ। ਪਿਛਲੇ ਸਾਲਾਂ ਦੌਰਾਨ ਸੀਨੀਅਰ ਪਾਰਟੀ ਆਗੂ ਆਪਣੇ ਧੜੇ ਵੀ ਬਣਾ ਚੁੱਕੇ ਹਨ।
ਅਕਾਲੀ ਦਲ ਦੀ ਸਿਆਸਤ ਅੰਦਰ ਇਹ ਕਹਾਵਤ ਹੈ ਕਿ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਦਲ ਨੂੰ ਹੀ ਅਸਲੀ ਅਕਾਲੀ ਦਲ ਮੰਨਿਆ ਜਾਂਦਾ ਹੈ। ਇਸ ਖੇਤਰ ਵਿਚ ਵੱਡੀਆਂ ਚੁਣੌਤੀਆਂ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹਰਿਆਣਾ ਦੀ ਅਲੱਗ ਕਮੇਟੀ ਦੇ ਮੁੱਦੇ ਉੱਤੇ ਅਕਾਲੀ ਦਲ ਪੰਥਕ ਜਥੇਬੰਦੀਆਂ ਨੂੰ ਇੱਕਜੁੱਟ ਕਰਨ ਵਿਚ ਮੁਸ਼ਕਿਲ ਮਹਿਸੂਸ ਕਰ ਰਿਹਾ ਹੈ। ਵੋਟ ਬੈਂਕ ਨੂੰ ਲੱਗੇ ਖ਼ੋਰੇ ਬਾਰੇ ਪਾਰਟੀ ਵੱਲੋਂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਬਣਾਈ ਕਮੇਟੀ ਦੀ ਰਿਪੋਰਟ ਮੁੜ ਮੁੜ ਚਰਚਾ ਵਿਚ ਆਉਂਦੀ ਹੈ। ਰਿਪੋਰਟ ਵਿਚ ਪਾਰਟੀ ਵੱਲੋਂ ਦਰਬਾਰ ਸਾਹਿਬ ਜਾ ਕੇ ਪੁਰਾਣੀਆਂ ਗ਼ਲਤੀਆਂ ਦਾ ਪਸ਼ਚਾਤਾਪ ਕਰਨ, ਪਾਰਟੀ ਦੀਆਂ ਚੋਣਾਂ ਕਰਵਾ ਕੇ ਨਾਮਜ਼ਦਗੀ ਸੱਭਿਆਚਾਰ ਬੰਦ ਕਰਨ ਅਤੇ ਪਾਰਟੀ ਪ੍ਰਧਾਨ ਦਾ ਕਾਰਜਕਾਲ ਨਿਸ਼ਚਤ ਕਰਨ ਵੱਲ ਧਿਆਨ ਦੇਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਕ ਹੱਦ ਤੱਕ ਇਸ ਰਿਪੋਰਟ ਨੂੰ ਮੰਨ ਵੀ ਲਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮਾਮਲੇ ਵਿਚ ਵੀ ਪਾਰਦਰਸ਼ੀ ਅਤੇ ਜਮਹੂਰੀ ਤਰੀਕਾ ਅਪਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2011 ਵਿਚ ਹੋਈਆਂ ਸਨ। ਗਿਆਰਾਂ ਸਾਲਾਂ ਤੋਂ ਕੇਵਲ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਹੀ ਹੋ ਰਹੀ ਹੈ। 9 ਨਵੰਬਰ ਨੂੰ ਹੋਣ ਵਾਲੀ ਚੋਣ ਵਿਚ ਅਕਾਲੀ ਦਲ ਦੇ ਅੰਦਰੋਂ ਬੀਬੀ ਜਾਗੀਰ ਕੌਰ ਨੇ ਚੋਣ ਲੜਨ ਦਾ ਐਲਾਨ ਕਰ ਕੇ ਪਾਰਟੀ ਅੰਦਰ ਨਵੀਂ ਚਰਚਾ ਛੇੜੀ ਹੈ। ‘ਲਿਫ਼ਾਫ਼ਾ ਸੱਭਿਆਚਾਰ’ ਬੰਦ ਕਰਨ ਦਾ ਮੁੱਦਾ ਉਠਾਏ ਜਾਣ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਮੁਸ਼ਕਿਲਾਂ ਵਿਚ ਫਸੀ ਦਿਖਾਈ ਦੇ ਰਹੀ ਹੈ। ਪਾਰਟੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ‘ਲਿਫ਼ਾਫ਼ਾ ਸੱਭਿਆਚਾਰ’ ਕਦੇ ਸੀ ਹੀ ਨਹੀਂ। ਅਸਲ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਜ਼ਮੀਨੀ ਹਾਲਾਤ ਨੂੰ ਸਵੀਕਾਰ ਕਰਨ ਦੇ ਰੌਂਅ ਵਿਚ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਮੈਂਬਰਾਂ ਨੂੰ ਮਿਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁਕਾਬਲਾ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਾਗੀਰ ਕੌਰ ਦਰਮਿਆਨ ਹੋਣ ਦੀ ਸੰਭਾਵਨਾ ਹੈ। ਇਹ ਚੋਣਾਂ ਅਕਾਲੀ ਦਲ ਦੇ ਭਵਿੱਖ ਉੱਤੇ ਅਹਿਮ ਪ੍ਰਭਾਵ ਪਾ ਸਕਦੀਆਂ ਹਨ।