ਰਗਾਂ ਵਿਚ ਜ਼ਹਿਰ

ਰਗਾਂ ਵਿਚ ਜ਼ਹਿਰ

ਪੰਜਾਬ ਦੇ ਤਰਨ ਤਾਰਨ, ਬਟਾਲਾ, ਜੰਡਿਆਲਾ ਗੁਰੂ ਅਤੇ ਇਸ ਦੇ ਨਜ਼ਦੀਕੀ ਪਿੰਡ ਮੁੱਛਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੋ ਹਫ਼ਤੇ ਪਹਿਲਾਂ ਤਰਨ ਤਾਰਨ ਦੇ ਪਿੰਡ ਰਟੌਲ ਵਿਚ ਵੀ ਅਜਿਹੀ ਸ਼ਰਾਬ ਪੀਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ’ਤੇ ਮਾੜਾ ਅਸਰ ਪਿਆ ਸੀ। ਪੁਲੀਸ ਨੇ ਵੱਖ ਵੱਖ ਥਾਵਾਂ ’ਤੇ ਛਾਪੇ ਮਾਰ ਕੇ ਗ੍ਰਿਫ਼ਤਾਰੀਆਂ ਕੀਤੀਆਂ ਹਨ। ਸਰਕਾਰ ਨੇ ਕੁਝ ਆਬਕਾਰੀ ਅਤੇ ਪੁਲੀਸ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਸ਼ਰਾਬ ਤੇ ਮਨੁੱਖ ਵਿਚਲਾ ਰਿਸ਼ਤਾ ਬਹੁਤ ਜਟਿਲ ਹੈ। ਪੁਰਾਣੇ ਅਵਸੇਸ਼ਾਂ ਤੋਂ ਮਨੁੱਖ ਦੇ ਲਗਭੱਗ 10,000 ਸਾਲਾਂ ਤੋਂ ਸ਼ਰਾਬ ਜਾਂ ਸ਼ਰਾਬ ਜਿਹੇ ਪੇਯ-ਪਦਾਰਥ ਪੀਣ ਦੇ ਸਬੂਤ ਮਿਲਦੇ ਹਨ। ਸਭ ਤੋਂ ਜ਼ਿਆਦਾ ਪੁਰਾਣੇ ਅਵਸ਼ੇਸ਼ ਚੀਨ ਵਿਚੋਂ ਮਿਲੇ ਹਨ। ਇਸੇ ਤਰ੍ਹਾਂ ਮਿਸਰ, ਰੋਮ, ਯੂਨਾਨ ਦੀਆਂ ਸਭਿਅਤਾਵਾਂ ਵਿਚ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਸੀ। ਭਾਰਤ ਦੇ ਪੁਰਾਤਨ ਸਾਹਿਤ ਵਿਚ ਇਸ ਦਾ ਜ਼ਿਕਰ ਸੁਰਾ, ਮਦਿਰਾ, ਵਾਰੁਨੀ ਆਦਿ ਨਾਵਾਂ ਨਾਲ ਮਿਲਦਾ ਹੈ। ਸਮਾਜ ਵਿਚ ਹਮੇਸ਼ਾਂ ਹੀ ਦੋ ਵਰਗ ਰਹੇ ਹਨ: ਇਕ ਸ਼ਰਾਬ ਪੀਣ ਦਾ ਵਿਰੋਧ ਕਰਨ ਵਾਲਿਆਂ ਦਾ; ਦੂਸਰਾ ਇਸ ਨੂੰ ਪੀਣ ਅਤੇ ਇਸ ਦੇ ਗੁਣਗਾਨ ਕਰਨ ਵਾਲੇ। ਬਹੁਤ ਸਾਰੇ ਦੇਸ਼ਾਂ ਵਿਚ ਸ਼ਰਾਬ ਪੀਣ ਦੀ ਸਖ਼ਤ ਮਨਾਹੀ ਹੈ ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਪੂਰਨ ਮਨਾਹੀ ਕਿਤੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਜਾ ਸਕਦੀ। ਉਹ ਦੇਸ਼, ਜਿਨ੍ਹਾਂ ਵਿਚ ਧਾਰਮਿਕ ਕਾਰਨਾਂ ਕਾਰਨ ਇਸ ’ਤੇ ਪਾਬੰਦੀ ਲਗਾਈ ਗਈ ਹੈ, ਵਿਚ ਵੀ ਕਾ਼ਫ਼ੀ ਵੱਡੀ ਗਿਣਤੀ ਵਿਚ ਲੋਕ ਕਾਨੂੰਨੀ ਚੋਰ-ਮੋਰੀਆਂ ਜਾਂ ਗ਼ੈਰ-ਕਾਨੂੰਨੀ ਤਰੀਕਿਆਂ ਰਾਹੀਂ ਸ਼ਰਾਬ ਦਾ ਸੇਵਨ ਕਰਦੇ ਹਨ। ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਪਾਬੰਦੀ ਅਮਰੀਕਾ ਵਿਚ 1920 ਵਿਚ ਲਗਾਈ ਗਈ ਜਦ ਅਮਰੀਕੀ ਸੰਵਿਧਾਨ ਵਿਚ ਅਠਾਰਵੀਂ ਸੋਧ, ਜਿਸ ਨਾਲ 48 ਵਿਚੋਂ 46 ਸੂਬੇ ਵੀ ਸਹਿਮਤ ਸਨ, ਕਰ ਕੇ ਸ਼ਰਾਬ ਬਣਾਉਣ, ਵੇਚਣ ਤੇ ਰੱਖਣ ਤੇ ਵਿਆਪਕ ਪਾਬੰਦੀਆਂ ਲਗਾਈਆਂ ਗਈਆਂ। ਇਸ ਪਾਬੰਦੀ ਦਾ ਫਾਇਦਾ ਅਪਰਾਧੀ ਗੈਂਗਾਂ ਅਤੇ ਮਾਫ਼ੀਏ ਨੇ ਉਠਾਇਆ ਜਿਸ ਕਾਰਨ ਉਨ੍ਹਾਂ ਦੀ ਤਾਕਤ ਵਿਚ ਬੇਤਹਾਸ਼ਾ ਵਾਧਾ ਹੋਇਆ। ਹਾਲਾਤ ਏਨੇ ਖ਼ਰਾਬ ਹੋ ਗਏ 1933 ਵਿਚ ਸੰਵਿਧਾਨ ਵਿਚ ਦੁਬਾਰਾ ਸੋਧ (ਅਠਾਰਵੀਂ ਸੋਧ) ਕਰ ਕੇ ਪਾਬੰਦੀਆਂ ਵਾਪਸ ਲਈਆਂ ਗਈਆਂ।

ਭਾਰਤ ਵਿਚ ਬਸਤੀਵਾਦੀ ਰਾਜ ਦੌਰਾਨ ਸਰਕਾਰੀ ਕੰਟਰੋਲ ਹੇਠ ਸ਼ਰਾਬ ਬਣਾਉਣ ਅਤੇ ਵੇਚਣ ਨੂੰ ਸੰਸਥਾਗਤ ਰੂਪ ਵਿਚ ‘ਨਿਯਮਬੱਧ’ ਕਰ ਕੇ ਸਰਕਾਰ ਦੀ ਆਮਦਨ ਵਧਾਉਣ ਦਾ ਜ਼ਰੀਆ ਬਣਾਇਆ ਗਿਆ। ਵੱਡੀਆਂ ਡਿਸਟਲਰੀਆਂ ਅੰਗਰੇਜ਼ ਕਾਰੋਬਾਰੀਆਂ ਨੇ ਲਗਾਈਆਂ ਅਤੇ ਇੰਗਲੈਂਡ ਵਿਚ ਕੱਢੀ ਜਾਂਦੀ ਸ਼ਰਾਬ ਦੀ ਸਨਅਤ ਘਰੇਲੂ ਸਨਅਤ ਤੋਂ ਤਰੱਕੀ ਕਰਦੀ ਹੋਈ ਸੰਸਾਰ ਪੱਧਰ ਦੀ ਸਨਅਤ ਬਣ ਗਈ। ਹੁਣ ਵੀ ਇਹ ਸਨਅਤ ਅੰਗਰੇਜ਼ ਸਰਕਾਰ ਦੇ ਪਾਏ ਗਏ ਪੂਰਨਿਆਂ ’ਤੇ ਹੀ ਚੱਲ ਰਹੀ ਹੈ। ਸਰਕਾਰ ਨੇ ਪੰਜਾਬ ਵਿਚ ਘਰੇਲੂ ਪੱਧਰ ’ਤੇ ਰਵਾਇਤੀ ਤੌਰ ’ਤੇ ਬਣਾਈ ਜਾਂਦੀ ਸ਼ਰਾਬ ਨੂੰ ਨਿਯਮਬੱਧ ਕਰਨ ਦਾ ਕੋਈ ਵੱਡਾ ਉਪਰਾਲਾ ਨਹੀਂ ਕੀਤਾ ਜਿਵੇਂ ਕੁਝ ਦੂਸਰੇ ਸੂਬਿਆਂ ਵਿਚ ਕੀਤਾ ਗਿਆ ਹੈ। ਇਸ ਲਈ ਇਹ ਧੰਦਾ ਗ਼ੈਰ-ਕਾਨੂੰਨੀ ਤੌਰ ’ਤੇ ਵਧਦਾ ਫੁੱਲਦਾ ਰਿਹਾ ਹੈ ਪਰ ਵਪਾਰਕ ਅਤੇ ਵੱਡੇ ਪੱਧਰ ’ਤੇ ਇਹ ਧੰਦਾ ਕਰਨਾ ਸਿਆਸੀ ਜਮਾਤ, ਸਰਕਾਰੀ ਅਫ਼ਸਰਾਂ, ਪੁਲੀਸ ਅਤੇ ਅਪਰਾਧੀਆਂ ਦੇ ਗੱਠਜੋੜ ਤੋਂ ਬਿਨਾ ਸੰਭਵ ਨਹੀਂ। ਨਸ਼ਾ ਤੇਜ਼ ਕਰਨ ਲਈ ਅਪਰਾਧੀ ਸ਼ਰਾਬ ਵਿਚ ਮੈਥਨੌਲ, ਨੁਸ਼ਾਦਰ ਅਤੇ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਮਿਲਾ ਦਿੰਦੇ ਹਨ। ਸਰਕਾਰ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਤੋਂ ਜਾਂਚ ਕਰਾਉਣ ਦੇ ਹੁਕਮ ਦਿੱਤੇ ਹਨ ਪਰ ਇਸ ਨਾਲੋਂ ਬਿਹਤਰ ਬਦਲ ਇਹ ਹੈ ਕਿ ਜਾਂਚ ਹਾਈਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਾਈ ਜਾਵੇ। ਪੰਜਾਬ ਦਾ ਤਜਰਬਾ ਦੱਸਦਾ ਹੈ ਕਿ ਸਰਕਾਰ ਨਸ਼ਿਆਂ ਤੇ ਖ਼ਾਸ ਕਰ ਕੇ ਚਿੱਟੇ (ਹੈਰੋਇਨ) ਦੇ ਫੈਲਾਉ ਨੂੰ ਰੋਕਣ ਵਿਚ ਨਾਕਾਮਯਾਬ ਰਹੀ ਹੈ। ਹੁਣ ਹੋਏ ਦੁਖਾਂਤ ਵਿਚਲਾ ਹੌਲਨਾਕ ਪੱਖ ਇਹ ਹੈ ਕਿ ਕਈ ਪਰਿਵਾਰਾਂ ਨੇ ਪੁਲੀਸ ਨੂੰ ਦੱਸਿਆਂ ਬਗ਼ੈਰ ਲਾਸ਼ਾਂ ਦਾ ਸਸਕਾਰ ਕਰ ਦਿੱਤਾ। ਭਾਵੇਂ ਇਸ ਦਾ ਇਕ ਕਾਰਨ ਸਮਾਜਿਕ ਨਮੋਸ਼ੀ ਹੈ ਪਰ ਵੱਡਾ ਕਾਰਨ ਲੋਕਾਂ ਦਾ ਸਰਕਾਰ ਵਿਚ ਅਵਿਸ਼ਵਾਸ ਹੈ। ਸਿਆਸੀ ਇੱਛਾ ਤੋਂ ਬਿਨਾਂ ਅਜਿਹੇ ਅਪਰਾਧਾਂ ’ਤੇ ਨਕੇਲ ਪਾਉਣੀ ਮੁਸ਼ਕਿਲ ਹੈ। ਪੰਜਾਬ ਦੀਆਂ ਰਗਾਂ ਵਿਚ ਇਹ ਜ਼ਹਿਰ ਸਿਆਸੀ ਜਮਾਤ, ਪ੍ਰਸ਼ਾਸਨਿਕ ਅਧਿਕਾਰੀਆਂ, ਪੁਲੀਸ ਤੇ ਅਪਰਾਧੀਆਂ ਦੀ ਮਿਲੀਭੁਗਤ ਨਾਲ ਹੀ ਧੱਕਿਆ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All