ਸੰਵਿਧਾਨ ਦੀ 73ਵੀਂ ਸੋਧ ਤਹਿਤ ਪੰਚਾਇਤੀ ਰਾਜ ਸੰਸਥਾਵਾਂ ਨੂੰ ਰਾਜ ਪ੍ਰਣਾਲੀ ਦੇ ਬੁਨਿਆਦੀ ਹਿੱਸੇ ਵਜੋਂ ਸਵੀਕਾਰ ਕੀਤਾ ਗਿਆ; ਇਹ ਸੰਵਿਧਾਨਕ ਸੰਸਥਾਵਾਂ ਹਨ। ਪਿੰਡ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਦੀ ਬੁਨਿਆਦੀ ਜ਼ਿੰਮੇਵਾਰੀ ਇਨ੍ਹਾਂ ਸੰਸਥਾਵਾਂ ਦੀ ਹੁੰਦੀ ਹੈ। ਸੋਧ ਅਨੁਸਾਰ ਪਿੰਡਾਂ ਨਾਲ ਸਬੰਧਿਤ 29 ਵਿਭਾਗਾਂ ਦਾ ਪ੍ਰਬੰਧ ਅਜੇ ਤਕ ਪੰਚਾਇਤਾਂ ਨੂੰ ਨਹੀਂ ਮਿਲਿਆ। ਪੰਚਾਇਤਾਂ ਇਨ੍ਹਾਂ ਸੀਮਾਵਾਂ ਅੰਦਰ ਕੰਮ ਕਰ ਰਹੀਆਂ ਹਨ। ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਠੋਸ ਅਤੇ ਤਰਲ ਕੂੜੇ ਦੀ ਸੁਚੱਜੀ ਸੰਭਾਲ ਕਰਨ ਵਾਲੀਆਂ 23 ਪੰਚਾਇਤਾਂ ਨੂੰ ਹੁਸ਼ਿਆਰਪੁਰ ਵਿਖੇ ਇਕ ਇਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਹੈ। ਦੋ ਅਕਤੂਬਰ ਨੂੰ ਰਾਜ ਪੱਧਰੀ ਸਵੱਛ ਭਾਰਤ ਦਿਵਸ ਮੌਕੇ ਤਿੰਨ ਹੋਰ ਪੰਚਾਇਤਾਂ ਨੂੰ ਦਸ ਦਸ ਹਜ਼ਾਰ ਰੁਪਏ ਦੇ ਹੌਸਲਾ ਵਧਾਊ ਸਨਮਾਨ ਦਿੱਤੇ ਗਏ ਹਨ। ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦੇ 15 ਜ਼ਿਲ੍ਹਿਆਂ ਦੇ 8292 ਪਿੰਡਾਂ ਵਿਚ ਘਰ ਘਰ ਸਾਫ਼ ਪਾਣੀ ਦੇਣ ਵਿਚ ਸਫ਼ਲਤਾ ਹਾਸਿਲ ਕਰਨ ਵਾਲੀਆਂ ਪੰਚਾਇਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਸ਼ਹਿਰੀਕਰਨ ਦੇ ਵਿਕਾਸ ਮਾਡਲ ਦੇ ਦੌਰ ਵਿਚ ਸੁਭਾਵਿਕ ਹੀ ਲੋਕਾਂ ਦਾ ਰੁਝਾਨ ਸ਼ਹਿਰਾਂ ਵੱਲ ਜਾਣ ਦਾ ਹੈ। ਸ਼ਹਿਰੀਕਰਨ ਪੱਖੋਂ ਪੰਜਾਬ ਮੂਹਰਲੇ ਸੂਬਿਆਂ ਵਿਚ ਸ਼ੁਮਾਰ ਹੈ। ਇਸ ਦੇ ਬਾਵਜੂਦ ਇਸ ਦੀ 62 ਫ਼ੀਸਦੀ ਆਬਾਦੀ ਅਜੇ ਵੀ ਪਿੰਡਾਂ ਵਿਚ ਰਹਿੰਦੀ ਹੈ। ਗੰਦੇ ਪਾਣੀ ਦਾ ਨਿਕਾਸ ਪਿੰਡਾਂ ਦੀ ਵੱਡੀ ਸਮੱਸਿਆ ਹੈ। ਇਸ ਦਾ ਮੂਲ ਕਾਰਨ ਕੁਦਰਤੀ ਵਹਾਅ ਵਾਲੇ ਰਾਹ ਰੋਕਣਾ ਹੈ। ਪੁਰਾਣੇ ਟੋਭੇ ਵੀ ਹੁਣ ਗੰਦੇ ਪਾਣੀ ਦੇ ਤਲਾਬ ਬਣ ਗਏ ਹਨ। ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲਾਂ ਦੀ ਭਰਮਾਰ ਕਰਕੇ ਪਾਣੀ ਦੀ ਸੰਭਾਲ ਘਟੀ ਹੈ। ਇਸ ਕਾਰਨ ਮੱਖੀਆਂ-ਮੱਛਰਾਂ ਆਦਿ ਵੱਲੋਂ ਫੈਲਾਈਆਂ ਜਾਣ ਵਾਲੀਆਂ ਬਿਮਾਰੀਆਂ ਵਧੀਆਂ ਹਨ। ਸ਼ਹਿਰਾਂ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਵੀ ਘੱਟ ਗੰਭੀਰ ਨਹੀਂ ਹੈ। ਸ਼ਹਿਰਾਂ ਦਾ ਤਰਲ ਅਤੇ ਠੋਸ ਕੂੜਾ ਜ਼ਿਆਦਾਤਰ ਡਰੇਨਾਂ ਰਾਹੀਂ ਦਰਿਆਵਾਂ ਵਿਚ ਜਾਂਦਾ ਹੈ।
ਇਸ ਸਮੇਂ ਵਾਤਾਵਰਨ ਦਾ ਮੁੱਦਾ ਸੰਸਾਰ ਵਿਆਪੀ ਧਿਆਨ ਖਿੱਚ ਰਿਹਾ ਹੈ। ਆਲਮੀ ਤਪਸ਼ ਦਾ ਅਸਰ ਮਨੁੱਖ, ਜੀਵ-ਜੰਤੂਆਂ ਅਤੇ ਬਨਸਪਤੀ ਉੱਤੇ ਸਾਫ਼ ਦਿਸਦਾ ਹੈ। ਇਸ ਲਈ ਸਥਾਨਕ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਤੋਂ ਲੈ ਕੇ ਕੌਮਾਂਤਰੀ ਪੱਧਰ ਤਕ ਦੀ ਪਹੁੰਚ ਅਪਣਾਉਣ ਦੀ ਲੋੜ ਹੈ। ਸਭ ਤੋਂ ਵੱਡਾ ਸਵਾਲ ਵਾਤਵਰਨ ਨੂੰ ਸਮੁੱਚੇ ਵਿਕਾਸ ਵਿਚ ਤਰਜੀਹੀ ਸਥਾਨ ਦੇਣ ਦਾ ਹੈ। ਅਜਿਹਾ ਹੋਣ ਨਾਲ ਹਰ ਪ੍ਰਾਜੈਕਟ ਦਾ ਸਰੂਪ ਬਦਲ ਸਕਦਾ ਹੈ। ਸ਼ਹਿਰਾਂ ਦੀਆਂ ਸਥਾਨਕ ਸੰਸਥਾਵਾਂ ਅਤੇ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਰਾਹੀਂ ਲੋਕਾਈ ਨੂੰ ਜਾਗਰੂਕ ਕਰ ਕੇ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿਚ ਉਨ੍ਹਾਂ ਦੀ ਹਿੱਸੇਦਾਰੀ ਯਕੀਨੀ ਬਣਾ ਕੇ ਸਮੱਸਿਆਵਾਂ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਹੈ। ਫਿਲਹਾਲ ਉੱਪਰੋਂ ਟੀਚੇ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਨੇੜੇ ਪਹੁੰਚਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਥਾਨਕ ਯੋਜਨਾਬੰਦੀ ਵਿਚ ਸਭ ਦੀ ਸ਼ਮੂਲੀਅਤ ਕਰਕੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਵੱਲ ਵਧਿਆ ਜਾ ਸਕਦਾ ਹੈ।