ਕੇਂਦਰੀ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਕਈ ਮਹੀਨਿਆਂ ਤੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਇਸ ਸਬੰਧ ਵਿਚ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਨ੍ਹਾਂ ਸਵਾਲਾਂ ਵਿਚ ‘ਕਾਮਰੇਡ ਬਨਾਮ ਸਿੱਖ’, ‘ਨੌਜਵਾਨ ਬਨਾਮ ਕਿਸਾਨ’ ਆਦਿ ਪ੍ਰਮੁੱਖ ਹਨ। ਅੰਦੋਲਨਾਂ ਵਿਚ ਸਵਾਲ ਉੱਠਣੇ ਤੇ ਉਠਾਉਣੇ ਸੁਭਾਵਿਕ ਹਨ। ਕਈ ਵਾਰ ਇਹ ਸਭ ਕੁਝ ਅੰਦੋਲਨ ਅੰਦਰਲੇ ਜਮਹੂਰੀ ਅਮਲ ਦਾ ਹਿੱਸਾ ਵੀ ਹੁੰਦਾ ਹੈ ਪਰ ਕਈ ਵਾਰ ਸਵਾਲ ਅੰਦੋਲਨ ਨੂੰ ਲੀਹੋ ਲਾਹੁਣ ਲਈ ਉਠਾਏ ਜਾਂਦੇ ਹਨ। ਹੁਣ ਸਵਾਲ ਹੀ ਨਹੀਂ ਉਠਾਏ ਜਾ ਰਹੇ ਸਗੋਂ ਅੰਦੋਲਨ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਵਿਰੁੱਧ ਜ਼ਹਿਰੀਲੀ ਭਾਸ਼ਾ ਵਰਤੀ ਜਾ ਰਹੀ ਹੈ ਅਤੇ ਆਗੂਆਂ ਨਾਲ ਦੁਰਵਿਹਾਰ ਕੀਤਾ ਗਿਆ ਹੈ; ਬਾਅਦ ਵਿਚ ਇਸ ਨੂੰ ਨੌਜਵਾਨਾਂ ਦੇ ਜੋਸ਼ ਅਤੇ ਕਈ ਹੋਰ ਲਕਬ ਦੇ ਕੇ ਸਹੀ ਠਹਿਰਾਇਆ ਜਾਂਦਾ ਹੈ। ਕੁਝ ਸ਼ਕਤੀਆਂ ਪਿੱਛੇ ਰਹਿ ਕੇ ਅਜਿਹੇ ਵਤੀਰੇ ਨੂੰ ਸ਼ਹਿ ਦਿੰਦੀਆਂ ਹਨ।
ਤਨਜ਼ੀਮਾਂ/ਜਥੇਬੰਦੀਆਂ ਅਤੇ ਅੰਦੋਲਨ ਇਕ ਦਿਨ ਵਿਚ ਨਹੀਂ ਉਸਰਦੇ। ਉਨ੍ਹਾਂ ਪਿੱਛੇ ਦਹਾਕਿਆਂ ਦੀ ਮਿਹਨਤ, ਕੁਰਬਾਨੀਆਂ ਅਤੇ ਸਥਾਨਕ ਘੋਲ ਪਏ ਹੁੰਦੇ ਹਨ। ਜਥੇਬੰਦੀਆਂ ਆਪਣੀ ਵਿਚਾਰਧਾਰਕ ਪਹੁੰਚ ਅਨੁਸਾਰ ਸਰਕਾਰੀ ਵਰਤਾਰਿਆਂ ਦੇ ਲੋਕ-ਵਿਰੋਧੀ ਪੱਖਾਂ ਨੂੰ ਸਮਝਦੀਆਂ ਅਤੇ ਆਪਣੀ ਤਾਕਤ ਅਨੁਸਾਰ ਅੰਦੋਲਨਾਂ ਦੀ ਉਸਾਰੀ ਕਰਦੀਆਂ ਹਨ। ਅੰਦੋਲਨ ਹੱਡ-ਮਾਸ ਦੇ ਮਨੁੱਖਾਂ ਦੇ ਮਨੋ-ਭਾਵਾਂ ਦੀ ਤਰਜਮਾਨੀ ਕਰਦੇ ਹਨ। ਜਥੇਬੰਦੀਆਂ ਦੇ ਆਗੂ ਉਸ ਤਰਜਮਾਨੀ ਨੂੰ ਸ਼ਬਦ ਦਿੰਦੇ ਹਨ। ਪੰਜਾਬ ਦੀ ਇਕ ਪ੍ਰਮੁੱਖ ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ ਅਜਿਹੇ ਰੁਝਾਨਾਂ, ਜਿਹੜੇ ਅੰਦੋਲਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ, ਦੀ ਨਿਸ਼ਾਨਦੇਹੀ ਕੀਤੀ ਹੈ। ਉਸ ਨੇ ਜਥੇਬੰਦੀਆਂ ਵਿਚ ਸਕੇ ਭਰਾਵਾਂ ਵਾਲੀ ਸਾਂਝੀਵਾਲਤਾ ਅਤੇ ਭਾਸ਼ਾ ਤੇ ਵਰਤਾਰੇ ਵਿਚ ਸੰਜਮ ’ਤੇ ਜ਼ੋਰ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਜਿਥੇ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ।। ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ।।’’ ਆਖ਼ਰੀ ਸਤਰ ਦੇ ਅਰਥ ਹਨ ਕਿ ਜੇਕਰ ਪ੍ਰਾਣੀਆਂ ਕੋਲ ਸੁਗੰਧਿਤ ਨੇਕੀਆਂ ਦਾ ਡੱਬਾ ਹੋਵੇ ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਨੇ ਲੋਕ-ਘੋਲਾਂ ਰਾਹੀਂ ਊਰਜਾ ਭਰੀਆਂ ਸੁਗੰਧੀਆਂ ਕਮਾਈਆਂ ਹਨ। ਉਨ੍ਹਾਂ ਨੂੰ ਲੋਕ-ਹੱਕਾਂ ਦੀਆਂ ਇਹ ਸੁਗੰਧੀਆਂ ਵੰਡਦੇ ਹੋਏ ਅੰਦੋਲਨ ਨੂੰ ਹਉਮੈ ਤੇ ਸ੍ਵੈ-ਹੰਗਤਾ ਵਿਚ ਗ੍ਰਸਤ ਇਨ੍ਹਾਂ ਤੱਤਾਂ ਤੋਂ ਬਚਾਉਣਾ ਚਾਹੀਦਾ ਹੈ।
ਪ੍ਰਮੁੱਖ ਸਵਾਲ ਇਹ ਹੈ ਕਿ ਏਨੇ ਸੰਜਮ, ਸਿਦਕ ਅਤੇ ਦ੍ਰਿੜ੍ਹਤਾ ਨਾਲ ਚਲਾਏ ਜਾ ਰਹੇ ਅੰਦੋਲਨ ਨੂੰ ਇਹੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਕਿਉਂ ਅਜਿਹੀਆਂ ਤਾਕਤਾਂ ਸਾਹਮਣੇ ਆ ਕੇ ਕਿਸਾਨਾਂ ਨੂੰ ਭੜਕਾ ਰਹੀਆਂ ਹਨ ਕਿ ਸਿਰਫ਼ ਉਨ੍ਹਾਂ ਦੀ ਗੱਲ ਮੰਨੀ ਜਾਵੇ? ਅਜਿਹੇ ਤੱਤਾਂ ਨੂੰ ਅਗਵਾਈ ਕਰ ਰਹੇ ਆਗੂਆਂ ਦੀ ਬੇਇੱਜ਼ਤੀ ਕਰਨ ਦੀ ਆਗਿਆ ਕਿਉਂ ਦਿੱਤੀ ਜਾ ਰਹੀ ਹੈ। ਇਹ ਸ਼ਾਇਦ ਇਸ ਲਈ ਹੋਇਆ ਕਿ ਹਰ ਲੋਕ ਅੰਦੋਲਨ ਵਾਂਗ ਮੌਜੂਦਾ ਕਿਸਾਨ ਅੰਦੋਲਨ ਨੇ ਆਪਣੇ ਕਾਰਕੁਨਾਂ ਤੇ ਹਮਾਇਤੀਆਂ ਦੇ ਨਾਲ ਨਾਲ ਜਥੇਬੰਦੀਆਂ ਨੂੰ ਬਾਹਰ ਤੋਂ ਮਿਲ ਰਹੀ ਹਰ ਤਰ੍ਹਾਂ ਦੀ ਹਮਾਇਤ ਦਾ ਸਵਾਗਤ ਕੀਤਾ। ਅਜਿਹੇ ਭੜਕਾਊ ਤੇ ਨੌਜਵਾਨਾਂ ਨੂੰ ਵਰਗਲਾਉਣ ਵਾਲੇ ਤੱਤਾਂ ਨੂੰ ਇਤਿਹਾਸ ਨੇ ਕਦੀ ਮੁਆਫ਼ ਨਹੀਂ ਕਰਨਾ ਪਰ ਅਮਲੀ ਤੌਰ ’ਤੇ ਜ਼ਰੂਰਤ ਇਹ ਹੈ ਕਿ ਸਮੂਹ ਕਿਸਾਨ ਜਥੇਬੰਦੀਆਂ ਅਜਿਹੇ ਵਿਅਕਤੀਆਂ ਵਿਰੁੱਧ ਆਪਣੇ ਏਕੇ ਨੂੰ ਮਜ਼ਬੂਤ ਕਰਨ। ਅੰਦੋਲਨ ਪੰਜਾਬ ਦੇ ਲੋਕ-ਸਮੂਹ ਦਾ ਹੈ, ਪੰਜਾਬ ਦੇ ਕਿਸਾਨਾਂ ਦਾ ਹੈ, ਪੰਜਾਬ ਦੀ ਆਤਮਾ ਦਾ ਹੈ, ਪੰਜਾਬ ਦੀ ਅਨਿਆਂ ਵਿਰੁੱਧ ਲੜਨ ਦੀ ਸਿੱਕ ਦਾ ਹੈ, ਪੰਜਾਬੀਆਂ ਦੇ ਸਿਰੜ, ਸਿਦਕ ਅਤੇ ਇਖ਼ਲਾਕ ਦਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਜ਼ਬਤ, ਅਨੁਸ਼ਾਸਨ ਤੇ ਧੀਰਜ ਕਾਰਨ ਹੀ ਇਹ ਅੰਦੋਲਨ ਇਨ੍ਹਾਂ ਬੁਲੰਦੀਆਂ ’ਤੇ ਪਹੁੰਚਿਆ ਅਤੇ ਸਾਰੇ ਹਿੰਦੋਸਤਾਨ ਦਾ ਮੋਹਰੀ ਬਣਿਆ ਹੈ। ਹੁਣ ਇਹ ਅੰਦੋਲਨ ਸਾਰੇ ਦੇਸ਼ ਦੀ ਵਿਰਾਸਤ ਹੈ।
ਅਸੀਂ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹੈ ਜਿਨ੍ਹਾਂ ਦੀ ਕੁਰਬਾਨੀ, ਸ਼ਾਂਤੀ ਅਤੇ ਸੰਜਮ ਦੀ ਸਿਖ਼ਰਲੀ ਉਦਾਹਰਨ ਹੈ। ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਗਿਆ ਅਤੇ ਲੋਕਾਂ ਨੂੰ ਯਾਦ ਹੈ ਕਿ ਕਿਵੇਂ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਸਾਰੇ ਹਿੰਦੋਸਤਾਨ ਦੇ ਹੱਕ ਵਿਚ ਆਵਾਜ਼ ਉਠਾਈ ਸੀ। ਅਜਿਹੇ ਰਹਬਿਰਾਂ ਦੇ ਪੰਧਾਂ ’ਤੇ ਚੱਲਦੇ ਹੋਏ ਪੰਜਾਬ ਨੇ ਖ਼ਾਲਸੇ ਦੀ ਸਿਰਜਣਾ ਤੋਂ ਬਾਅਦ ਦੇ ਸੰਘਰਸ਼ ਦੇਖੇ। ਅੱਜ ਦਾ ਕਿਸਾਨ ਅੰਦੋਲਨ ਵੀ ਉਨ੍ਹਾਂ ਸੰਘਰਸ਼ਾਂ ਦੀ ਕੜੀ ਹੈ। ਸਿੰਘੂ ਤੇ ਟੀਕਰੀ ਵਿਚ ਸਿੱਖ ਗੁਰੂਆਂ, ਭਗਤੀ ਲਹਿਰ ਦੇ ਸੰਤਾਂ, ਆਜ਼ਾਦੀ ਲਹਿਰ ਵਿਚ ਕੁਰਬਾਨੀ ਦੇਣ ਵਾਲੇ ਸੂਰਿਆਂ, ਕਾਨੂੰਨਦਾਨਾਂ ਅਤੇ ਹੋਰ ਆਗੂਆਂ ਨੂੰ ਯਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਜ਼ਦੂਰਾਂ ਦੇ ਹੱਕਾਂ ਲਈ ਲੜੇ ਜਾਂਦੇ ਰਹੇ ਸੰਘਰਸ਼ਾਂ ਦਾ ਪ੍ਰਤੀਕਮਈ ਦਿਨ ‘ਮਈ ਦਿਵਸ’ ਵੀ ਆ ਰਿਹਾ ਹੈ। ਸਾਡੇ ਇਤਿਹਾਸ ਦੇ ਅਨੰਤ ਸੋਮੇ ਸਾਨੂੰ ਏਕਤਾ, ਸਿਦਕ ਤੇ ਸੰਜਮ ਕਾਇਮ ਰੱਖਣ ਦੀ ਊਰਜਾ ਮੁਹੱਈਆ ਕਰਦੇ ਹਨ।
10 ਮਈ ਦਾ ਦਿਹਾੜਾ ਵੀ ਨਜ਼ਦੀਕ ਆ ਰਿਹਾ ਹੈ। 154 ਵਰ੍ਹੇ ਪਹਿਲਾਂ 1857 ਵਿਚ ਇਸ ਦਿਨ ਭਾਰਤ ਵਿਚ ਅੰਗਰੇਜ਼ਾਂ ਦੀ ਬਸਤੀਵਾਦੀ ਹਕੂਮਤ ਵਿਰੁੱਧ ਬਗ਼ਾਵਤ ਸ਼ੁਰੂ ਹੋਈ ਸੀ। ਉਹ ਬਗ਼ਾਵਤ ਭਾਰਤ ਦਾ ਦੇਸ਼ ਦੀ ਪੱਧਰ ’ਤੇ ਲੜਿਆ ਜਾਣ ਵਾਲਾ ਆਜ਼ਾਦੀ ਦਾ ਪਹਿਲਾ ਅੰਦੋਲਨ ਸੀ। ਉਸ ਦੀ ਅਗਵਾਈ ਭਾਵੇਂ ਰਾਜੇ-ਰਜਵਾੜਿਆਂ ਤੇ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ ਕੀਤੀ ਸੀ ਪਰ ਸਭ ਧਰਮਾਂ ਤੇ ਵਰਗਾਂ ਦੀ ਸ਼ਮੂਲੀਅਤ ਕਾਰਨ ਉਹ ਲੋਕ-ਵਿਦਰੋਹ ਬਣ ਗਿਆ ਹੈ। ਪੰਜਾਬ ਵਿਚ ਰੋਪੜ ਵਿਚ ਸਰਦਾਰ ਮਿਹਰ ਸਿੰਘ ਦੀ ਅਗਵਾਈ ਵਿਚ ਬਗ਼ਾਵਤ ਹੋਈ ਅਤੇ ਨੀਲੀ ਬਾਰ ਵਿਚ ਅਹਿਮਦ ਖ਼ਾਨ ਖਰਲ ਨੇ ਵਿਦਰੋਹ ਦਾ ਝੰਡਾ ਚੁੱਕਿਆ। ਇਸ ਵਿਚ ਲੋਕ-ਵਿਦਰੋਹ ਨੂੰ ਗ਼ਦਰ ਦਾ ਨਾਮ ਦਿੱਤਾ ਗਿਆ। 1910ਵਿਆਂ ਵਿਚ ਕੈਨੇਡਾ ਤੇ ਅਮਰੀਕਾ ਵਿਚ ਰਹਿੰਦੇ ਪੰਜਾਬੀ ਸੂਰਮਿਆਂ ਨੇ 1857 ਦੇ ਗ਼ਦਰ ਨੂੰ ਯਾਦ ਕਰਦਿਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਤਹੱਈਆ ਕਰਦਿਆਂ ਜੂਨ 1914 ਵਿਚ ਸਾਨੂੰ ਸਾਰਿਆਂ ਨੂੰ ਕਿਹਾ ਸੀ, ‘‘ਦਿਲ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਣਾ ਕੀ/ਆਪਸ ਵਿਚ ਲੜ ਕੇ ਹਾਰ ਆਈ, ਸਿੱਖ ਸਬਕ ਹੁਣ ਮਨੋਂ ਭੁਲਾਵਣਾ ਕੀ/ਝੂਠੇ ਮਜ਼ਹਬੀ ਝਗੜਿਆਂ-ਝੇੜਿਆਂ ਦਾ, ਗਲੋਂ ਤੋੜ ਫਾਹਾ ਪਾਵਣਾ ਕੀ।’’ ਨਵੰਬਰ 1915 ਵਿਚ ਗ਼ਦਰੀ ਕਵੀ ਨੇ ਸਾਨੂੰ ਸਾਵਧਾਨ ਕੀਤਾ ਸੀ, ‘‘ਗ਼ਦਰ ਗ਼ਦਰ ਕਰਦਾ ਸਾਰਾ ਜੱਗ ਐਵੇਂ, ਐਪਰ ਗ਼ਦਰ ਮਚਾਵਣਾ ਖਰਾ ਔਖਾ/ਲੀਡਰ ਬਣਨ ਖਾਤਰ ਚਿਤ ਲੋਚਦਾ ਹੈ, ਐਪਰ ਜੇਹਲ ਵਿਚ ਜਾਵਨਾ ਖਰਾ ਔਖਾ/ਗ਼ਦਰ ਬੱਚਿਆਂ ਦੀ ਕਿਤੇ ਖੇਲ ਨਾਹੀਂ ਆਪਣਾ ਆਪ ਗਵਾਵਣਾ ਖਰਾ ਔਖਾ/ਘਰ ਬਾਹਰ ਦੀ ਆਸ ਤਿਯਾਗ ਦੇਣੀ, ਐਪਰ ਸਿਰੜ ਨਿਭਾਵਨਾ ਖਰਾ ਔਖਾ।’’ ਅੰਦੋਲਨ ਆਪਣਾ ਆਪ ਗਵਾ ਕੇ ਤੇ ਸਿਰੜ ਨਿਭਾ ਕੇ ਜਿੱਤੇ ਜਾਂਦੇ ਹਨ। ਕਿਸਾਨਾਂ ਨੂੰ ਰਾਤੋ-ਰਾਤ ਬਣ ਰਹੇ ਆਗੂਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
2014 ਵਿਚ ਫਰਾਂਸ, ਵੀਅਤਨਾਮ ਤੇ ਕਈ ਹੋਰ ਸੰਘਰਸ਼ਾਂ ਨਾਲ ਸਬੰਧਿਤ ਰਹੇ ਉੱਘੇ ਇਨਕਲਾਬੀ ਆਗੂ ਤਾਰਿਕ ਅਲੀ ਤੋਂ ਪੁੱਛਿਆ ਗਿਆ ਕਿ ਅਮਰੀਕਾ ਦੀ ਆਰਥਿਕ ਧੁਰੀ ਵਾਲ ਸਟਰੀਟ ’ਤੇ ਧਰਨਾ ਦੇਣ ਵਾਲਿਆਂ ਦੀ ‘ਵਾਲ ਸਟਰੀਟ ਮੱਲੋ’ (Occupy Wall Street) ਲਹਿਰ ਨਾਕਾਮਯਾਬ ਕਿਉਂ ਹੋਈ। ਉਸ ਨੇ ਜਵਾਬ ਦਿੱਤਾ ਕਿ ਤਨਜ਼ੀਮਾਂ (ਜਥੇਬੰਦੀਆਂ) ਦੀ ਅਣਹੋਂਦ ਕਾਰਨ। ਲੋਕ-ਅੰਦੋਲਨਾਂ ਦੇ ਖ਼ਾਬਾਂ ਦੀ ਤਾਬੀਰ ਲੋਕ-ਜਥੇਬੰਦੀਆਂ ਰਾਹੀਂ ਹੁੰਦੀ ਹੈ। ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਬਣੇ ਇਸ ਅੰਦੋਲਨ ਨੂੰ ਕਿਸਾਨ ਆਗੂਆਂ ਦਾ ਏਕਾ ਹੀ ਮੰਜ਼ਿਲ ’ਤੇ ਪਹੁੰਚਾ ਸਕਦਾ ਹੈ। ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਏਕੇ ’ਤੇ ਸਵਾਲ ਕਰਨ ਵਾਲੇ ਵਿਅਕਤੀ ਕਿਸਾਨਾਂ ਦੇ ਹਮਦਰਦ ਨਹੀਂ ਹਨ। -ਸਵਰਾਜਬੀਰ