ਭਾਰਤੀ ਜਨਤਾ ਪਾਰਟੀ ਦੇ ਹਮਾਇਤੀਆਂ ਨੂੰ ਭਾਜਪਾ ਨਾਲ ਗੱਠਜੋੜ ਬਣਾਈ ਰੱਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਉਨ੍ਹਾਂ ਨੂੰ ਆਪਣਾ ਸਵੈਮਾਣ ਛੱਡਣਾ ਪੈਂਦਾ ਹੈ ਅਤੇ ਕਈ ਵਾਰ ਆਪਣੀ ਬੁਨਿਆਦੀ ਵਿਚਾਰਧਾਰਾ ਨਾਲ ਸਮਝੌਤੇ ਕਰਨੇ ਪੈਂਦੇ ਹਨ। ਮਰਹੂਮ ਜੈ ਪ੍ਰਕਾਸ਼ ਨਾਰਾਇਣ ਅਤੇ ਰਾਮ ਮਨੋਹਰ ਲੋਹੀਆ ਦੇ ਪੈਰੋਕਾਰਾਂ ਵਿਚੋਂ ਬਹੁਤਿਆਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਜ਼ਿਆਦਾਤਰ ਸੱਤਾ ਦੀ ਖਿੱਚ ਵਿਚਾਰਧਾਰਾ ’ਤੇ ਜਿੱਤ ਪ੍ਰਾਪਤ ਕਰਦੀ ਰਹੀ ਹੈ। ਜਾਰਜ ਫਰਨਾਂਡੇਜ਼ ਤੋਂ ਲੈ ਕੇ ਨਿਤੀਸ਼ ਕੁਮਾਰ ਜਿਹੇ ਸਮਾਜਵਾਦੀ ਆਗੂ ਭਾਜਪਾ ਨਾਲ ਸਮਝੌਤਾ ਕਰਕੇ ਸੱਤਾ ਵਿਚ ਆਉਂਦੇ ਰਹੇ ਹਨ। ਕਈ ਵਾਰ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਸਤਾਉਂਦੀ ਤਾਂ ਉਹ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਸੰਘ ਪਰਿਵਾਰ ਦੀਆਂ ਹੋਰ ਸੰਸਥਾਵਾਂ ਦੀ ਵਿਚਾਰਧਾਰਾ ਵਿਰੁੱਧ ਆਵਾਜ਼ ਉਠਾਉਂਦੇ ਹੋਏ ਭਾਜਪਾ ਦਾ ਸਾਥ ਛੱਡ ਜਾਂਦੇ ਪਰ ਇਨ੍ਹਾਂ ਵਿਚੋਂ ਕਈ ਫਿਰ ਵਾਪਸ ਪਰਤ ਭਾਜਪਾ ਨਾਲ ਹੱਥ ਮਿਲਾ ਲੈਂਦੇ। ਵਿਚਾਰਧਾਰਕ ਕਸ਼ਮਕਸ਼ ਫਿਰ ਵੀ ਕਾਇਮ ਰਹਿੰਦੀ। ਇਹ ਕਸ਼ਮਕਸ਼ ਬਿਹਾਰ ਦੀਆਂ ਚੋਣਾਂ ਦੌਰਾਨ ਵੀ ਵੇਖਣ ਨੂੰ ਮਿਲੀ ਹੈ।
ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਪ੍ਰਚਾਰ ਕਰਦੇ ਹੋਏ ਕਿਹਾ ਸੀ, ‘‘ਮੋਦੀ ਜੀ ਨੇ ਬਾਹਰ ਤੋਂ ਦੇਸ਼ ਅੰਦਰ ਘੁਸਪੈਠ ਕਰਨ ਵਾਲਿਆਂ ਦਾ ਇਲਾਜ ਲੱਭ ਲਿਆ ਹੈ।’’ ਯੋਗੀ ਨੇ ਕਿਹਾ ਕਿ ਕਟਿਹਾਰ ਘੁਸਪੈਠ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨਡੀਏ) ਭਾਵ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ (ਯੂਨਾਈਟਿਡ) ਦੇ ਸੱਤਾ ਵਿਚ ਆਉਂਦਿਆਂ ਹੀ ਘੁਸਪੈਠੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਯੋਗੀ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ 500 ਸਾਲਾਂ ਦਾ ਇੰਤਜ਼ਾਰ ਖ਼ਤਮ ਕਰਾ ਕੇ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਕਰਵਾਇਆ ਹੈ।
ਬੁੱਧਵਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਸ਼ਨਗੰਜ ਵਿਚ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹੋ ਜਿਹੀ ‘ਫਾਲਤੂ ਬਾਤ’ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਕਿਸੇ ਵਿਚ ਇਹ ਦਮ ਨਹੀਂ ਕਿ ਸਾਡੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢ ਦੇਵੇ; ਸਾਰੇ ਲੋਕ ਹਿੰਦੋਸਤਾਨ ਦੇ ਹਨ।’’ ਇਸ ਤਰ੍ਹਾਂ ਨਿਤੀਸ਼ ਕੁਮਾਰ ਅਤੇ ਯੋਗੀ ਆਦਿੱਤਿਆਨਾਥ ਵਿਚਕਾਰ ਵਿਚਾਰਧਾਰਕ ਦਰਾੜ ਸਪੱਸ਼ਟ ਦਿਖਾਈ ਦਿੰਦੀ ਹੈ। ਨਿਤੀਸ਼ ਕੁਮਾਰ ਦੀ ਸਮੱਸਿਆ ਇਹ ਹੈ ਕਿ ਨਾ ਸਿਰਫ਼ ਯੋਗੀ ਸਗੋਂ ਭਾਜਪਾ ਦੇ ਸਾਰੇ ਆਗੂ, ਜਿਨ੍ਹਾਂ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹਨ, ਯੋਗੀ ਦੁਆਰਾ ਕਹੀਆਂ ਗੱਲਾਂ ਵਿਚ ਵਿਸ਼ਵਾਸ ਰੱਖਦੇ ਹਨ। ਨਿਤੀਸ਼ ਕੁਮਾਰ ਜਿਹੇ ਆਗੂਆਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਭਾਜਪਾ ਅਤੇ ਸੰਘ ਪਰਿਵਾਰ ਤੋਂ ਵੱਖ ਵਿਚਾਰ ਰੱਖਦੇ ਹੋਏ ਵੀ ਸੱਤਾ ਵਿਚ ਆਉਣ ਲਈ ਸਮਝੌਤੇ ਦਾ ਅੱਕ ਚੱਬਣਾ ਪੈਂਦਾ ਹੈ। ਇਹ ਸਮੱਸਿਆ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਵੀ ਰਹੀ ਹੈ ਜਿਸ ਨੇ 1996 ਤੋਂ ਭਾਰਤੀ ਜਨਤਾ ਪਾਰਟੀ ਦੀ ਬਿਨਾ ਸ਼ਰਤ ਹਮਾਇਤ ਕੀਤੀ। ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਤਾਂ ਰਿਹਾ ਪਰ ਉਸ ਦੇ ਖੇਤਰੀ ਅਤੇ ਫੈਡਰਲਿਜ਼ਮ ਦੀ ਹਮਾਇਤੀ ਹੋਣ ਵਾਲੀ ਪਾਰਟੀ ਦੇ ਅਕਸ ਨੂੰ ਖ਼ੋਰਾ ਲੱਗਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਦੇ ਬਾਅਦ ਭਾਜਪਾ ਦੇ ਸਿਆਸੀ ਸਮੀਕਰਨਾਂ ਵਿਚ ਅਕਾਲੀ ਦਲ ਦਾ ਮਹੱਤਵ ਬਹੁਤ ਘਟ ਗਿਆ ਅਤੇ ਖੇਤੀ ਮੰਡੀਕਰਨ ਅਤੇ ਕੰਟਰੈਕਟ ’ਤੇ ਖੇਤੀ ਕਰਨ ਸਬੰਧੀ ਕਾਨੂੰਨ ਅਤੇ ਅਜਿਹੀਆਂ ਹੋਰ ਕਿਸਾਨ-ਵਿਰੋਧੀ ਪਹਿਲਕਦਮੀਆਂ ਕਰਦੇ ਸਮੇਂ ਅਕਾਲੀ ਦਲ ਨਾਲ ਕੋਈ ਸਲਾਹ ਨਾ ਕੀਤੀ ਗਈ। ਕਿਸਾਨਾਂ ਦੇ ਅੰਦੋਲਨ ਦੇ ਦਬਾਓ ਕਾਰਨ ਅਕਾਲੀ ਦਲ ਨੂੰ ਕੇਂਦਰ ਵਿਚ ਸੱਤਾ ਛੱਡਣੀ ਪਈ। ਨਿਤੀਸ਼ ਕੁਮਾਰ ਨੇ ਵੀ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦਾ ਸਾਥ ਛੱਡਦਿਆਂ ਅਤੇ ਭਾਜਪਾ ਦੀ ਬਾਂਹ ਫੜਦਿਆਂ ਵੱਡੇ ਵਿਚਾਰਧਾਰਕ ਸਮਝੌਤੇ ਕੀਤੇ ਹਨ। ਇਸ ਤਰ੍ਹਾਂ ਕਰ ਕੇ ਉਹ ਸੱਤਾ ਵਿਚ ਤਾਂ ਰਿਹਾ ਹੈ ਪਰ ਉਸ ਦੇ ਧਰਮ ਨਿਰਪੱਖਤਾ ਅਤੇ ਸਮਾਜਵਾਦੀ ਵਿਚਾਰਧਾਰਾਵਾਂ ਦਾ ਹਾਮੀ ਹੋਣ ਬਾਰੇ ਵੱਡੇ ਸਵਾਲ ਉੱਠੇ ਹਨ। ਅਜਿਹੀ ਸਿਆਸੀ ਮੌਕਾਪ੍ਰਸਤੀ ਦਾ ਫ਼ਾਇਦਾ ਹਮੇਸ਼ਾਂ ਭਾਰਤੀ ਜਨਤਾ ਪਾਰਟੀ ਨੂੰ ਹੋਇਆ ਹੈ। ਨਿਤੀਸ਼ ਕੁਮਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਭਾਜਪਾ-ਜੇਡੀ (ਯੂ) ਗੱਠਜੋੜ ਚੋਣਾਂ ਜਿੱਤ ਵੀ ਜਾਂਦਾ ਹੈ ਤਾਂ ਬਿਹਾਰ ਭਾਜਪਾ ਦੀ ਸਿਆਸੀ ਸਮਝ ਅਨੁਸਾਰ ਹੀ ਚੱਲੇਗਾ। ਅਜਿਹੇ ਆਗੂਆਂ ਦੀ ਮੌਕਾਪ੍ਰਸਤ ਸਿਆਸਤ ਕਾਰਨ ਧਰਮ ਨਿਰਪੱਖਤਾ ਵਾਲੀ ਸਿਆਸਤ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।