ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪੈਗਾਸਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜੀ ਹੈ। ਜਨਤਾ ਦਲ (ਯੂ) ਨੇ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਪੁਰਾਣੇ ਸੰਗੀ ਸ਼੍ਰੋਮਣੀ ਅਕਾਲੀ ਦਲ ਨੇ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਨਾਲੋਂ ਨਾਤਾ ਤੋੜ ਲਿਆ ਸੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਗੱਠਜੋੜ ਰਾਹੀਂ ਚੋਣ ਲੜਨ ਤੋਂ ਬਾਅਦ ਸਰਕਾਰ ਬਣਾਉਣ ਦੇ ਮੁੱਦੇ ਉੱਤੇ ਸ਼ਿਵ ਸੈਨਾ ਭਾਜਪਾ ਤੋਂ ਅਲੱਗ ਹੋ ਗਈ ਅਤੇ ਉਸ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾ ਲਈ। ਭਾਜਪਾ ਦੀ ਖੇਤਰੀ ਅਤੇ ਸਹਿਯੋਗੀ ਪਾਰਟੀਆਂ ਨੂੰ ਖ਼ੋਰਾ ਲਗਾਉਣ ਦੀ ਨੀਤੀ ਕਾਰਨ ਭਾਈਵਾਲ ਪਾਰਟੀਆਂ ਅੰਦਰ ਡਰ ਦੀ ਭਾਵਨਾ ਪੈਦਾ ਹੋਣੀ ਸੁਭਾਵਿਕ ਹੈ। ਕੌਮੀ ਜਮਹੂਰੀ ਗੱਠਜੋੜ ਤੋਂ ਅਲੱਗ ਹੋਣ ਪਿੱਛੋਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਗੱਠਜੋੜ ਦੀ ਨਾ ਤਾਂ ਕਦੇ ਕੋਈ ਮੀਟਿੰਗ ਹੋਈ ਅਤੇ ਨਾ ਹੀ ਮੁੱਖ ਮੁੱਦਿਆਂ ਉੱਤੇ ਭਾਈਵਾਲ ਧਿਰਾਂ ਦੀ ਸਲਾਹ ਲਈ ਗਈ। ਭਾਜਪਾ ਉੱਤੇ ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ ਆਦਿ ਰਾਜਾਂ ਵਿਚ ਦਲ-ਬਦਲੀ ਕਰਵਾ ਕੇ ਆਪਣੀਆਂ ਸਰਕਾਰਾਂ ਬਣਾਉਣ ਦਾ ਦੋਸ਼ ਵੀ ਲੱਗਦਾ ਰਿਹਾ ਹੈ।
ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਚਿਰਾਗ਼ ਪਾਸਵਾਨ ਦੀ ਅਗਵਾਈ ਵਾਲੀ ਜਨਸ਼ਕਤੀ ਪਾਰਟੀ ਵੱਲੋਂ ਜਨਤਾ ਦਲ (ਯੂ) ਖ਼ਿਲਾਫ਼ ਉਮੀਦਵਾਰ ਖੜ੍ਹੇ ਕਰਨ ਦੇ ਫ਼ੈਸਲੇ ਪਿੱਛੇ ਵੀ ਭਾਜਪਾ ਦੇ ਹੱਥ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਅਜਿਹੇ ਸਿਆਸੀ ਸਮੀਕਰਨਾਂ ਕਾਰਨ ਜਨਤਾ ਦਲ (ਯੂ) ਤੀਸਰੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ। ਭਾਜਪਾ ਨੇ ਨਿਤੀਸ਼ ਨੂੰ ਮੁੱਖ ਮੰਤਰੀ ਤਾਂ ਬਣਾਇਆ ਪਰ ਉਸ ਉੱਤੇ ਲਗਾਤਾਰ ਦਬਾਅ ਵੀ ਕਾਇਮ ਰੱਖਿਆ ਜਾ ਰਿਹਾ ਹੈ। ਕੇਂਦਰੀ ਏਜੰਸੀਆਂ ’ਤੇ ਸਿਆਸੀ ਵਿਰੋਧੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ’ਤੇ ਨਿਗਾਹਬਾਨੀ ਕਰਨ ਦਾ ਮਾਮਲਾ ਮੁੜ ਮੁੜ ਉੱਠਦਾ ਰਿਹਾ ਹੈ।
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਤੋਂ ਬਾਅਦ ਮਮਤਾ ਬੈਨਰਜੀ ਵਿਰੋਧੀ ਪਾਰਟੀਆਂ ਨੂੰ ਇਕੱਜੁਟ ਕਰਨ ’ਚ ਮੁੱਖ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦੇ ਤਾਲਮੇਲ ਕਾਰਨ ਸਰਕਾਰ ਸੰਸਦ ’ਚ ਠੋਸ ਜਵਾਬ ਨਹੀਂ ਦੇ ਪਾ ਰਹੀ। ਪੈਗਾਸਸ, ਖੇਤੀ ਕਾਨੂੰਨਾਂ ਤੇ ਮਹਿੰਗਾਈ ਵਰਗੇ ਵੱਡੇ ਮੁੱਦਿਆਂ ਕਰਕੇ ਸਰਕਾਰ ਖ਼ਰਾਬ ਸਥਿਤੀ ’ਚ ਫਸੀ ਹੋਈ ਹੈ। ਭਵਿੱਖ ਵਿਚ ਵਿਰੋਧੀ ਧਿਰਾਂ ਦੇ ਇਕੱਠੇ ਹੋਣ ਅਤੇ ਭਾਜਪਾ ਤੋਂ ਤੋੜ-ਵਿਛੋੜੇ ਦੇ ਰੁਝਾਨਾਂ ਨੂੰ 2022 ਵਿਚ ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਉੱਤਰ ਪ੍ਰਦੇਸ਼ ’ਚ ਭਾਜਪਾ ਹਰਾਓ ਦੀ ਮੁਹਿੰਮ ਚਲਾਉਣ ਦਾ ਐਲਾਨ ਕਰ ਚੁੱਕਾ ਹੈ। ਪੱਛਮੀ ਬੰਗਾਲ ਵਿਚ ਭਾਜਪਾ ਦੀ ਹਾਰ ਅਤੇ ਕਿਸਾਨ ਅੰਦੋਲਨ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੀ ਚੁਣੌਤੀ ਨੇ ਵਿਰੋਧੀ ਪਾਰਟੀਆਂ ਅੰਦਰ ਹੌਸਲਾ ਪੈਦਾ ਕੀਤਾ ਹੈ। ਵਿਰੋਧੀ ਪਾਰਟੀਆਂ ਇਨ੍ਹਾਂ ਪਹਿਲਕਦਮੀਆਂ ਨੂੰ ਭਵਿੱਖ ਵਿਚ ਭਾਜਪਾ ਵਿਰੋਧੀ ਸਾਂਝਾ ਮੁਹਾਜ਼ ਉਸਾਰਨ ਦੇ ਪ੍ਰਸੰਗ ਵਿਚ ਵੇਖ ਰਹੀਆਂ ਹਨ।