ਰਾਜਸਥਾਨ ਵਿਚ ਕਾਂਗਰਸ ਵਿਚ ਹੋਏ ਵਿਦਰੋਹ ਨੇ ਪਾਰਟੀ ਦੇ ਭਵਿੱਖ ਨੂੰ ਅਨਿਸ਼ਚਿਤਤਾ ਵੱਲ ਧੱਕ ਦਿੱਤਾ ਹੈ। ਲਗਭਗ ਦੋ ਦਹਾਕਿਆਂ ਬਾਅਦ ਕਾਂਗਰਸ ਵਿਚ ਪਾਰਟੀ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅਤੇ ਅਸ਼ੋਕ ਗਹਿਲੋਤ ਦਾ ਪ੍ਰਧਾਨ ਬਣਨਾ ਨਿਸ਼ਚਿਤ ਮੰਨਿਆ ਜਾ ਰਿਹਾ ਸੀ। ਪਾਰਟੀ ਦਾ ਅੰਦਰੂਨੀ ਜਮਹੂਰੀਅਤ ਬਹਾਲ ਕਰਨ ਵੱਲ ਵਧਣਾ ਵਧੀਆ ਕਦਮ ਹੈ ਪਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਇਸ ਵਿਚ ਨਿਹਿਤ ਸੱਤਾ ਦੇ ਸਮੀਕਰਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਦੇ ਅਹੁਦੇ ਦੀ ਦੌੜ ਤੋਂ ਲਾਂਭੇ ਹੋ ਕੇ ਇਹ ਸੰਕੇਤ ਦੇਣ ਦਾ ਯਤਨ ਕੀਤਾ ਕਿ ਉਹ ਪਾਰਟੀ ਦੀ ਅਗਵਾਈ ਕਿਸੇ ਸੀਨੀਅਰ ਆਗੂ ਨੂੰ ਸੌਂਪਣ ਲਈ ਤਿਆਰ ਹਨ ਪਰ ਨਾਲ ਹੀ ਕਈ ਕਾਰਵਾਈਆਂ ਦੁਆਰਾ ਇਹ ਪ੍ਰਭਾਵ ਵੀ ਗਿਆ ਕਿ ਸਭ ਕੁਝ ਨਹਿਰੂ-ਗਾਂਧੀ ਪਰਿਵਾਰ ਦੇ ਕਹਿਣ ਅਨੁਸਾਰ ਹੀ ਹੋਵੇਗਾ। ਉਦਾਹਰਨ ਵਜੋਂ ਗਹਿਲੋਤ ਨੂੰ ਪਾਰਟੀ ਪ੍ਰਧਾਨ ਲਈ ਉਮੀਦਵਾਰ ਬਣਨ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਕਿਹਾ ਗਿਆ; ਇਹ ਸੰਕੇਤ ਵੀ ਦਿੱਤੇ ਗਏ ਕਿ ਨਹਿਰੂ-ਗਾਂਧੀ ਪਰਿਵਾਰ ਦੀ ਚੋਣ ਅਨੁਸਾਰ ਸਚਿਨ ਪਾਇਲਟ ਨਵਾਂ ਮੁੱਖ ਮੰਤਰੀ ਹੋਵੇਗਾ; ਗਹਿਲੋਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਪਰ ਨਾਲ ਹੀ ਦਿਗਵਿਜੈ ਸਿੰਘ ਤੋਂ ‘ਇਕ ਵਿਅਕਤੀ ਇਕ ਅਹੁਦੇ’ ਦਾ ਬਿਆਨ ਦਿਵਾਇਆ ਗਿਆ। ਰਾਹੁਲ ਗਾਂਧੀ ਨੇ ਵੀ ਅਜਿਹਾ ਬਿਆਨ ਦਿੱਤਾ। ਇਨ੍ਹਾਂ ਕਾਰਵਾਈਆਂ ਕਾਰਨ ਅਸ਼ੋਕ ਗਹਿਲੋਤ ਨੇ ਹੱਤਕ ਮਹਿਸੂਸ ਕੀਤੀ ਅਤੇ ਉਸ ਦੇ 90 ਤੋਂ ਜ਼ਿਆਦਾ ਹਮਾਇਤੀ ਵਿਧਾਇਕਾਂ ਨੇ ਉਸ ਦਾ ਸਾਥ ਦਿੰਦਿਆਂ ਸਪੀਕਰ ਨੂੰ ਅਸਤੀਫ਼ੇ ਸੌਂਪ ਦਿੱਤੇ। ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੁਆਰਾ ਭੇਜੇ ਗਏ ਵਫ਼ਦ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਅਜਿਹਾ ਕਾਂਗਰਸ ਵਿਚ ਪਹਿਲੀ ਵਾਰ ਹੋਇਆ ਹੈ। ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈ ਕਮਾਨ ਦਾ ਸਾਥ ਦਿੱਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਸੀ। ਰਾਜਸਥਾਨ ਦੇ ਘਟਨਾਕ੍ਰਮ ਦੀ ਦਿਸ਼ਾ ਪੰਜਾਬ ਤੋਂ ਉਲਟ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਾਂਗਰਸ ਵਿਚ ਨਾ ਸਿਰਫ਼ ਪ੍ਰਧਾਨ ਬਣਨ ਦੀ ਪ੍ਰਕਿਰਿਆ ਥਿੜਕ ਗਈ ਹੈ ਸਗੋਂ ਰਾਹੁਲ ਗਾਂਧੀ ਦੀ ਸੀਨੀਅਰ ਆਗੂਆਂ ਨਾਲ ਮਿਲ ਕੇ ਚੱਲਣ ਅਤੇ ਸਮੂਹਿਕ ਲੀਡਰਸ਼ਿਪ ਬਣਾਉਣ ਦੀ ਸਮਰੱਥਾ ’ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹਨ।
ਕਾਂਗਰਸ ਹਾਈ ਕਮਾਨ ਵੱਲੋਂ ਭੇਜੇ ਆਗੂ ਅਜੈ ਮਾਕਨ ਤੇ ਮਲਿਕਾਅਰਜੁਨ ਖੜਗੇ ਵਾਪਸ ਦਿੱਲੀ ਆ ਗਏ ਹਨ। ਅਜੈ ਮਾਕਨ ਨੇ ਜੈਪੁਰ ’ਚ ਕਾਂਗਰਸੀ ਵਿਧਾਇਕਾਂ ਦੀ ਕਾਰਵਾਈ ਨੂੰ ਅਨੁਸ਼ਾਸਨਹੀਣਤਾ ਦੱਸਿਆ ਹੈ। ਇਹ ਸਪੱਸ਼ਟ ਹੈ ਕਿ ਵਿਧਾਇਕਾਂ ਨੇ ਇਹ ਕਾਰਵਾਈ ਅਸ਼ੋਕ ਗਹਿਲੋਤ ਦੀ ਸਹਿਮਤੀ ਤੋਂ ਬਿਨਾ ਨਹੀਂ ਕੀਤੀ। ਇਸ ਕਾਰਵਾਈ ਕਾਰਨ ਹੁਣ ਗਹਿਲੋਤ ਦੇ ਪਾਰਟੀ ਪ੍ਰਧਾਨ ਬਣਨ ਦੇ ਰਾਹ ’ਚ ਅੜਿੱਕੇ ਖੜ੍ਹੇ ਹੋ ਗਏ ਹਨ। ਸੋਨੀਆ ਗਾਂਧੀ ਨੇ ਸਮੱਸਿਆ ਨੂੰ ਸੁਲਝਾਉਣ ਲਈ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਦਿੱਲੀ ਸੱਦਿਆ ਹੈ।
ਬੀਤੇ ਵਿਚ ਕਾਂਗਰਸ ਹਾਈ ਕਮਾਨ ਦੁਆਰਾ ਭੇਜੀ ਗਈ ਟੀਮ ਵਿਧਾਇਕਾਂ ਨੂੰ ਨਿੱਜੀ ਤੌਰ ’ਤੇ ਮਿਲਦੀ ਤੇ ਫਿਰ ਉਨ੍ਹਾਂ (ਵਿਧਾਇਕਾਂ) ਤੋਂ ਮਤਾ ਪਾਸ ਕਰਵਾ ਲਿਆ ਜਾਂਦਾ ਕਿ ਆਗੂ ਦਾ ਫ਼ੈਸਲਾ ਹਾਈ ਕਮਾਨ ਕਰੇ। ਇਸ ਵਾਰ ਗਹਿਲੋਤ ਦੇ ਹਮਾਇਤੀ ਵਿਧਾਇਕਾਂ ਦਾ ਹਾਈ ਕਮਾਨ ਨੂੰ ਨਾ ਮਿਲਣਾ ਹਾਈ ਕਮਾਨ ਵਿਰੁੱਧ ਖੜ੍ਹੇ ਹੋਣ ਦੇ ਬਰਾਬਰ ਹੈ। ਗਹਿਲੋਤ ਨੂੰ ਨਹਿਰੂ-ਗਾਂਧੀ ਪਰਿਵਾਰ ਦਾ ਵਫ਼ਾਦਾਰ ਦੱਸਿਆ ਜਾਂਦਾ ਹੈ ਪਰ ਉਸ ਦਾ ਧੜਾ ਰਾਜਸਥਾਨ ਦੀ ਸੱਤਾ ’ਤੇ ਕਾਬਜ਼ ਰਹਿਣਾ ਚਾਹੁੰਦਾ ਹੈ। ਸਚਿਨ ਪਾਇਲਟ ਨਾਲ ਸਿਰਫ਼ 20 ਵਿਧਾਇਕ ਹਨ। ਕਾਂਗਰਸ ਹਾਈ ਕਮਾਨ ਲਾਚਾਰ ਦਿਖਾਈ ਦੇ ਰਹੀ ਹੈ। ਸਿਆਸੀ ਮਾਹਿਰਾਂ ਅਨੁਸਾਰ ਜੇ ਤਾਕਤਾਂ ਦੇ ਕੇਂਦਰੀਕਰਨ ਦੇ ਅਸੂਲ ਨੂੰ ਪ੍ਰਣਾਈ ਹੋਈ ਕੋਈ ਪਾਰਟੀ ਅਚਨਚੇਤ ਜਮਹੂਰੀਕਰਨ ਕਰਨ ਦਾ ਯਤਨ ਕਰੇ ਤਾਂ ਪਾਰਟੀ ਵਿਚ ਫੁੱਟ ਪੈ ਸਕਦੀ ਹੈ। ਕਾਂਗਰਸ ਵੀ ਅਜਿਹੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਿਆਸੀ ਪੱਧਰ ’ਤੇ ਸਮਝੌਤਾ ਤਾਂ ਹੋ ਸਕਦਾ ਹੈ ਪਰ ਇਹ ਸਪੱਸ਼ਟ ਹੈ ਕਿ ਨਹਿਰੂ-ਗਾਂਧੀ ਪਰਿਵਾਰ ਦੀ ਪਾਰਟੀ ’ਤੇ ਪਕੜ ਕਮਜ਼ੋਰ ਹੁੰਦੀ ਦਿਖਾਈ ਦਿੰਦੀ ਹੈ। ਪਾਰਟੀ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਤੋਂ ਸਿਆਸੀ ਮਜ਼ਬੂਤੀ ਹਾਸਲ ਹੋਣ ਦੀ ਉਮੀਦ ਹੈ। ਯਕੀਨੀ ਤੌਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਦੀ ਨੁਹਾਰ ਮੌਜੂਦਾ ਰੂਪ ਤੋਂ ਵੱਖਰੀ ਹੋਵੇਗੀ।