ਉੱਘੇ ਸਨਅਤਕਾਰ ਰਤਨ ਟਾਟਾ ਨੇ ਸੋਸ਼ਲ ਮੀਡੀਆ ਰਾਹੀਂ ਫੈਲਾਈ ਜਾ ਰਹੀ ਘਿਰਣਾ ਅਤੇ ਧੌਂਸਬਾਜ਼ੀ ਬਾਰੇ ਫ਼ਿਕਰ ਜ਼ਾਹਿਰ ਕਰਦਿਆਂ ਲੋਕਾਂ ਨੂੰ ਇਕ-ਦੂਜੇ ਦੀ ਹਮਾਇਤ ਕਰਨ ਲਈ ਆਖਿਆ ਹੈ। ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਟਾਟਾ ਨੇ ਕਿਹਾ ਕਿ ਆਉਣ ਵਾਲਾ ਭਾਈਚਾਰਾ ਇਕ-ਦੂਸਰੇ ਨੂੰ ਦੁੱਖ-ਦਰਦ ਪਹੁੰਚਾਉਣ ਵਿਚ ਰੁਝਿਆ ਹੋਇਆ ਹੈ। ਇਹ ਵਰਤਾਰਾ ਬੜੀ ਲੰਮੀ ਦੇਰ ਤੋਂ ਚੱਲ ਰਿਹਾ ਹੈ। ਵਿਦਵਾਨ ਇਹ ਸੋਚਦੇ ਸਨ ਕਿ ਜ਼ਿਆਦਾ ਲੋਕਾਂ ਦੇ ਸਿੱਖਿਅਤ ਹੋਣ ਨਾਲ ਉਨ੍ਹਾਂ ਵਿਚ ਜ਼ਿੰਦਗੀ ਪ੍ਰਤੀ ਵਿਗਿਆਨਕ ਪਹੁੰਚ ਵਧੇਗੀ ਜਿਹੜੀ ਭਾਈਚਾਰਿਆਂ ਵਿਚਕਾਰਲੀ ਕੁੜੱਤਣ ਨੂੰ ਘਟਾਉਣ ਵਿਚ ਸਹਾਇਕ ਹੋਵੇਗੀ। ਲੋਕ ਜ਼ਿਆਦਾ ਸਿੱਖਿਅਤ ਤਾਂ ਹੁੰਦੇ ਜਾ ਰਹੇ ਹਨ ਪਰ ਭਾਈਚਾਰਿਆਂ ਵਿਚ ਕੁੜੱਤਣ ਵੀ ਵਧ ਰਹੀ ਹੈ। ਬਹੁਤ ਸਾਰੀਆਂ ਥਾਵਾਂ ’ਤੇ ਆਨਲਾਈਨ ਪਲੇਟਫ਼ਾਰਮਾਂ ਨੇ ਫ਼ਿਰਕਾਪ੍ਰਸਤੀ ਅਤੇ ਨਫ਼ਰਤ ਵਧਾਉਣ ਵਿਚ ‘ਬਲਦੀ ’ਤੇ ਤੇਲ’ ਪਾਉਣ ਵਾਲੀ ਭੂਮਿਕਾ ਨਿਭਾਈ ਹੈ।
ਜੇ ਦੁਨੀਆ ਭਰ ਦੇ ਆਨਲਾਈਨ ਪਲੇਟਫ਼ਾਰਮਾਂ ’ਤੇ ਨਜ਼ਰ ਮਾਰੀਏ ਤਾਂ ਉਹ ਪਲੇਟਫ਼ਾਰਮ ਸਭ ਤੋਂ ਜ਼ਿਆਦਾ ਖਿੱਚ ਦਾ ਕਾਰਨ ਬਣਦੇ ਹਨ, ਜਿਨ੍ਹਾਂ ਵਿਚ ਪ੍ਰਗਟਾਏ ਗਏ ਵਿਚਾਰ ਅਤਿਅੰਤ ਗਰਮਖ਼ਿਆਲਾਂ ਵਾਲੇ ਹੁੰਦੇ ਹਨ। ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਅਤੇ ਦੁਨੀਆ ਪ੍ਰਤੀ ਆਪਣੀ ਸੂਝ-ਸਮਝ ਵਿਕਸਿਤ ਕਰਨ ਦਾ ਅਧਿਕਾਰ ਹੈ ਪਰ ਆਮ ਤੌਰ ’ਤੇ ਇਹ ਵੇਖਿਆ ਜਾਂਦਾ ਹੈ ਕਿ ਗਰਮਖ਼ਿਆਲਾਂ ਵਾਲੇ ਵਿਅਕਤੀ ਲੋਕਾਂ ’ਤੇ ਜ਼ਿਆਦਾ ਪ੍ਰਭਾਵ ਪਾਉਂਦੇ ਹਨ। ਸਮਾਜ ਸ਼ਾਸਤਰੀ ਦਲੀਲ ਦਿੰਦੇ ਹਨ ਕਿ ਆਰਥਿਕ ਅਸਮਾਨਤਾ ਵਧਣ ਦੇ ਕਾਰਨ ਲੋਕਾਂ ਵਿਚ ਵੱਡੀ ਪੱਧਰ ’ਤੇ ਮਾਯੂਸੀ ਤੇ ਵਿਸ਼ਾਦ ਦੀਆਂ ਭਾਵਨਾਵਾਂ ਪਣਪਦੀਆਂ ਹਨ; ਸਰਕਾਰ ਅਤੇ ਸਮਾਜ ਤੋਂ ਮਾਯੂਸ ਹੋਏ ਲੋਕ ਆਪਣੇ ਦੁੱਖਾਂ-ਦੁਸ਼ਵਾਰੀਆਂ ਦਾ ਕਾਰਨ ਲੱਭਣਾ ਚਾਹੁੰਦੇ ਹਨ; ਗਰਮਖ਼ਿਆਲਾਂ ਵਾਲੇ ਕੁਝ ਲੋਕ ਉਨ੍ਹਾਂ ਨੂੰ ਇਹ ਦੱਸਣ ਵਿਚ ਕਾਮਯਾਬ ਹੋ ਜਾਂਦੇ ਹਨ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਕਾਰਨ ਕੋਈ ਖ਼ਾਸ ਭਾਈਚਾਰਾ ਜਾਂ ਕਿਸੇ ਧਰਮ ਦੇ ਲੋਕ ਹਨ। ਇਸ ਤਰ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਵੱਖ ਵੱਖ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਆਮ ਤੌਰ ’ਤੇ ਧਾਰਮਿਕ ਘੱਟਗਿਣਤੀਆਂ ’ਤੇ ਨਿਸ਼ਾਨਾ ਸਾਧਿਆ ਜਾਂਦਾ ਹੈ। ਵੱਖ ਵੱਖ ਤਰ੍ਹਾਂ ਦੇ ਕੱਟੜਵਾਦੀ ਆਪਣੇ ਟੋਲੇ/ਟਰੋਲ ਆਰਮੀਜ਼ (Troll Armies) ਬਣਾ ਲੈਂਦੇ ਹਨ ਅਤੇ ਕੱਟੜਵਾਦ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ’ਤੇ ਇੰਟਰਨੈੱਟ ਪਲੇਟਫ਼ਾਰਮਾਂ ਰਾਹੀਂ ਸਮੂਹਿਕ ਹੱਲਾ ਬੋਲਿਆ ਜਾਂਦਾ ਹੈ।
ਇੰਟਰਨੈੱਟ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਵਿਚਾਰ ਪ੍ਰਗਟਾਉਣ ਦੇ ਦੂਸਰੇ ਸਾਧਨਾਂ ਵਾਂਗ ਇੰਟਰਨੈੱਟ ਪਲੇਟਫ਼ਾਰਮ ਵੀ ਦੋ-ਧਾਰੀ ਤਲਵਾਰ ਵਾਂਗ ਹਨ। ਜਿੱਥੇ ਕੁਝ ਲੋਕ ਇਨ੍ਹਾਂ ਪਲੇਟਫ਼ਾਰਮਾਂ ਦੀ ਗ਼ਲਤ ਵਰਤੋਂ ਕਰਦੇ ਹਨ, ਉੱਥੇ ਇਨ੍ਹਾਂ ਪਲੇਟਫ਼ਾਰਮਾਂ ਨੇ ਕਰੋੜਾਂ ਨੂੰ ਆਪਣੇ ਨਿੱਜੀ ਵਿਚਾਰ ਇਕ-ਦੂਸਰੇ ਨਾਲ ਸਾਂਝੇ ਕਰਨ ਦੇ ਵੱਡੇ ਮੌਕੇ ਦਿੱਤੇ; ਉਨ੍ਹਾਂ ਅਨੁਸਾਰ ਇੰਟਰਨੈੱਟ ਇਕ ਕਿਸਮ ਦੀ ਲੋਕ-ਜਮਹੂਰੀਅਤ ਹੈ ਜਿੱਥੇ ਕੋਈ ਵੀ ਆਪਣੇ ਵਿਚਾਰ ਪ੍ਰਗਟਾ ਸਕਦਾ ਹੈ। ਅਸਲ ਵਿਚ ਬਾਕੀ ਮਨੁੱਖੀ ਵਰਤਾਰਿਆਂ ਵਾਂਗ ਇਹ ਵੀ ਇਕ ਜਟਿਲ ਵਰਤਾਰਾ ਹੈ ਜਿਸ ਵਿਚ ਕੁਝ ਲੋਕ ਇਸ ਦੀ ਵਰਤੋਂ ਆਪਣੇ ਵਿਚਾਰਾਂ ਨੂੰ ਸੁਹਿਰਦਤਾ ਨਾਲ ਪ੍ਰਗਟਾਉਣ ਲਈ ਕਰਦੇ ਹਨ, ਉੱਥੇ ਕੁਝ ਹੋਰ ਲੋਕ ਇਸ ਦੀ ਦੁਰਵਰਤੋਂ ਕਰਦੇ ਹਨ। ਉਦਾਰਵਾਦੀ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਚਿੰਤਕਾਂ, ਪੱਤਰਕਾਰਾਂ, ਸਿਆਸਤਦਾਨਾਂ ਅਤੇ ਵਿਦਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਸਮਲਿੰਗੀਆਂ, ਨਾਸਤਿਕਾਂ ਤੇ ਹੋਰ ਵੱਖਰੀਆਂ ਜੀਵਨ-ਸ਼ੈਲੀਆਂ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਪਲੇਟਫ਼ਾਰਮਾਂ ’ਤੇ ਕੋਈ ਸਥਾਨ ਨਹੀਂ ਦੇਣਾ ਚਾਹੁੰਦੇ। ਇਸੇ ਤਰ੍ਹਾਂ ਕਈ ਤਰ੍ਹਾਂ ਦੇ ਧੋਖੇਬਾਜ਼ ਅਤੇ ਪੋਰਨੋਗ੍ਰਾਫ਼ੀ ਰਾਹੀਂ ਪੈਸੇ ਕਮਾਉਣ ਵਾਲੇ ਇੰਟਰਨੈੱਟ ਪਲੇਟਫ਼ਾਰਮਾਂ ਦੀ ਦੁਰਵਰਤੋਂ ਕਰਦੇ ਹਨ। ਕਈ ਵਾਰ ਤਾਂ ਇਉਂ ਲੱਗਦਾ ਹੈ ਜਿਵੇਂ ਇੰਟਰਨੈੱਟ ਦੀ ਦੁਨੀਆ ਹਕੀਕੀ ਦੁਨੀਆਂ ਦੇ ਬਰਾਬਰ ਦਾ ਇਕ ਸੰਸਾਰ ਹੈ। ਇਹ ਵੀ ਸੱਚ ਹੈ ਕਿ ਹਕੀਕੀ ਦੁਨੀਆਂ ਦਾ ਬਹੁਤ ਸਾਰਾ ਕੰਮ ਜਿਵੇਂ ਬੈਂਕਿੰਗ, ਤਰ੍ਹਾਂ ਤਰ੍ਹਾਂ ਦੇ ਕਰੈਡਿਟ ਤੇ ਡੈਬਿਟ ਕਾਰਡਾਂ ਦੀ ਵਰਤੋਂ, ਈ-ਮੇਲ ਰਾਹੀਂ ਪੱਤਰਾਚਾਰ, ਵਪਾਰ, ਗਿਆਨ-ਪ੍ਰਚਾਰ ਆਦਿ ਇੰਟਰਨੈੱਟ ’ਤੇ ਨਿਰਭਰ ਹਨ। ਇੰਟਰਨੈੱਟ ਤੋਂ ਬਿਨਾ ਅੱਜ ਦੀ ਦੁਨੀਆਂ ਦੀ ਕਲਪਨਾ ਕਰਨੀ ਮੁਸ਼ਕਿਲ ਹੈ ਪਰ ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਇਨ੍ਹਾਂ ਪਲੇਟਫ਼ਾਰਮਾਂ ’ਤੇ ਹੋ ਰਹੇ ਨਾਂਹ-ਪੱਖੀ ਵਰਤਾਰਿਆਂ ਨੂੰ ਰੋਕਿਆ ਜਾਵੇ। ਕਾਨੂੰਨੀ ਕਾਰਵਾਈਆਂ ਕਰਨ ਦੇ ਨਾਲ ਨਾਲ ਇਹ ਲੋਕਾਂ ਦੀ ਸਮੂਹਿਕ ਜਮਹੂਰੀ ਸਮਝ ਰਾਹੀਂ ਹੀ ਸੰਭਵ ਹੈ।