ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪਾਕਿਸਤਾਨ ਨੂੰ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਦੇ ਪੱਖ ਤੋਂ ਦੁਨੀਆ ਦੇ ਸਭ ਤੋਂ ਖ਼ਤਰਨਾਕ ਦੇਸ਼ਾਂ ਵਿਚੋਂ ਇਕ ਦੱਸਿਆ ਹੈ। ਇਸ ਬਿਆਨ ਨੂੰ ਕੂਟਨੀਤਕ ਮਾਹਿਰ ਕਈ ਦ੍ਰਿਸ਼ਟੀਕੋਣਾਂ ਤੋਂ ਦੇਖ ਰਹੇ ਹਨ। ਇਕ ਦ੍ਰਿਸ਼ਟੀਕੋਣ ਅਨੁਸਾਰ ਅਮਰੀਕਾ ਦੀ ਵਿਦੇਸ਼ ਨੀਤੀ ਵਿਚ ਵੱਡਾ ਵਿਰੋਧਾਭਾਸ ਇਹ ਹੈ ਕਿ ਉਸ ਨੇ ਹੁਣੇ ਹੁਣੇ ਪਾਕਿਸਤਾਨ ਦੀ ਹਵਾਈ ਫ਼ੌਜ ਨੂੰ ਮਜ਼ਬੂਤ ਕਰਨ ਲਈ ਸਾਜ਼ੋ ਸਾਮਾਨ ਮੁਹੱਈਆ ਕਰਵਾਇਆ ਹੈ ਅਤੇ ਦੂਸਰੇ ਪਾਸੇ ਉਸ ਨੂੰ ਖ਼ਤਰਨਾਕ ਦੇਸ਼ ਦੱਸਿਆ ਹੈ। ਮਾਹਿਰ ਇਹ ਸਵਾਲ ਵੀ ਪੁੱਛ ਰਹੇ ਹਨ ਕਿ ਪਾਕਿਸਤਾਨ ਨੂੰ ਖ਼ਤਰਨਾਕ ਦੇਸ਼ ਬਣਾਇਆ ਕਿਸ ਨੇ ਹੈ; ਪਾਕਿਸਤਾਨ ਵਿਚਲੇ ਮੌਜੂਦਾ ਹਾਲਾਤ ਲਈ ਅਮਰੀਕਾ ਖ਼ੁਦ ਵੀ ਵੱਡੇ ਪੱਧਰ ’ਤੇ ਜ਼ਿੰਮੇਵਾਰ ਹੈ।
ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਵਿਚ ਸਿਆਸੀ ਸਥਿਤੀ ਬਹੁਤ ਜਟਿਲ ਹੈ। ਕਹਿਣ ਨੂੰ ਤਾਂ ਇਹ ਜਮਹੂਰੀ ਮੁਲਕ ਹੈ ਪਰ ਅਸਲੀ ਤਾਕਤ ਫ਼ੌਜ ਕੋਲ ਹੈ। ਫ਼ੌਜ ਹੀ ਪ੍ਰਧਾਨ ਮੰਤਰੀ ਬਣਾਉਂਦੀ ਅਤੇ ਉਨ੍ਹਾਂ ਨੂੰ ਅਸਤੀਫ਼ੇ ਦੇਣ ਲਈ ਮਜਬੂਰ ਕਰਦੀ ਹੈ। ਫ਼ੌਜ ਅਤੇ ਦੇਸ਼ ਦੀ ਖ਼ੁਫ਼ੀਆ ਏਜੰਸੀ ਇੰਟਰ ਸਰਵਿਸਜ਼ ਇੰਟੈਲੀਜੈਂਸ (ਆਈਐੱਸਆਈ) ਦੀ ਹਕੂਮਤ ’ਤੇ ਪਕੜ ਏਨੀ ਮਜ਼ਬੂਤ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਕਦਮ ਨਹੀਂ ਚੁੱਕਿਆ ਜਾ ਸਕਦਾ। ਇਸੇ ਕਾਰਨ ਪਾਕਿਸਤਾਨ ਵਿਚ ਜਮਹੂਰੀ ਸੰਸਥਾਵਾਂ ਜਿਨ੍ਹਾਂ ਵਿਚ ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਹੋਰ ਅਦਾਰੇ ਸ਼ਾਮਿਲ ਹਨ, ਦੀ ਕੋਈ ਸਾਖ਼ ਨਹੀਂ ਬਣ ਸਕੀ। ਤਾਕਤ ਫ਼ੌਜ ਅਤੇ ਆਈਐੱਸਆਈ ਦੇ ਸਿਖ਼ਰਲੇ ਅਧਿਕਾਰੀਆਂ ਦੇ ਹੱਥਾਂ ਵਿਚ ਹੈ। ਅਮਰੀਕਾ ਸ਼ੁਰੂ ਤੋਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਿੰਦਾ ਆਇਆ ਹੈ ਅਤੇ ਪਾਕਿਸਤਾਨ ਨੂੰ 1954 ਵਿਚ ਨਾਟੋ ਦੀ ਤਰਜ਼ ’ਤੇ ਬਣਾਈ ਗਈ ਫ਼ੌਜੀ ਸੰਸਥਾ ਸਾਊਥ ਈਸਟ ਏਸ਼ੀਆ ਟਰੀਟੀ ਆਰਗੇਨਾਈਜੇਸ਼ਨ (ਸੀਟੋ) ਦਾ ਮੈਂਬਰ ਬਣਾਇਆ ਗਿਆ। 1958 ਵਿਚ ਜਰਨਲ ਅਯੂਬ ਖ਼ਾਨ ਹਕੂਮਤ ’ਤੇ ਕਾਬਜ਼ ਹੋਇਆ ਤਾਂ ਉਸ ਨੂੰ ਅਮਰੀਕਾ ਦੀ ਹਮਾਇਤ ਹਾਸਿਲ ਸੀ। 1969 ਵਿਚ ਉਸ ਨੇ ਹਕੂਮਤ ਜਰਨਲ ਯਾਹੀਆ ਖਾਨ ਨੂੰ ਸੌਂਪੀ; ਇਹ ਵੀ ਅਮਰੀਕਾ ਦੀ ਸਹਿਮਤੀ ਨਾਲ ਹੋਇਆ। ਅਮਰੀਕਾ ਨੇ ਪਾਕਿਸਤਾਨ ਵਿਚ ਸਭ ਤੋਂ ਖ਼ਤਰਨਾਕ ਮੁਹਿੰਮ 1980ਵਿਆਂ ਵਿਚ ਸ਼ੁਰੂ ਕੀਤੀ। ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਤੇ ਫ਼ੌਜ ਨੇ ਸਾਊਦੀ ਅਰਬ ਦੀ ਸਹਾਇਤਾ ਨਾਲ ਪਾਕਿਸਤਾਨ ਵਿਚ ਸੈਂਕੜੇ ਮਦਰੱਸੇ ਕਾਇਮ ਕਰ ਕੇ ਵਹਾਬੀ ਤਰਜ਼ ਦੇ ਇਸਲਾਮ ਦਾ ਪ੍ਰਚਾਰ ਕੀਤਾ। ਇਨ੍ਹਾਂ ਮਦਰੱਸਿਆਂ ਵਿਚੋਂ ਹਜ਼ਾਰਾਂ ਜਹਾਦੀ ਤਿਆਰ ਕਰ ਕੇ ਅਫ਼ਗ਼ਾਨਿਸਤਾਨ ਵਿਚ ਮੌਜੂਦ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨਾਲ ਲੜਨ ਲਈ ਭੇਜੇ ਗਏ। ਇਨ੍ਹਾਂ ਜਹਾਦੀਆਂ ਨੇ ਸੋਵੀਅਤ ਫ਼ੌਜਾਂ ਨੂੰ ਤਾਂ ਅਫ਼ਗ਼ਾਨਿਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ ਪਰ ਪਾਕਿਸਤਾਨ ਦੀ ਸਿਆਸਤ ਵਿਚ ਕੱਟੜ ਮੌਲਵੀਆਂ ਤੇ ਮੌਲਾਣਿਆਂ ਦਾ ਦਖ਼ਲ ਖ਼ਤਰਨਾਕ ਹੱਦ ਤੱਕ ਵਧ ਗਿਆ। ਇਹ ਸਭ ਕੁਝ ਜ਼ਿਆ-ਉਲ-ਹੱਕ ਦੀ ਹਕੂਮਤ ਦੌਰਾਨ ਹੋਇਆ ਜਿਸ ਨੇ ਜੁਲਫ਼ਿਕਾਰ ਅਲੀ ਭੁੱਟੋ ਨੂੰ ਸੱਤਾ ਤੋਂ ਲਾਹ ਕੇ ਫ਼ੌਜੀ ਹਕੂਮਤ ਕਾਇਮ ਕੀਤੀ ਸੀ। ਅਮਰੀਕਾ ਸਾਰੀ ਦੁਨੀਆ ’ਚ ਆਪਣੇ ਆਪ ਨੂੰ ਜਮਹੂਰੀਅਤ ਦੇ ਰਖਵਾਲੇ ਵਜੋਂ ਪੇਸ਼ ਕਰਦਾ ਹੈ ਪਰ ਹਕੀਕਤ ਇਹ ਹੈ ਕਿ ਉਹ ਫ਼ੌਜੀ ਤੇ ਤਾਨਾਸ਼ਾਹ ਹਕੂਮਤਾਂ ਦੀ ਹਮਾਇਤ ਕਰਦਾ ਆਇਆ ਹੈ। ਅਮਰੀਕਾ ਦੁਆਰਾ ਸਿਖਲਾਈ ਪ੍ਰਾਪਤ ਜਹਾਦੀਆਂ ’ਚੋਂ ਤਾਲਿਬਾਨ, ਅਲ-ਕਾਇਦਾ ਅਤੇ ਹੋਰ ਦਹਿਸ਼ਤਗਰਦ ਜਥੇਬੰਦੀਆਂ ਕਾਇਮ ਹੋਈਆਂ।
ਅਮਰੀਕਾ ਤੇ ਚੀਨ ਵਿਚ ਪਾਕਿਸਤਾਨ ਦੀ ਹਕੂਮਤ ਵਿਚ ਪ੍ਰਭਾਵ ਬਣਾ ਕੇ ਰੱਖਣ ਦੇ ਪੱਖ ਤੋਂ ਤਣਾਅ ਹੈ। ਅਮਰੀਕਾ ਭਾਰਤ ਨੂੰ ਇਕ ਬਹੁਤ ਵੱਡੀ ਮੰਡੀ ਵਜੋਂ ਦੇਖਦਾ ਹੈ; ਉਹ ਭਾਰਤ ਨਾਲ ਮਿੱਤਰਤਾ ਕਾਇਮ ਕਰਨ ਦਾ ਚਾਹਵਾਨ ਵੀ ਹੈ ਪਰ ਉਹ ਪਾਕਿਸਤਾਨ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਅਮਰੀਕਾ ਵਿਚ ਫ਼ੌਜੀ ਸਾਜ਼ੋ ਸਾਮਾਨ ਬਣਾਉਣ ਵਾਲੀ ਸਨਅਤ ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਟਕਰਾਓ ਬਣਾਈ ਰੱਖਣਾ ਚਾਹੁੰਦੀ ਹੈ। ਇਕ ਬਹੁਤ ਅਲੱਗ ਦ੍ਰਿਸ਼ਟੀਕੋਣ ਤੋਂ ਕੂਟਨੀਤਕ ਮਾਹਿਰ ਪਾਕਿਸਤਾਨ ਵਿਚ ਪ੍ਰਮਾਣੂ ਹਥਿਆਰ ਸੁਰੱਖਿਅਤ ਨਾ ਹੋਣ ਬਾਰੇ ਟਿੱਪਣੀ ਨੂੰ ਰੂਸ-ਯੂਕਰੇਨ ਜੰਗ ਵਿਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਪ੍ਰਮਾਣੂ ਹਥਿਆਰ ਵਰਤਣ ਦੀ ਧਮਕੀ ਨਾਲ ਵੀ ਜੋੜ ਕੇ ਦੇਖ ਰਹੇ ਹਨ; ਕਿਹਾ ਪਾਕਿਸਤਾਨ ਨੂੰ ਪਰ ਸੁਣਾਇਆ ਰੂਸ ਨੂੰ ਜਾ ਰਿਹਾ ਹੈ। ਵਿਸ਼ਵ ਤਾਕਤ ਹੋਣ ਦੇ ਨਾਤੇ ਅਮਰੀਕਾ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਂਦਿਆਂ ਦੁਨੀਆ ਦੇ ਵੱਖ ਵੱਖ ਖ਼ਿੱਤਿਆਂ ਵਿਚ ਅਮਨ ਕਾਇਮ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।