ਦਸਹਿਰੇ ਮੌਕੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਸਾਲਾਨਾ ਵਿਜੈ ਦਸ਼ਮੀ ਰੈਲੀ ਦੌਰਾਨ ਇਸ ਦੇ ਮੁਖੀ ਮੋਹਨ ਭਾਗਵਤ ਨੇ ਦੁਹਰਾਇਆ ਕਿ ਭਾਰਤ ‘ਹਿੰਦੂ ਰਾਸ਼ਟਰ’ ਅਤੇ ਹਿੰਦੂਤਵ ਮੁਲਕ ਦੀ ਸ਼ਖ਼ਸੀਅਤ ਦਾ ਸਾਰ-ਤੱਤ ਹੈ। ਭਾਗਵਤ ਅਨੁਸਾਰ ਹਿੰਦੂ ਸ਼ਬਦ ਦੇਸ਼ ਦੀ ਸਾਰੀ ਆਬਾਦੀ ’ਤੇ ਲਾਗੂ ਹੁੰਦਾ ਹੈ ਅਤੇ ਉਨ੍ਹਾਂ ਸਾਰਿਆਂ ’ਤੇ ਢੁੱਕਦਾ ਹੈ ਜਿਹੜੇ ਆਪਣੇ ਵੱਡੇ-ਵਡੇਰਿਆਂ ਦੀ ਵਿਰਾਸਤ ’ਤੇ ਮਾਣ ਕਰਦੇ ਹਨ। ਭਾਗਵਤ ਨੇ ਇਹ ਵੀ ਕਿਹਾ ਕਿ ਦੇਸ਼ ਅਤੇ ਸਮਾਜ ਨੂੰ ਵੰਡਣ ਵਾਲੇ ਇਸ ਸ਼ਬਦ ਦੇ ਅਸਲ ਮਤਲਬ ਤੋਂ ਅਣਜਾਣ ਅਤੇ ਇਸ (ਸ਼ਬਦ) ਨੂੰ ਨਿਸ਼ਾਨਾ ਬਣਾ ਕੇ ਫ਼ਿਰਕਿਆਂ ਵਿਚ ਤਕਰਾਰ ਪੈਦਾ ਕਰਦੇ ਹਨ। ਉਸ ਨੇ ਇਹ ਦਲੀਲ ਵੀ ਦਿੱਤੀ ਕਿ ਹਿੰਦੂ ਹੋਣ ਦਾ ਮਤਲਬ ਆਪਣੇ ਵਿਸ਼ਵਾਸ, ਭਾਸ਼ਾ, ਧਰਮ ਜਾਂ ਕਿਸੇ ਹੋਰ ਪਛਾਣ ਨੂੰ ਤਿਆਗਣਾ ਨਹੀਂ। ਇਸ ਤਰ੍ਹਾਂ ਆਰਐੱਸਐੱਸ ਅਤੇ ਭਾਗਵਤ ਅਨੁਸਾਰ ਇਸ ਦੇਸ਼ ਵਿਚ ਵੱਸਣ ਵਾਲੇ ਸਾਰੇ ਹਿੰਦੂ ਹਨ।
ਆਰਐੱਸਐੱਸ ਅਤੇ ਭਾਗਵਤ ਦੀ ‘ਹਿੰਦੂ’ ਸ਼ਬਦ ਦੀ ਇਹ ਪਰਿਭਾਸ਼ਾ ਵੱਡੀਆਂ ਮੁਸ਼ਕਿਲਾਂ ਪੈਦਾ ਕਰਨ ਵਾਲੀ ਹੈ। ਇਤਿਹਾਸ ਦੀ ਜਟਿਲਤਾ ਅਤੇ ਵਿਡੰਬਨਾ ਇਹ ਹੈ ਕਿ ਇਹ ਸ਼ਬਦ ਯੂਨਾਨੀਆਂ, ਮੁਸਲਮਾਨਾਂ ਅਤੇ ਬਾਅਦ ਵਿਚ ਅੰਗਰੇਜ਼ਾਂ ਨੇ ਭਾਰਤ ਵਿਚ ਵਸਦੇ ਵੱਖ ਵੱਖ ਪੰਥਾਂ ਦੇ ਲੋਕਾਂ ਵਾਸਤੇ ਵਰਤਿਆ ਕਿਉਂਕਿ ਇਹ ਸ਼ਬਦ ਵੇਦਾਂ, ਉਪਨਿਸ਼ਦਾਂ ਜਾਂ ਹੋਰ ਧਾਰਮਿਕ ਗ੍ਰੰਥਾਂ ਵਿਚ ਬਿਲਕੁਲ ਨਹੀਂ ਹੈ। ਸਦੀਆਂ ਤਕ ਇਸ ਦੇਸ਼ ਵਿਚ ਵਸਦੇ ਵੱਖ ਵੱਖ ਪੰਥ ਅਤੇ ਲੋਕ ਧਰਮ ਜਿਵੇਂ ਸ਼ੈਵ, ਵੈਸ਼ਨਵ, ਸਨਾਤਨ ਧਰਮ ਅਤੇ ਹੋਰ ਸੈਂਕੜੇ ਰਹੁ-ਰੀਤੀਆਂ ਵਿਚ ਬੱਧੇ ਲੋਕ ਆਪਣੇ ਆਪ ਨੂੰ ਵੱਖ ਵੱਖ ਇਕਾਈਆਂ ਸਮਝਦੇ ਸਨ। ਬਾਅਦ ਵਿਚ ਬੁੱਧ ਧਰਮ ਅਤੇ ਜੈਨ ਧਰਮ ਉੱਭਰੇ ਅਤੇ ਬੁੱਧ ਧਰਮ ਨੇ ਸਮਾਜਿਕ ਏਕਤਾ ਅਤੇ ਇਨਸਾਨੀ ਬਰਾਬਰੀ ਦੇ ਪੂਰਨੇ ਪਾਉਣ ਦਾ ਯਤਨ ਕੀਤਾ। ਇਤਿਹਾਸਕਾਰ ਸੁਵੀਰਾ ਜਾਇਸਵਾਲ ਅਨੁਸਾਰ ਗੁਪਤ ਰਾਜ ਦੇ ਸਮਿਆਂ ਵਿਚ ਸ਼ੰਕਰ (ਸ਼ਿਵ), ਵਾਸੁਦੇਵ (ਕ੍ਰਿਸ਼ਨ) ਅਤੇ ਨਰ-ਨਾਰਾਇਣ ਅਤੇ ਇਨ੍ਹਾਂ ਦੇ ਨਾਲ ਦੇਵੀ (ਲਕਸ਼ਮੀ, ਦੁਰਗਾ ਆਦਿ) ਦੀਆਂ ਪਰੰਪਰਾਵਾਂ ਇਕਮਿਕ ਹੋ ਗਈਆਂ ਅਤੇ ਇਸ ਇਕਮਿਕਤਾ ਨੇ ਸਮਾਜੀ ਤਵਾਜ਼ਨ ਨੂੰ ਬ੍ਰਾਹਮਣਵਾਦੀ ਜੀਵਨ-ਢੰਗ ਦੀ ਪਾਰਸਾਈ ਨੂੰ ਸਮਾਜ ਵਿਚ ਮੁੜ ਸਥਾਪਤ ਕਰਨ ਵਿਚ ਵੱਡਾ ਹਿੱਸਾ ਪਾਇਆ। ਇਤਿਹਾਸਕ ਖੋਜਾਂ ਇਹ ਵੀ ਦੱਸਦੀਆਂ ਹਨ ਕਿ ਬ੍ਰਾਹਮਣਵਾਦੀ ਸੋਚ ਦੇ ਭਾਰੂ ਹੋ ਜਾਣ ਦੇ ਬਾਵਜੂਦ ਦੇਸ਼ ਦੀ ਵੱਡੀ ਵਸੋਂ ਇਸ ਸੋਚ ਦਾ ਵਿਰੋਧ ਕਰਦੀ ਰਹੀ ਅਤੇ ਵੱਖ ਵੱਖ ਸਮਾਜਾਂ ਨੇ ਆਪਣੀ ਵੱਖਰੀ ਵੱਖਰੀ ਜੀਵਨ-ਜਾਚ ਕਾਇਮ ਰੱਖੀ। ਬਸਤੀਵਾਦ ਦੇ ਸਮਿਆਂ ਵਿਚ ਬਹੁਤ ਸਾਰੇ ਪੰਥਾਂ ਅਤੇ ਲੋਕ-ਧਰਮਾਂ ਨੂੰ ਇਸ ਸ਼ਬਦ (ਹਿੰਦੂ) ਦੀ ਸ਼੍ਰੇਣੀ ਵਿਚ ਰੱਖਿਆ ਅਤੇ ਪੱਕਿਆਂ ਕੀਤਾ ਗਿਆ। ਹਿੰਦੂਤਵ ਦੀ ਵਿਚਾਰਧਾਰਾ ਅਨੁਸਾਰ ਇੱਥੇ ਰਹਿੰਦੇ ਮੁਸਲਮਾਨ, ਇਸਾਈ, ਸਿੱਖ, ਹੋਰ ਘੱਟਗਿਣਤੀਆਂ ਦੇ ਲੋਕ, ਆਦਿਵਾਸੀ ਆਦਿ ਸਭ ਹਿੰਦੂ ਹਨ। ਇਤਿਹਾਸ ਦੀ ਸਮਝ ਦਾ ਇਸ ਤਰ੍ਹਾਂ ਸਾਧਾਰਨੀਕਰਨ ਇਕ ਖ਼ਾਸ ਤਰ੍ਹਾਂ ਦੀ ਸਿਆਸਤ ਦੇ ਹੱਕ ਵਿਚ ਜਾਂਦਾ ਹੈ ਜੋ ਮੂਲ ਰੂਪ ਵਿਚ ਤਥਾਕਥਿਤ ਉੱਚੀਆਂ ਜਾਤਾਂ/ਵਰਣਾਂ ਦੇ ਹੱਕ ਵਿਚ ਭੁਗਤਦੀ ਹੈ।
ਇਹੋ ਜਿਹੀਆਂ ਪਰਿਭਾਸ਼ਾਵਾਂ ਦੀ ਥਾਂ ’ਤੇ ਸਾਨੂੰ ਸੰਵਿਧਾਨ ’ਚ ਧਰਮ ਨਿਰਪੱਖ ਦੇਸ਼ ਹੋਣ ਦੀ ਪਰਿਭਾਸ਼ਾ ਨੂੰ ਮੰਨਣਾ ਚਾਹੀਦਾ ਹੈ। ਭਾਸ਼ਾ ਅਤੇ ਸ਼ਬਦ ਵੱਖ ਵੱਖ ਧਰਮਾਂ, ਪੰਥਾਂ, ਫ਼ਿਰਕਿਆਂ ਅਤੇ ਸਮਾਜਾਂ ਦੇ ਲੋਕਾਂ ਦੀ ਮਾਨਸਿਕਤਾ ਨਾਲ ਵੱਡੀ ਹਿੰਸਾ ਕਰ ਸਕਦੇ ਹਨ। ਮੋਹਨ ਭਾਗਵਤ ਅਤੇ ਹਿੰਦੂਤਵ ਦੇ ਦਾਨਿਸ਼ਵਰਾਂ ਦੇ ਕਹਿਣ ਦੇ ਬਾਵਜੂਦ ਹਿੰਦੂ ਸ਼ਬਦ ਵਿਚ ਬ੍ਰਾਹਮਣਵਾਦੀ ਹਿੰਦੂ ਧਰਮ ਦੇ ਅਰਥ ਸਥਿਰ ਹਨ। ਬਾਕੀ ਧਰਮਾਂ ਅਤੇ ਭਾਈਚਾਰਿਆਂ ਨੂੰ ਇਸ ਸ਼ਬਦ ਦੇ ਫੈਲਾਓ ’ਚ ਸ਼ਾਮਲ ਕਰਨਾ ਉਨ੍ਹਾਂ ਦੀ ਮਾਨਸਿਕਤਾ ਜ਼ਖ਼ਮੀ ਕਰਦਾ ਹੈ ਅਤੇ ਉਹ ਇਸ ਨੂੰ ਸਵੀਕਾਰ ਨਹੀਂ ਕਰਦੇ। ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੀ ਵੱਖਰੀ ਪਛਾਣ ਕਾਇਮ ਰੱਖਣਾ ਚਾਹੁੰਦੇ ਹਨ। ਉਹ ਆਪੋ-ਆਪਣੀਆਂ ਪਛਾਣਾਂ ਇਸ ਇਕ ਸ਼ਬਦ ਅਤੇ ਇਸ ਸ਼ਬਦ ਪਿੱਛੇ ਲੁਕੀ ਵਿਚਾਰਧਾਰਾ ’ਚ ਸ਼ਾਮਲ ਕਰਨ ਦੇ ਵਿਰੁੱਧ ਹਨ। ਇਸ ਤਰ੍ਹਾਂ ਆਰਐੱਸਐੱਸ ਦੀ ਇਸ ਸ਼ਬਦ ਦੀ ਇਨ੍ਹਾਂ ਅਰਥਾਂ ’ਚ ਵਰਤੋਂ ਸਮਾਜਿਕ ਸਮਤਾ ਵਧਾਉਣ ਦੀ ਥਾਂ ’ਤੇ ਭਾਈਚਾਰਕ ਸਾਂਝ ਵਿਚ ਤਰੇੜਾਂ ਪਾਉਂਦੀ ਹੈ। ਵੱਖ ਵੱਖ ਭਾਈਚਾਰਿਆਂ ਦੇ ਵਖਰੇਵਿਆਂ ਅਤੇ ਉਨ੍ਹਾਂ ਦੀਆਂ ਵੱਖੋ-ਵੱਖਰੀਆਂ ਪਛਾਣਾਂ ਨੂੰ ਸਵੀਕਾਰ ਕੀਤੇ ਜਾਣ ਦੇ ਨਾਲ-ਨਾਲ ਅਜਿਹੀ ਵੰਨ-ਸਵੰਨਤਾ ਦਾ ਮਾਣ-ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਆਧੁਨਿਕ ਦੇਸ਼ ਦੀ ਸਿਰਜਣਾ ਲਈ ਦੇਸ਼ ਦਾ ਸੰਵਿਧਾਨ ਹੀ ਪੱਕੀ ਬੁਨਿਆਦ ਮੁਹੱਈਆ ਕਰ ਸਕਦਾ ਹੈ। ਸ਼ਬਦਾਂ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਬਹੁਗਿਣਤੀ ਭਾਈਚਾਰੇ ਦੇ ਧਰਮ ਦੇ ਹੱਕ ’ਚ ਤੋੜਨਾ-ਮਰੋੜਨਾ ਦੇਸ਼ ਦੇ ਹੱਕ ਵਿਚ ਨਹੀਂ ਜਾਂਦਾ।