ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਆਗੂ ਖੁਦ ਪ੍ਰਵਾਨ ਕਰ ਰਹੇ ਹਨ ਕਿ ਦਲ ਵੱਡੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਸ ਸੰਕਟ ਵਿਚੋਂ ਨਿਕਲਣ ਲਈ ਜੋ ਵੀ ਰਣਨੀਤੀ ਬਣਾਈ ਜਾਂਦੀ ਹੈ, ਉਹ ਸਿੱਧੀ ਪੈਂਦੀ ਦਿਖਾਈ ਨਹੀਂ ਦੇ ਰਹੀ। ਵਿਧਾਨ ਸਭਾ ਚੋਣਾਂ ਪਿੱਛੋਂ ਬਣਾਈ 13 ਮੈਂਬਰੀ ਕਮੇਟੀ ਦੀ ਰਿਪੋਰਟ ਪਾਰਟੀ ਦੀ ਕੋਰ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਕਾਰਕੁਨਾਂ ਨੇ ਬਹੁਤ ਸਾਰੀਆਂ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਦੀਆਂ ਨਿਯੁਕਤੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਅਸਫ਼ਲਤਾ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦੀ ਕੋਸ਼ਿਸ਼ ਵਰਗੇ ਫੈਸਲਿਆਂ ਕਾਰਨ ਪੰਥਕ ਵੋਟ ਬੈਂਕ ਦੀ ਨਾਰਾਜ਼ਗੀ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਰਪੋਰੇਟਾਂ ਦੇ ਹੱਥ ਦੇਣ ਨਾਲ ਸਬੰਧਿਤ ਲਿਆਂਦੇ ਤਿੰਨ ਆਰਡੀਨੈਂਸਾਂ ਦੀ ਸ਼ੁਰੂ ਵਿਚ ਵਕਾਲਤ ਕਰਨ ਕਰਕੇ ਕਿਸਾਨਾਂ ਦੀ ਨਾਰਾਜ਼ਗੀ ਦਾ ਜ਼ਿਕਰ ਵੀ ਕੀਤਾ ਗਿਆ ਹੈ। ਵੱਡੀ ਗਿਣਤੀ ਵਿਚ ਕਾਰਕੁਨਾਂ ਨੇ ਅਕਾਲੀ ਲੀਡਰਸ਼ਿਪ ਵਿਚ ਤਬਦੀਲੀ ਦੀ ਮੰਗ ਰੱਖੀ ਹੈ।
ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਕੇਵਲ ਤਿੰਨ ਸੀਟਾਂ ਤੱਕ ਸੀਮਤ ਹੋ ਗਿਆ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਸੀਟ ਨਹੀਂ ਬਚਾ ਸਕੇ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਦੁਆਲੇ ਪੰਥਕ ਧਿਰਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਹਨ। ਗਿਆਰਾਂ ਮੈਂਬਰੀ ਕਮੇਟੀ ਵੀ ਬਣਾਈ ਪਰ ਕਮੇਟੀ ਇਕਸੁਰਤਾ ਨਾਲ ਨਹੀਂ ਚੱਲੀ। ਇਸੇ ਦੌਰਾਨ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸੰਗਰੂਰ ਤੋਂ ਸਾਂਝਾ ਪੰਥਕ ਉਮੀਦਵਾਰ ਖੜ੍ਹਾ ਕਰਨ ਦੀ ਰਣਨੀਤੀ ਬਣਾਈ ਪਰ ਉਹ ਸਿਮਰਨਜੀਤ ਸਿੰਘ ਮਾਨ ਨਾਲ ਸਹਿਮਤ ਨਹੀਂ ਹਨ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਿੰਜਦਰ ਸਿੰਘ ਧਾਮੀ ਅਤੇ ਦੋ ਹੋਰ ਸੀਨੀਅਰ ਆਗੂਆਂ ਨੇ ਮਾਨ ਦੇ ਘਰ ਜਾ ਕੇ ਉਮੀਦਵਾਰੀ ਵਾਪਸ ਲੈਣ ਦੀ ਅਪੀਲ ਕੀਤੀ ਸੀ।
ਮਾਨ ਨੇ ਅਗਲੇ ਦਿਨ ਨਵਾਂ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਗਾ ਕਦਮ ਘਰ ਤੋਂ ਚੁੱਕਣਾ ਚਾਹੀਦਾ ਹੈ; ਇਸ ਲਈ ਸੁਖਬੀਰ ਸਿੰਘ ਬਾਦਲ ਖੁਦ ਕਿਸੇ ਬੰਦੀ ਸਿੰਘ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣ; ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ, ਅਕਾਲ ਤਖ਼ਤ ਦੀ ਜਥੇਦਾਰੀ ਅਤੇ ਦਮਦਮੀ ਟਕਸਾਲ ਦੀ ਜਥੇਦਾਰੀ ਵੀ ਬੰਦੀ ਸਿੰਘਾਂ ਨੂੰ ਦੇ ਦਿੱਤੀ ਜਾਵੇ। ਸੰਗਰੂਰ ਦੀ ਜ਼ਿਮਨੀ ਚੋਣ ਵਿਚ ਪਹਿਲਾਂ ਹੀ ਲੀਡਰਸ਼ਿਪ ਦੀ ਤਬਦੀਲੀ ਦਾ ਦਬਾਅ ਝੱਲ ਰਹੇ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਸਵਾਲ ਮੁੜ ਮੁੜ ਪੁੱਛੇ ਜਾਣਗੇ। ਪਾਰਟੀ ਦੇ ਆਗੂਆਂ ਲਈ ਇਸ ਦਾ ਜਵਾਬ ਦੇਣਾ ਮੁਸ਼ਕਿਲ ਹੋ ਰਿਹਾ ਹੈ। ਪੰਜਾਬ ਦੀ ਸੌ ਸਾਲ ਤੋਂ ਪੁਰਾਣੀ ਕੁਰਬਾਨੀਆਂ ਨਾਲ ਲੈਸ ਪਾਰਟੀ ਇਸ ਸਮੇਂ ਸਿਆਸੀ ਨਾਲੋਂ ਵੀ ਵੱਧ ਇਖਲਾਕੀ ਸੰਕਟ ਵਿਚੋਂ ਗੁਜ਼ਰ ਰਹੀ ਹੈ। ਇਸ ਵਿਚੋਂ ਨਿਕਲਣ ਲਈ ਦੂਰ-ਦ੍ਰਿਸ਼ਟੀ ਵਾਲੀ ਅਗਵਾਈ ਦੀ ਲੋੜ ਹੈ।