ਇਸੇ ਹਫ਼ਤੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (Competition Commission of India) ਨੇ ਦੁਨੀਆ ਦੀ ਵੱਡੀ ਕੰਪਨੀ ਗੂਗਲ ਨੂੰ ਦੂਸਰੀ ਵਾਰ ਜੁਰਮਾਨਾ ਕੀਤਾ ਹੈ। 20 ਅਕਤੂਬਰ ਨੂੰ 1337.76 ਕਰੋੜ ਰੁਪਏ ਜੁਰਮਾਨਾ ਕੀਤਾ ਸੀ, 25 ਅਕਤੂਬਰ ਨੂੰ 936.44 ਕਰੋੜ ਰੁਪਏ ਦਾ। ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) 2002 ਵਿਚ ਬਣਾਏ ਕੰਪੀਟੀਸ਼ਨ ਕਾਨੂੰਨ (Competition Act) ਨੂੰ ਲਾਗੂ ਕਰਨ ਲਈ ਬਣਾਈ ਸੰਸਥਾ ਹੈ। ਇਸ ਕਾਨੂੰਨ ਦਾ ਮਕਸਦ ਹੈ ਕਿ ਕੰਪਨੀਆਂ ਵਿਚ ਮੁਕਾਬਲੇ ਨੂੰ ਵਧਾਇਆ ਜਾਵੇ ਅਤੇ ਮੰਡੀ ਵਿਚ ਕਿਸੇ ਇਕ ਕੰਪਨੀ ਦੀ ਇਜਾਰੇਦਾਰੀ ਕਾਇਮ ਨਾ ਹੋਣ ਦਿੱਤੀ ਜਾਵੇ। ਜੇ ਕੋਈ ਕੰਪਨੀ ਅਜਿਹੀ ਕਾਰਜਸ਼ੈਲੀ ਅਪਣਾਉਂਦੀ ਹੈ ਜਿਸ ਤਹਿਤ ਉਸ ਖੇਤਰ ਵਿਚ ਕੰਮ ਕਰਨ ਵਾਲੀਆਂ ਹੋਰ ਕੰਪਨੀਆਂ ਨੂੰ ਕੰਮ ਕਰਨਾ ਨਾਮੁਮਕਿਨ ਜਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਕਾਨੂੰਨ ਦਾ ਮਕਸਦ ਇਹ ਵੀ ਹੈ ਕਿ ਖ਼ਪਤਕਾਰਾਂ ਨੂੰ ਸਿਰਫ਼ ਇਕ ਕੰਪਨੀ ਦੀਆਂ ਪੈਦਾ ਕੀਤੀਆਂ ਵਸਤਾਂ ਤੇ ਸੇਵਾਵਾਂ ਨਹੀਂ ਮਿਲਣੀਆਂ ਚਾਹੀਦੀਆਂ ਸਗੋਂ ਮੰਡੀ ’ਚ ਹਰ ਵਸਤੂ ਤੇ ਸੇਵਾ ਦੇ ਕਈ ਬਦਲ ਮੌਜੂਦ ਹੋਣੇ ਚਾਹੀਦੇ ਹਨ।
ਗੂਗਲ ਅਮਰੀਕਾ ਦੀ ਅਜਿਹੀ ਬਹੁਕੌਮੀ (ਮਲਟੀਨੈਸ਼ਨਲ) ਕੰਪਨੀ ਹੈ ਜਿਸ ਦੀ ਇੰਟਰਨੈੱਟ ’ਤੇ ਖੋਜ ਕਰਨ ਦੇ ਕਾਰਜ ’ਤੇ ਏਨੀ ਵੱਡੀ ਇਜਾਰੇਦਾਰੀ ਹੈ ਕਿ ਹੁਣ ਜਦੋਂ ਕਿਸੇ ਤੱਥ, ਸੰਸਥਾ, ਇਤਿਹਾਸ, ਮਿਥਿਹਾਸ, ਵਿਗਿਆਨ ਆਦਿ ਬਾਰੇ ਇੰਟਰਨੈੱਟ ’ਤੇ ਖੋਜ ਕਰਨੀ ਹੋਵੇ ਤਾਂ ਇਹ ਨਹੀਂ ਕਿਹਾ ਜਾਂਦਾ ਕਿ ‘ਇਸ ਦੀ ਇੰਟਰਨੈੱਟ ਤੇ ਖੋਜ ਕਰੋ’ ਸਗੋਂ ਇਹ ਕਿਹਾ ਜਾਂਦਾ ਹੈ ਕਿ ‘ਇਸ ਨੂੰ ਗੂਗਲ ਕਰ ਕੇ ਦੇਖ ਲਵੋ’; ਭਾਵ ਇੰਟਰਨੈੱਟ ਦੇ ਖੋਜ ਕਰਨ ਦਾ ਮਤਲਬ ਹੈ ਗੂਗਲ ਕੰਪਨੀ ਦੇ ਖੋਜ ਸਾਧਨਾਂ ਨੂੰ ਵਰਤਣਾ। ਇੰਟਰਨੈੱਟ ’ਤੇ ਹੁੰਦੀ 87.7 ਫ਼ੀਸਦੀ ਖੋਜ ਗੂਗਲ ਰਾਹੀਂ ਹੁੰਦੀ ਹੈ, ਮਾਈਕਰੋਸਾਫ਼ਟ ਬਿੰਗ ਰਾਹੀਂ 5.56 ਫ਼ੀਸਦੀ ਅਤੇ ਯਾਹੂ ਰਾਹੀਂ 2.71 ਫ਼ੀਸਦੀ। ਚੀਨ ਵਿਚ ਖੋਜ ਲਈ ਆਪਣਾ ਖੋਜ ਇੰਜਣ ਬੈਦੂ (Baidu) ਹੈ। ਜਾਣਕਾਰੀ ਦੇ ਭੰਡਾਰ ਕਾਇਮ ਕਰਨ ਦੇ ਨਾਲ ਨਾਲ ਗੂਗਲ ਨੇ ਇੰਟਰਨੈੱਟ ’ਤੇ ਵਪਾਰ, ਮਸਨੂਈ ਬੌਧਿਕਤਾ (Artificial Intelligence) ਅਤੇ ਹੋਰ ਕਈ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਈ-ਮੇਲ (ਜੀ-ਮੇਲ) ਭੂਗੋਲ ਬਾਰੇ ਜਾਣਕਾਰੀ, ਯੂ-ਟਿਊਬ ਆਦਿ ’ਤੇ ਵੀ ਗੂਗਲ ਦੀ ਮਾਲਕੀ ਹੈ। ਸੰਸਾਰ ਵਿਚ ਗੂਗਲ ਤੇ ਇਸ ਦੁਆਰਾ ਸੰਚਾਲਿਤ ਯੂ-ਟਿਊਬ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ, ਫੇਸਬੁੱਕ, ਟਵਿੱਟਰ ਅਤੇ ਵ੍ਹੱਟਸਐਪ ਤੋਂ ਵੀ ਵੱਧ। ਇਸ ਕੰਪਨੀ ਵਿਚ ਇਕ ਲੱਖ ਤੋਂ ਵੱਧ ਲੋਕ ਕੰਮ ਕਰਦੇ ਹਨ।
ਵੱਖ ਵੱਖ ਦੇਸ਼ਾਂ ਵਿਚ ਗੂਗਲ ਕੰਪਨੀ ਦੇ ਕੰਮਕਾਰ ਕਰਨ ਦੇ ਤਰੀਕਿਆਂ ’ਤੇ ਸਵਾਲ ਉਠਾਏ ਗਏ ਹਨ ਜਿਵੇਂ: ਘੱਟ ਟੈਕਸ ਭਰਨਾ, ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨਾ, ਖੋਜ ਕਰਦੇ ਸਮੇਂ ਨਿਰਪੱਖਤਾ ਕਾਇਮ ਨਾ ਰੱਖਣਾ ਆਦਿ। 2017 ਵਿਚ ਯੂਰੋਪੀਅਨ ਯੂਨੀਅਨ ਨੇ ਗੂਗਲ ਕੰਪਨੀ ’ਤੇ ਦੋਸ਼ ਲਗਾਇਆ ਸੀ ਕਿ ਉਹ ਬਾਜ਼ਾਰ ਵਿਚ ਵਸਤਾਂ ਦੀ ਪੇਸ਼ਕਾਰੀ ਕਰਦੇ ਸਮੇਂ ਆਪਣੀ ਕੰਪਨੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਪੇਸ਼ ਕਰਦੀ ਹੈ; ਕੰਪਨੀ ਨੂੰ 2.42 ਖਰਬ ਯੂਰੋ ਦਾ ਜੁਰਮਾਨਾ ਕੀਤਾ ਗਿਆ। 2018 ਵਿਚ ਯੂਰੋਪੀਅਨ ਕਮਿਸ਼ਨ ਨੇ ਕੰਪਨੀ ’ਤੇ ਫਿਰ 4.34 ਖਰਬ ਡਾਲਰ ਦਾ ਜੁਰਮਾਨਾ ਕੀਤਾ। ਯੂਰੋਪ ਦੇ ਕਈ ਹੋਰ ਦੇਸ਼ਾਂ ਵਿਚ ਵੀ ਗੂਗਲ ’ਤੇ ਅਜਿਹੇ ਦੋਸ਼ ਲੱਗੇ ਅਤੇ ਅਮਰੀਕਾ ਵਿਚ ਵੀ ਵਿਵਾਦ ਛਿੜੇ ਹਨ। ਭਾਰਤ ਵਿਚ ਕੰਪਨੀ ’ਤੇ ਦੋ ਤਰ੍ਹਾਂ ਦੇ ਦੋਸ਼ ਲਗਾਏ ਗਏ; ਪਹਿਲਾਂ ਐਂਡਰਾਇਡ ਮੋਬਾਈਲ ਫ਼ੋਨਾਂ ’ਤੇ ਗੂਗਲ ਦੀ ਇਜਾਰੇਦਾਰੀ ਨਾਲ ਸਬੰਧਿਤ ਹੈ ਅਤੇ ਦੂਸਰਾ ਗੂਗਲ ਪਲੇਅ ਸਟੋਰ ਤਕ ਪਹੁੰਚ ਕਰਨ ਲਈ ਗੂਗਲ ਦੇ ਪੈਸੇ ਲੈਣ ਵਾਲੇ ਸਿਸਟਮ (ਗੂਗਲ ਪਲੇਜ਼ ਬਿਲਿੰਗ ਸਿਸਟਮ) ਦੀ ਵਰਤੋਂ ਨਾਲ। ਫਰਵਰੀ 2018 ਵਿਚ ਵੀ ਗੂਗਲ ਨੂੰ 136 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ। ਕੰਪਨੀ ਕੋਲ ਦੌਲਤ ਤੇ ਤਕਨਾਲੋਜੀ ਦੀ ਏਨੀ ਵੱਡੀ ਤਾਕਤ ਹੈ ਕਿ ਉਸ ਲਈ ਅਜਿਹੇ ਜੁਰਮਾਨੇ ਕੋਈ ਮਾਇਨੇ ਨਹੀਂ ਰੱਖਦੇ। ਉਹ ਜੁਰਮਾਨੇ ਵੀ ਅਦਾ ਕਰੇਗੀ ਅਤੇ ਅਜਿਹੇ ਕੰਮ ਵੀ ਕਰਦੀ ਰਹੇਗੀ ਜਿਨ੍ਹਾਂ ਨਾਲ ਉਸ ਦੀ ਇਜਾਰੇਦਾਰੀ ਕਾਇਮ ਰਹੇ। 1998 ਵਿਚ ਕਾਇਮ ਹੋਈ ਇਸ ਕੰਪਨੀ ਨੇ ਮਾਈਕਰੋਸਾਫ਼ਟ ਕੰਪਨੀ ਦੀ ਇਜਾਰੇਦਾਰੀ ਨੂੰ ਤੋੜਿਆ ਸੀ ਪਰ ਪਿਛਲੇ 24 ਸਾਲਾਂ ਵਿਚ ਇਹ ਏਨੀ ਤਾਕਤਵਰ ਹੋ ਗਈ ਹੈ ਕਿ ਕਿਸੇ ਹੋਰ ਕੰਪਨੀ ਕੋਲ ਇਸ ਦਾ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਹੈ। ਇਸ ਸਾਡੇ ਸਮਿਆਂ ਦਾ ਵਿਰੋਧਾਭਾਸ ਹੈ ਕਿ ਜਿਸ ਕੰਪਨੀ ਕੋਲ ਗਿਆਨ ਤੇ ਜਾਣਕਾਰੀ ਦਾ ਖਜ਼ਾਨਾ ਹੈ, ਉਹ ਸਾਰਾ ਜ਼ੋਰ ਇਨ੍ਹਾਂ ਸਰੋਤਾਂ ’ਤੇ ਇਜਾਰੇਦਾਰੀ ਕਾਇਮ ਰੱਖਣ ਲਈ ਲਗਾ ਰਹੀ ਹੈ।