ਦਰੋਪਦੀ ਮੁਰਮੂ ਦਾ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਜਾਣਾ ਦੇਸ਼ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਹ ਆਦਿਵਾਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪਹਿਲੇ ਰਾਸ਼ਟਰਪਤੀ ਹੋਣਗੇ। ਆਦਿਵਾਸੀ ਭਾਈਚਾਰੇ/ਕਬੀਲਿਆਂ ਦੇ ਲੋਕਾਂ ਦੀ ਗਿਣਤੀ ਦੇਸ਼ ਦੀ ਵੱਸੋਂ ਦਾ ਲਗਭਗ 8 ਫ਼ੀਸਦੀ ਹੈ। ਭੀਲ, ਗੋਂਡ, ਮੁੰਡਾ (ਹੋ, ਸੰਥਾਲ ਆਦਿ), ਬੋਇਆ, ਬੋੜੋ, ਖਾਸੀ, ਜੈਂਤੀਆ, ਗਾਰੋ, ਨਾਗਾ, ਮੀਜ਼ੋ, ਹਾਜੋਂਗ, ਮੀਨਾ, ਚਕਮਾ ਆਦਿ ਦੇਸ਼ ਦੇ ਪ੍ਰਮੁੱਖ ਕਬੀਲੇ ਹਨ। ਉੜੀਸਾ ਦੇ ਮਿਊਰਭੰਜ ਜ਼ਿਲ੍ਹੇ ਵਿਚ ਜਨਮੇ ਦਰੋਪਦੀ ਮੁਰਮੂ ਸੰਥਾਲ ਕਬੀਲੇ ਨਾਲ ਸਬੰਧ ਰੱਖਦੇ ਹਨ। ਸੰਥਾਲ ਮੁੰਡਾ ਕਬੀਲੇ ਦਾ ਹਿੱਸਾ ਹੈ ਅਤੇ ਦੇਸ਼ ਦਾ ਸਭ ਤੋਂ ਵੱਡਾ ਕਬੀਲਾ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿਚ ਸੰਥਾਲੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੀ ਗਿਣਤੀ 67 ਲੱਖ ਤੋਂ ਵੱਧ ਸੀ। ਮੁਰਮੂ ਦਾ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਜਾਣਾ ਸਾਰੇ ਕਬੀਲਿਆਂ, ਖ਼ਾਸ ਕਰ ਕੇ ਸੰਥਾਲ ਕਬੀਲੇ, ਦੇਸ਼ ਦੀਆਂ ਔਰਤਾਂ ਅਤੇ ਉੜੀਸਾ ਨਿਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹ 1977 ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ। ਮੁਰਮੂ ਉੜੀਸਾ ਵਿਚ ਵਿਧਾਇਕ ਤੇ ਮੰਤਰੀ ਰਹਿਣ ਤੋਂ ਬਾਅਦ ਝਾਰਖੰਡ ਦੇ ਰਾਜਪਾਲ ਬਣੇ ਸਨ। ਰਾਜਪਾਲ ਦੇ ਰਾਜ ਕਾਲ ਸਮੇਂ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਛੋਟਾਨਾਗਪੁਰ ਟੈਨੇਸੀ ਕਾਨੂੰਨ (Chhotanagpur Tenancy Act) ਅਤੇ ਸੰਥਾਲ ਪਰਗਨਾ ਟੈਨੇਸੀ ਕਾਨੂੰਨ (Santhal Pargana Tenancy Act) ਵਿਚ ਕੀਤੀਆਂ ਸੋਧਾਂ ਜਿਹੜੀਆਂ ਕਬਾਇਲੀਆਂ ਦੀ ਜ਼ਮੀਨ ਦਾ ਵਪਾਰੀਕਰਨ ਕਰਨ ਵੱਲ ਸੇਧਿਤ ਸਨ, ਨੂੰ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਭਾਜਪਾ ਨੇ ਮੁਰਮੂ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾ ਕੇ ਨਾ ਸਿਰਫ਼ ਵਿਹਾਰਕ ਸਿਆਸੀ ਸੂਝ-ਬੂਝ ਦਾ ਮੁਜ਼ਾਹਰਾ ਕੀਤਾ ਸਗੋਂ ਵਿਰੋਧੀ ਪਾਰਟੀਆਂ ਨੂੰ ਵੀ ਸਿਆਸੀ ਸੰਕਟ ਵਿਚ ਪਾ ਦਿੱਤਾ ਜਿਸ ਦੇ ਨਤੀਜੇ ਵਜੋਂ ਝਾਰਖੰਡ ਮੁਕਤੀ ਮੋਰਚਾ, ਸ਼ਿਵ ਸੈਨਾ ਅਤੇ ਕਈ ਹੋਰ ਪਾਰਟੀਆਂ ਨੇ ਮੁਰਮੂ ਦੀ ਹਮਾਇਤ ਕੀਤੀ।
ਮੁਰਮੂ ਦਾ ਰਾਸ਼ਟਰਪਤੀ ਬਣਨਾ ਸਾਡੇ ਦੇਸ਼ ਦੀ ਵੰਨ-ਸਵੰਨਤਾ ਦੇ ਨਕਸ਼ਾਂ ’ਤੇ ਵੀ ਮੋਹਰ ਲਗਾਉਂਦਾ ਹੈ। ਦੇਸ਼ ਦੀ 10 ਕਰੋੜ ਤੋਂ ਜ਼ਿਆਦਾ ਕਬਾਇਲੀ ਵਸੋਂ ਨੂੰ ਭਾਸ਼ਾਵਾਂ ਦੇ ਆਧਾਰ ’ਤੇ ਐਸਟਰੋ-ਏਸ਼ੀਅਨ ਬੋਲੀਆਂ, ਤਿੱਬਤੀ-ਬਰਮੀ ਬੋਲੀਆਂ, ਦਰਾਵੜੀ ਬੋਲੀਆਂ ਅਤੇ ਇੰਡੋ-ਆਰੀਅਨ ਬੋਲੀਆਂ ਬੋਲਣ ਵਾਲੀਆਂ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ। ਐਸਟਰੋ-ਏਸ਼ੀਅਨ ਬੋਲੀਆਂ ਦਾ ਤਅੱਲਕ ਵੀਅਤਨਾਮ, ਕੰਬੋਡੀਆ, ਲਾਓਸ, ਥਾਈਲੈਂਡ ਅਤੇ ਭਾਰਤ ਵਿਚ ਬੋਲੀਆਂ ਜਾਂਦੀਆਂ ਮੁੰਡਾ ਭਾਸ਼ਾਵਾਂ ਨਾਲ ਹਨ। ਸੰਥਾਲ ਕਬੀਲਾ ਵੀ ਇਸੇ ਸ਼੍ਰੇਣੀ ਵਿਚੋਂ ਹੈ।
ਪੁਰਾਤੱਤਵ ਵਿਗਿਆਨੀਆਂ ਤੇ ਭਾਸ਼ਾ ਦੇ ਖੇਤਰ ਨਾਲ ਸਬੰਧਿਤ ਮਾਹਿਰਾਂ ਅਨੁਸਾਰ ਐਸਟਰੋ-ਏਸ਼ੀਅਨ ਭਾਸ਼ਾਵਾਂ ਬੋਲਣ ਵਾਲੇ ਕਬਾਇਲੀ ਲਗਭਗ 4,000 ਸਾਲ ਪਹਿਲਾਂ ਵੀਅਤਨਾਮ, ਕੰਬੋਡੀਆ, ਲਾਓਸ, ਮਲੇਸ਼ੀਆ ਆਦਿ ਦੇਸ਼ਾਂ ’ਚੋਂ ਸਭ ਤੋਂ ਪਹਿਲਾਂ ਉੜੀਸਾ ਵਿਚ ਪਹੁੰਚੇ। ਉਹ ਛੋਟਾਨਾਗਪੁਰ ਦੇ ਖੇਤਰ ਵਿਚ ਵੱਸੇ। ਸੰਥਾਲੀ ਝਾਰਖੰਡ, ਬਿਹਾਰ, ਛੱਤੀਸਗੜ੍ਹ, ਉੜੀਸਾ, ਪੱਛਮੀ ਬੰਗਾਲ ਅਤੇ ਅਸਾਮ ਵਿਚ ਵੱਸਦੇ ਹਨ। ਉਨ੍ਹਾਂ ਦੀ ਕੁੱਲ ਗਿਣਤੀ 75 ਲੱਖ ਦੇ ਕਰੀਬ ਹੈ। ਝਾਰਖੰਡ ਵਿਚ ਉਨ੍ਹਾਂ ਦੀ ਆਮਦ ਅੰਗਰੇਜ਼ ਹਕੂਮਤ ਦੀਆਂ ਨੀਤੀਆਂ ਕਾਰਨ ਹੋਈ। ਅੰਗਰੇਜ਼ ਹਾਕਮਾਂ, ਜ਼ਿਮੀਂਦਾਰਾਂ, ਵਪਾਰੀਆਂ ਅਤੇ ਸ਼ਾਹੂਕਾਰਾਂ ਨੇ ਸੰਥਾਲ ਕਬੀਲੇ ਦੇ ਲੋਕਾਂ ’ਤੇ ਬਹੁਤ ਜ਼ੁਲਮ ਕੀਤੇ ਜਿਸ ਕਾਰਨ ਉਨ੍ਹਾਂ ਨੇ 1855 ਵਿਚ ਸਰਕਾਰ ਵਿਰੁੱਧ ਬਗ਼ਾਵਤ ਕੀਤੀ। 60,000 ਤੋਂ ਜ਼ਿਆਦਾ ਸੰਥਾਲੀ ਯੋਧੇ ਅੰਗਰੇਜ਼ਾਂ ਵਿਰੁੱਧ ਲੜੇ। ਬਗ਼ਾਵਤ ਦੌਰਾਨ ਲਗਭਗ 15,000 ਸੰਥਾਲੀ ਮਾਰੇ ਗਏ। ਇਕ ਇਤਿਹਾਸਕਾਰ ਅਨੁਸਾਰ ਸੰਥਾਲੀ ਕਬੀਲੇ ਦੇ ਲੋਕ ਸੱਤਾਧਾਰੀਆਂ ਸਾਹਮਣੇ ਝੁਕਣਾ ਜਾਣਦੇ ਹੀ ਨਹੀਂ ਸਨ, ਭਾਵ ਉਹ ਆਜ਼ਾਦੀ-ਪਸੰਦ ਲੋਕ ਸਨ। ਸੰਥਾਲੀਆਂ ਦਾ ਆਪਣਾ ਧਰਮ ਤੇ ਰਵਾਇਤਾਂ ਹਨ। ਪਿਛਲੇ ਕੁਝ ਦਹਾਕਿਆਂ ਤੋਂ ਉਨ੍ਹਾਂ ਨੇ ਹਿੰਦੂ ਧਰਮ ਅਪਣਾਇਆ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ 63 ਫ਼ੀਸਦੀ ਸੰਥਾਲੀਆਂ ਨੇ ਆਪਣਾ ਧਰਮ ‘ਹਿੰਦੂ’ ਦਰਜ ਕਰਵਾਇਆ, 31 ਫ਼ੀਸਦੀ ਨੇ ਪੁਰਾਣਾ ਸੰਥਾਲੀ ‘ਸਰਨਾ’ ਧਰਮ ਅਤੇ 5 ਫ਼ੀਸਦੀ ਨੇ ‘ਈਸਾਈ’। ਉਨ੍ਹਾਂ ਦੀ ਬੋਲੀ ‘ਸੰਥਾਲੀ’ ਭਾਰਤ ਦੇ ਸੰਵਿਧਾਨ ਵਿਚ 22 ਮਾਨਤਾ ਪ੍ਰਾਪਤ ਭਾਸ਼ਾਵਾਂ ਵਿਚ ਸ਼ਾਮਲ ਹੈ। ਦਰੋਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ ਸੰਥਾਲ ਕਬੀਲੇ ਦੇ ਇਤਿਹਾਸ ਵਿਚ ਬਹੁਤ ਗੌਰਵ ਵਾਲੀ ਘਟਨਾ ਹੈ। ਕਈ ਆਲੋਚਕ ਭਾਵੇਂ ਅਜਿਹੀ ਸਿਆਸਤ ਨੂੰ ਪ੍ਰਤੀਕਮਈ ਸਿਆਸਤ ਕਹਿੰਦੇ ਹਨ ਪਰ ਅਜਿਹੀਆਂ ਪਹਿਲਕਦਮੀਆਂ ਘੱਟਗਿਣਤੀ ਫ਼ਿਰਕਿਆਂ, ਕਬਾਇਲੀ ਲੋਕਾਂ ਅਤੇ ਸਮਾਜਿਕ ਹਾਸ਼ੀਏ ’ਤੇ ਧੱਕੇ ਗਏ ਵਰਗਾਂ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ।