ਸੰਘਰਸ਼ਮਈ ਯਾਦਗਾਰੀ ਵਰ੍ਹਾ

ਸੰਘਰਸ਼ਮਈ ਯਾਦਗਾਰੀ ਵਰ੍ਹਾ

-ਸਵਰਾਜਬੀਰ

ਰੋੜਾਂ ਦੇਸ਼ ਵਾਸੀਆਂ ਲਈ 2020-21 ਦਾ ਵਰ੍ਹਾ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਯਾਦਗਾਰੀ ਅਤੇ ਉਮੀਦਾਂ ਨਾਲ ਭਰਪੂਰ ਵਰ੍ਹਾ ਹੋ ਨਿੱਬੜਿਆ ਹੈ। ਦਿੱਲੀ ਦੀਆਂ ਬਰੂਹਾਂ ’ਤੇ ਇਸ ਅੰਦੋਲਨ ਨੂੰ ਅੱਜ ਪੂਰਾ ਇਕ ਵਰ੍ਹਾ ਹੋ ਗਿਆ ਹੈ। ਕਈ ਦਹਾਕਿਆਂ ਤੋਂ ਦੇਸ਼ ਵਿਚ ਅਜਿਹਾ ਅੰਦੋਲਨ ਨਹੀਂ ਸੀ ਉਗਮਿਆ ਜਿਹੜਾ ਕਰੋੜਾਂ ਲੋਕਾਂ ਨੂੰ ਸਾਂਝੀਵਾਲਤਾ ਅਤੇ ਆਸਾਂ-ਉਮੀਦਾਂ ਨੂੰ ਪੁਨਰ-ਜੀਵਤ ਕਰਨ ਵਾਲੇ ਸੰਸਾਰ ਵਿਚ ਪ੍ਰਵੇਸ਼ ਕਰਾ ਸਕਦਾ। ਇਹ ਅਦਭੁੱਤ ਕ੍ਰਿਸ਼ਮਾ ਸੀ ਕਿ ਕਰੋੜਾਂ ਲੋਕਾਂ ਦੇ ਦਿਲ ਪੰਜਾਬ ਦੀ ਧਰਤੀ ਤੋਂ ਉਦੈ ਹੋਏ ਅਤੇ ਹਰਿਆਣਾ, ਉੱਤਰ ਪ੍ਰਦੇਸ਼ ਤੇ ਦੇਸ਼ ਦੇ ਹੋਰ ਸੂਬਿਆਂ ਵਿਚ ਫੈਲੇ ਇਸ ਅੰਦੋਲਨ ਨਾਲ ਏਨੀ ਤੀਬਰਤਾ/ਡੂੰਘਾਈ ਨਾਲ ਇੰਝ ਜੁੜ ਗਏ ਕਿ ਉਹ ਸਿੰਘੂ, ਟਿੱਕਰੀ, ਗਾਜ਼ੀਪੁਰ ਅਤੇ ਧਰਨਿਆਂ ਵਾਲੇ ਹੋਰ ਸਥਾਨਾਂ ਤੋਂ ਆਉਂਦੀਆਂ ਖ਼ਬਰਾਂ ਦੇ ਨਾਲ ਨਾਲ ਧੜਕਣ ਲੱਗੇ। ਮੋਰਚਿਆਂ ਤੋਂ ਆਉਂਦੀ ਹਰ ਚੰਗੀ ਖ਼ਬਰ ਦੇਸ਼ ਵਿਚ ਜਮਹੂਰੀਅਤ ਦੀ ਲੋਅ ਨੂੰ ਉੱਚਿਆਂ ਕਰਦੀ ਗਈ ਤੇ ਲੋਕ ਇਨ੍ਹਾਂ ਸਥਾਨਾਂ ਵੱਲ ਇਉਂ ਧਾਏ ਜਿਵੇਂ ਉਹ ਤੀਰਥ-ਅਸਥਾਨਾਂ ਦੀ ਯਾਤਰਾ ਕਰ ਰਹੇ ਹੋਣ। ਕਿਸਾਨਾਂ ਦੇ ਸੰਘਰਸ਼ ਨੇ ਤੀਰਥ ਸਿਰਜੇ ਅਤੇ ਦੇਸ਼ ਵਾਸੀਆਂ ਦੀਆਂ ਜ਼ਿੰਦਗੀਆਂ ਨੂੰ ਨਵੇਂ ਅਰਥ ਦਿੱਤੇ; ਜਮਹੂਰੀਅਤ, ਸਾਂਝੀਵਾਲਤਾ ਤੇ ਹੱਕ-ਸੱਚ ਲਈ ਲੜਾਈ ਦੇ ਉਹ ਅਰਥ, ਜਿਹੜੇ ਲੋਕਾਂ ਦੀ ਜ਼ਿੰਦਗੀ ’ਚੋ ਗੁੰਮ ਹੋ ਰਹੇ ਸਨ।

ਅਜਿਹੀ ਭਾਵਨਾਤਮਕ ਅਤੇ ਬੌਧਿਕ ਸਾਂਝੀਵਾਲਤਾ ਦੇਸ਼ ਨੂੰ ਕਈ ਦਹਾਕਿਆਂ ਤੋਂ ਨਸੀਬ ਨਹੀਂ ਸੀ ਹੋਈ। ਇਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਸੂਝ ਕਾਰਨ ਸੰਭਵ ਹੋਇਆ। ਕਿਸਾਨਾਂ ਨੇ ਮਾਨਵਤਾ ਅਤੇ ਮਨੁੱਖੀ ‘ਪ੍ਰੇਮ ਦੀ ਝੋਕ’ ਦਾ ਨਵਾਂ ਕਿੱਸਾ ਲਿਖਿਆ ਜਿਹੜਾ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਅੰਦਰਲੇ ਫਰਿਹਾਦਾਂ ਨੇ ਸੱਤਾ ਅਤੇ ਕਾਰਪੋਰੇਟੀ ਤਾਕਤ ਦੇ ਪਹਾੜ ਨੂੰ ਤੋੜਿਆ ਅਤੇ ਸੱਚ ਦੀ ਨਦੀ ਨੂੰ ਲੋਕਾਈ ਦੇ ਦਿਲਾਂ ਵਿਚ ਵਹਿਣ ਦਾ ਰਾਹ ਦਿਖਾਇਆ।

ਸੱਤਾ ਅਤੇ ਕਾਰਪੋਰੇਟੀ ਤਾਕਤ ਅਤੇ ਬਿਰਤਾਂਤ ਵਿਚ ਸੰਨ੍ਹ ਲਾਉਣ ਤੋਂ ਪਹਿਲਾਂ ਕਿਸਾਨ ਅੰਦੋਲਨ ਨੇ 2020 ਵਿਚ ਕੋਵਿਡ-19 ਦੀ ਮਹਾਮਾਰੀ ਅਤੇ 24 ਮਾਰਚ ਨੂੰ ਅਚਨਚੇਤ ਐਲਾਨੀ ਗਈ ਤਾਲਾਬੰਦੀ ਕਾਰਨ ਪੈਦਾ ਹੋਈ ਉਪਰਾਮਤਾ ਅਤੇ ਉਦਾਸੀ ਦੇ ਜਮੂਦ ਨੂੰ ਵੀ ਤੋੜਿਆ ਸੀ। ਪੰਜਾਬ ਲਗਭਗ ਦੋ ਦਹਾਕਿਆਂ ਤੋਂ ਨਸ਼ਿਆਂ ਦੇ ਫੈਲਾਉ, ਬੇਰੁਜ਼ਗਾਰੀ ਅਤੇ ਰਿਸ਼ਵਤਖੋਰੀ ਦੇ ਜੰਜਾਲ ਵਿਚ ਫਸਿਆ ਹੋਇਆ ਹੈ। ਲੋਕਾਂ ਦੀ ਮਾਯੂਸੀ ਦਾ ਇਹ ਆਲਮ ਸੀ ਕਿ ਉਨ੍ਹਾਂ ਨੂੰ ਪੰਜਾਬ ਵਿਚ ਆਪਣਾ ਭਵਿੱਖ ਦਿਖਾਈ ਨਹੀਂ ਸੀ ਦਿੰਦਾ ਅਤੇ ਉਹ ਮਹਿਸੂਸ ਕਰਦੇ ਸਨ ਕਿ ਇਸ ਉਦਾਸੀ ਅਤੇ ਬੇਗ਼ਾਨਗੀ ’ਚੋ ਨਿਕਲਣ ਦਾ ਇਕੋ-ਇਕ ਰਾਹ ਪਰਵਾਸ ਹੈ। ਪਰਵਾਸ ਅਜੇ ਵੀ ਪੰਜਾਬੀਆਂ ਦਾ ਸੁਪਨਾ ਹੈ ਪਰ ਕਿਸਾਨ ਅੰਦੋਲਨ ਨੇ ਉਨ੍ਹਾਂ ਦੇ ਮਨਾਂ ਵਿਚ ਅਜਿਹੀ ਜਮਹੂਰੀ ਰੂਹ ਫੂਕੀ ਹੈ ਕਿ ਉਹ ਜ਼ਿੰਦਗੀ ਨੂੰ ਨਵੇਂ ਆਸ-ਭਰਪੂਰ ਦ੍ਰਿਸ਼ਟੀਕੋਣ ਤੋਂ ਦੇਖਣ ਲੱਗ ਪਏ ਹਨ। ਪੰਜਾਬੀਆਂ ਦੀ ਸਿਆਸਤ, ਸੱਭਿਆਚਾਰ, ਸਮਾਜ, ਵਿਰਸੇ ਅਤੇ ਜੀਵਨ-ਜਾਚ ਪ੍ਰਤੀ ਪਹੁੰਚ ਵਿਚ ਸਕਾਰਾਤਮਕ ਤਬਦੀਲੀਆਂ ਆਈਆਂ ਹਨ।

ਅੰਦੋਲਨ ਦੀ ਮਹਾਨ ਸਫ਼ਲਤਾ ਪਿੱਛੇ ਸਿੱਖ ਗੁਰੂਆਂ ਦੁਆਰਾ ਪੰਜਾਬੀ ਸਮਾਜ ਵਿਚ ਪੈਦਾ ਕੀਤੀ ਗਈ ਜਮਹੂਰੀਅਤ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਪਹਿਲਾਂ ਵੀ ਜਬਰ-ਜ਼ੁਲਮ ਵਿਰੁੱਧ ਲੜਦੇ ਆਏ ਸਨ ਪਰ ਸਿੱਖ ਗੁਰੂਆਂ ਦੇ ਸਾਂਝੀਵਾਲਤਾ, ਸਮਾਜਿਕ ਬਰਾਬਰੀ ਅਤੇ ਅਨਿਆਂ ਨਾ ਸਹਿਣ ਦੇ ਸੰਦੇਸ਼ ਨੇ ਪੰਜਾਬ ਦੀ ਨਾਬਰੀ ਦੀ ਰਵਾਇਤ ਨੂੰ ਨਵੇਂ ਸੰਗਰਾਮਮਈ ਨੈਣ-ਨਕਸ਼ ਦਿੱਤੇ। 18ਵੀਂ ਸਦੀ ਦੇ ਸਿੱਖ ਸੰਘਰਸ਼ ਨੇ ਪੰਜਾਬ ਵਿਚ ਪੰਜਾਬੀਆਂ ਦਾ ਆਪਣਾ ਰਾਜ ਬਣਾਉਣ ਦਾ ਰਾਹ ਮੋਕਲਾ ਕੀਤਾ। ਬਾਅਦ ਵਿਚ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਭਗਤ ਸਿੰਘ ਨਾਲ ਸਬੰਧਿਤ ਲਹਿਰ, ਗ਼ਦਰ ਲਹਿਰ, ਜੱਲ੍ਹਿਆਂਵਾਲੇ ਬਾਗ ਨਾਲ ਜੁੜੇ ਸੰਘਰਸ਼, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਸਾਨ ਮੋਰਚਿਆਂ ਅਤੇ ਹੋਰ ਸੰਘਰਸ਼ਾਂ ਨੇ ਨਾਬਰੀ ਦੀ ਇਸ ਰਵਾਇਤ ਨੂੰ ਸਿੰਜਿਆ ਅਤੇ ਬਲਵਾਨ ਕੀਤਾ।

ਪੰਜਾਬ ਦਾ ਇਤਿਹਾਸ ਹਮੇਸ਼ਾ ਆਦਰਸ਼ਕ ਨਹੀਂ ਰਿਹਾ; ਬਾਕੀ ਖ਼ਿੱਤਿਆਂ ਦੇ ਇਤਿਹਾਸ ਵਾਂਗ ਪੰਜਾਬੀ ਵੀ ਫ਼ਿਰਕਾਪ੍ਰਸਤੀ ਦਾ ਸ਼ਿਕਾਰ ਹੋਏ ਅਤੇ 1947 ਤੇ 1984 ਦੇ ਵੱਡੇ ਸੰਤਾਪ ਭੋਗੇ। ਇਸ ਸਭ ਕੁਝ ਦੇ ਬਾਵਜੂਦ ਪੰਜਾਬੀਆਂ ਨੇ ਜਬਰ ਨਾ ਸਹਿਣ, ਸਮਾਜਿਕ ਨਿਆਂ ਲਈ ਸੰਘਰਸ਼ ਕਰਨ ਅਤੇ ਸੰਘਰਸ਼ ਦੌਰਾਨ ਦੁੱਖ ਭੋਗਣ ਦੇ ਜਜ਼ਬਿਆਂ ਨੂੰ ਗਵਾਚਣ ਨਹੀਂ ਦਿੱਤਾ ਅਤੇ ਇਹ ਭਾਵਨਾਵਾਂ ਮੌਜੂਦਾ ਕਿਸਾਨ ਸੰਘਰਸ਼ ਦੌਰਾਨ ਆਪਣੇ ਪੂਰੇ ਜਲੌਅ ਵਿਚ ਦਿਖਾਈ ਦਿੱਤੀਆਂ। ਕਾਰਪੋਰੇਟੀ ਅਤੇ ਸੱਤਾਧਾਰੀ ਸ਼ਕਤੀਆਂ ਦਾ ਹਮਲਾ ਸਮਾਜ ਦਾ ਲਗਾਤਾਰ ਅਮਾਨਵੀਕਰਨ ਕਰ ਰਿਹਾ ਹੈ; ਮਨੁੱਖ ਨੂੰ ਉਸ ਦੀ ਮਨੁੱਖਤਾ ਤੋਂ ਮਹਿਰੂਮ ਕੀਤਾ ਜਾ ਰਿਹਾ ਹੈ; ਕਿਸਾਨ ਅੰਦੋਲਨ ਨੇ ਇਸ ਅਮਾਨਵੀਕਰਨ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ।

ਬਹੁਤ ਸਾਰੇ ਅਰਥ ਸ਼ਾਸਤਰੀਆਂ ਨੂੰ ਅਮਾਨਵੀਕਰਨ ਵਿਰੁੱਧ ਵਿੱਢੀ ਗਈ ਇਸ ਲੜਾਈ ਦੇ ਮਾਅਨੇ ਸਮਝ ਨਹੀਂ ਪੈਂਦੇ। ਉਹ ਮਨੁੱਖੀ ਜੀਵਨ ਨੂੰ ਕੁੱਲ ਘਰੇਲੂ ਉਤਪਾਦਨ, ਵਿਕਾਸ ਦਰ ਅਤੇ ਹੋਰ ਆਰਥਿਕ ਮਾਪਦੰਡਾਂ ਰਾਹੀਂ ਨਾਪਦੇ ਹਨ; ਮਨੁੱਖ ਦੀ ਮਨੁੱਖਤਾ ਬਰਕਰਾਰ ਰਹੇ ਜਾਂ ਨਾ, ਉਨ੍ਹਾਂ ਨੂੰ ਇਸ ਦੀ ਪਰਵਾਹ ਨਹੀਂ; ਅਮੀਰਾਂ ਨੂੰ ਹੋਰ ਅਮੀਰ ਬਣਾਉਂਦੀ ਵਿਕਾਸ ਦਰ ਦਾ ਵਧਣਾ ਹੀ ਉਨ੍ਹਾਂ ਦੀ ਤਰਜੀਹ ਹੈ। ਕਿਸਾਨ ਅੰਦੋਲਨ ਅਰਥ ਸ਼ਾਸਤਰੀਆਂ ਦੇ ਇਸ ਬਿਰਤਾਂਤ ਵਿਰੁੱਧ ਮਹਾਨ ਮਾਨਵਵਾਦੀ ਬਿਰਤਾਂਤ ਬਣ ਕੇ ਉੱਭਰਿਆ।

ਸਿਆਸੀ ਮਾਹਿਰ ਵੀ ਇਸ ਸਫ਼ਲਤਾ ’ਤੇ ਹੈਰਾਨ ਹਨ। ਉਨ੍ਹਾਂ ਦਾ ਅੰਦਾਜ਼ਾ ਸੀ ਕਿ ਮੌਜੂਦਾ ਸੱਤਾਧਾਰੀ ਪਾਰਟੀ ਕੋਲ ਉਹ ਸਾਰੇ ਸਾਧਨ ਅਤੇ ਵਸੀਲੇ ਮੌਜੂਦ ਹਨ ਜਿਨ੍ਹਾਂ ਨਾਲ ਉਹ ਕਿਸੇ ਵੀ ਉਸ ਅੰਦੋਲਨ ਜਿਹੜਾ ਉਨ੍ਹਾਂ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਦੇ ਵਿਰੁੱਧ ਉਗਮਿਆ ਹੋਵੇ, ਨੂੰ ਕੁਚਲ ਸਕਦੀ ਹੈ। ਇਸ ਸਰਕਾਰ ਨੇ ਨੋਟਬੰਦੀ, ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰਕੇ ਜੰਮੂ ਕਸ਼ਮੀਰ ਦੀ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ, ਨਾਗਰਿਕਤਾ ਸੋਧ ਕਾਨੂੰਨ, ਸਨਅਤੀ ਕਾਮਿਆਂ ਦੇ ਹੱਕਾਂ ਨੂੰ ਸੀਮਤ ਕਰਨ ਵਾਲੇ ਕਿਰਤ ਕੋਡ ਅਤੇ ਹੋਰ ਕਈ ਅਜਿਹੇ ਫ਼ੈਸਲੇ ਕੀਤੇ ਹਨ ਜਿਨ੍ਹਾਂ ਦੀ ਸੀਰਤ ਲੋਕ-ਵਿਰੋਧੀ ਅਤੇ ਵੰਡਪਾਊ ਸੀ। ਇਨ੍ਹਾਂ ਫ਼ੈਸਲਿਆਂ ਦਾ ਵਿਰੋਧ ਹੋਇਆ; ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਤੋਂ ਅੰਦੋਲਨ ਵੀ ਸ਼ੁਰੂ ਕੀਤਾ ਗਿਆ ਪਰ ਕਿਸੇ ਵਿਰੋਧ ਦੇ ਪਸਾਰ ਵੱਡੇ ਅਤੇ ਬਹੁਪਰਤੀ ਨਾ ਬਣ ਸਕੇ। ਇਨ੍ਹਾਂ ਸਮਿਆਂ ਵਿਚ ਕਿਸਾਨ ਅੰਦੋਲਨ ਦਾ ਸਫ਼ਲ ਹੋਣਾ ਅਜਿਹੀ ਇਤਿਹਾਸਕ ਪ੍ਰਾਪਤੀ ਹੈ ਜਿਸ ਨੇ ਸਿਆਸੀ ਮਾਹਿਰਾਂ ਨੂੰ ਸੱਤਾਧਾਰੀ ਪਾਰਟੀ ਦੀ ਤਾਕਤ ਵਿਚਲੀ ਕਚਿਆਈ ਅਤੇ ਭੁਰਭਰੇਪਣ ਵੱਲ ਧਿਆਨ ਦੇਣ ਲਈ ਮਜਬੂਰ ਕੀਤਾ ਹੈ।

ਗੁਰੂ ਨਾਨਕ ਦੇਵ ਜੀ ਨੇ ਜਬਰ ਵਿਰੁੱਧ ਸੰਘਰਸ਼ ਨੂੰ ਪ੍ਰੇਮ ਦੀ ਰਾਹ ਦੱਸਦਿਆਂ ਕਿਹਾ ਸੀ, ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।’’ ਕਿਸਾਨ ਸੰਘਰਸ਼ ਪ੍ਰੇਮ, ਅਨੁਰਾਗ ਅਤੇ ਸਾਂਝੀਵਾਲਤਾ ਦੀ ਰਾਹ ’ਤੇ ਚੱਲਿਆ ਹੈ। ਇਸ ਸੰਘਰਸ਼ ਦੌਰਾਨ 670 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ; ਉਹ ਸੂਰਮਿਆਂ ਦੀ ਮੌਤ ਮਰੇ ਹਨ; ਜਿਵੇਂ ਬਾਬਾ ਨਾਨਕ ਜੀ ਨੇ ਕਿਹਾ ਸੀ, ‘‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।।’’

ਇਸ ਸ਼ਾਂਤਮਈ ਅੰਦੋਲਨ ਨੇ ਨਵੇਂ ਨੈਤਿਕ ਮਿਆਰ ਕਾਇਮ ਕੀਤੇ ਹਨ; ਸੱਤਾਧਾਰੀ ਪਾਰਟੀ ਦੀ ਹਉਮੈ ਭਰੀ ਅਤੇ ਵੰਡਪਾਊ ਸਿਆਸਤ ਨੂੰ ਵੰਗਾਰਿਆ ਹੈ, ਹਿੰਮਤ, ਖਲੂਸ ਅਤੇ ਹੱਕ ਲਈ ਲੜਨ ਦੇ ਮਾਅਨਿਆਂ ਨੂੰ ਸੱਚ ਕਰ ਦਿਖਾਇਆ ਹੈ; ਉਹ ਅਸਲੀ ਸੂਰਮੇ ਹਨ; ਸੰਤ ਰੇਣ ਦਾ ਕਥਨ ਹੈ, ‘‘ਹਿੰਮਤ ਅਗੇ ਫਤੇ (ਫਤਿਹ) ਸੁਖਾਲੀ, ਜੇ ਕੋਈ ਸੂਰਾ ਹੋਵੇ।’’ ਇਹ ਵਰ੍ਹਾ ਕਿਸਾਨਾਂ ਦੀ ਸੂਰਮਗਤੀ ਅਤੇ ਜਿੱਤ ਦਾ ਵਰ੍ਹਾ ਹੋ ਨਿੱਬੜਿਆ ਹੈ; ਇਸ ਵਰ੍ਹੇ ਨੇ ਲੋਕਾਈ ਨੂੰ ਆਸਾਂ, ਉਮੀਦਾਂ ਅਤੇ ਉਮੰਗਾਂ ਨਾਲ ਸਰਸ਼ਾਰ ਕੀਤਾ ਹੈ। ਜੇ ਹਰ ਵਰ੍ਹਾ ਅਜਿਹਾ ਸੰਘਰਸ਼ਮਈ ਵਰ੍ਹਾ ਬਣ ਜਾਏ ਤਾਂ ਹਯਾਤੀ ਦਾ ਸਫ਼ਰ ਅਰਥ ਭਰਪੂਰ ਅਤੇ ਸਿਰ ਉੱਚਾ ਕਰ ਕੇ ਤੁਰਨ ਵਾਲਾ ਸਫ਼ਰ ਬਣ ਜਾਵੇਗਾ। -ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All