ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋ ਗਈ ਹੈ। ਪਹਿਲਾਂ ਹੀ ਲਾਏ ਅੰਦਾਜ਼ਿਆਂ ਅਨੁਸਾਰ ਮੀਟਿੰਗ ਵਿਚ ਕਿਸੇ ਹੱਲ ਨਿਕਲਣ ਦੇ ਕੋਈ ਆਸਾਰ ਨਹੀਂ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕੋਲ ਕੋਈ ਫਾਲਤੂ ਪਾਣੀ ਨਹੀਂ ਹੈ; ਇਸ ਲਈ ਐੱਸਵਾਈਐੱਲ ਨਹੀਂ ਕੱਢੀ ਜਾ ਸਕਦੀ। ਹਰਿਆਣੇ ਵਿਚ ਵੀ ਪਾਣੀ ਬਾਰੇ ਇਹ ਸੁਝਾਅ ਦਿੱਤਾ ਗਿਆ ਕਿ ਉਹ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਤਿਆਰ ਹਨ। ਪ੍ਰਧਾਨ ਮੰਤਰੀ ਹਰਿਆਣਾ ਨੂੰ ਯਮੁਨਾ-ਸ਼ਾਰਦਾ ਨਦੀਆਂ ਵਿਚੋਂ ਪਾਣੀ ਦਿਵਾ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜੀਵ-ਲੌਂਗੋਵਾਲ ਸਮਝੌਤੇ ਦੀ ਧਾਰਾ 9.1 ਅਤੇ 9.2 ਉੱਤੇ ਗੱਲ ਤੋਂ ਬਿਨਾ ਧਾਰਾ 9.3 ਬਾਰੇ ਗੱਲਬਾਤ ਨਹੀਂ ਕੀਤੀ ਜਾ ਸਕਦੀ। ਪਹਿਲੀ ਧਾਰਾ ਦਾ ਮਤਲਬ ਹੈ ਕਿ 1 ਜੁਲਾਈ 1985 ਨੂੰ ਜੋ ਪਾਣੀ ਰਾਜਾਂ ਨੂੰ ਜਾ ਰਿਹਾ ਹੈ, ਉਹ ਜਾਂਦਾ ਰਹਿਣਾ ਹੈ। ਦੂਸਰੀ ਧਾਰਾ ਅਨੁਸਾਰ ਵਾਧੂ ਪਾਣੀ ਦੇ ਫ਼ੈਸਲੇ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਟ੍ਰਿਬਿਊਨਲ ਗਠਿਤ ਹੋਣਾ ਹੈ ਅਤੇ 9.3 ਧਾਰਾ ਐੱਸਵਾਈਐੱਲ ਬਣਾਉਣ ਨਾਲ ਸਬੰਧਿਤ ਹੈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਕਿ ਇਸ ਸਮੇਂ ਪੰਜਾਬ ਕੋਲ ਪਾਣੀ ਹੀ ਨਹੀਂ ਹੈ ਅਤੇ ਇਸ ਦੀ ਪੈਮਾਇਸ਼ ਤੋਂ ਬਿਨਾ ਐੱਸਵਾਈਐੱਲ ਕੱਢਣ ਦੀ ਕੋਈ ਤੁਕ ਨਹੀਂ ਬਣਦੀ। ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਜੀਵ-ਲੌਂਗੋਵਾਲ ਸਮਝੌਤਾ ਅਗਲੇ ਕਿਸੇ ਕੇਸ ਦੇ ਨਬਿੇੜੇ ਦਾ ਆਧਾਰ ਬਣ ਸਕਦਾ ਹੈ। ਪਾਣੀਆਂ ਦਾ ਝਗੜਾ ਦੇਸ਼ ਦੀ ਵੰਡ ਵੇਲੇ ਨਾਲ ਸਬੰਧਿਤ ਹੈ। ਰਾਜਸਥਾਨ ਨੂੰ ਜਾ ਰਿਹਾ 8.60 ਐੱਮਏਐੱਫ ਪਾਣੀ ਅਤੇ ਪੰਜਾਬ ਪੁਨਰਗਠਨ ਕਾਨੂੰਨ 1966 ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਦਾ ਸਮੁੱਚਾ ਮਾਮਲਾ ਕੌਮਾਂਤਰੀ ਪੱਧਰ ਉੱਤੇ ਮੰਨੇ ਜਾਂਦੇ ਰਿਪੇਰੀਅਨ ਸਿਧਾਂਤ ਦੀ ਕਸੱਵਟੀ ਮੁਤਾਬਿਕ ਵੰਡ ਦਾ ਹੈ।
ਇਸ ਲਈ ਪੰਜਾਬ ਸਰਕਾਰ ਦਾ ਪਹਿਲਾ ਤਰਕ ਪਾਣੀਆਂ ਉੱਤੇ ਮਾਲਕੀ ਦੇ ਹੱਕ ਨੂੰ ਤਸਲੀਮ ਕਰਨ ਨਾਲ ਸਬੰਧਿਤ ਹੋਣਾ ਚਾਹੀਦਾ ਹੈ। ਪਾਣੀ ਘੱਟ ਹੋਣ ਦੀ ਦਲੀਲ ਇਸ ਤੋਂ ਬਾਅਦ ਪੂਰਕ ਦਲੀਲ ਵਜੋਂ ਪੇਸ਼ ਕੀਤੀ ਜਾ ਸਕਦੀ ਹੈ। ਜਿੱਥੋਂ ਤਕ ਪ੍ਰਧਾਨ ਮੰਤਰੀ ਦੁਆਰਾ ਪਾਣੀਆਂ ਦੀ ਵੰਡ ਵਿਚ ਦਖ਼ਲ ਦਾ ਸਵਾਲ ਹੈ, ਉੱਥੇ ਇਹ ਸੋਚਣਾ ਜ਼ਰੂਰੀ ਹੈ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਮਾਮਲਾ 24 ਮਾਰਚ 1976 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਕਪਾਸੜ ਫ਼ੈਸਲੇ ਕਰ ਕੇ ਉਲਝਿਆ ਹੋਇਆ ਹੈ। ਉਸ ਫ਼ੈਸਲੇ ਨੂੰ ਵਾਜਬੀਅਤ ਦੇਣ ਵਾਸਤੇ 31 ਦਸੰਬਰ 1981 ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦਾ ਸਮਝੌਤਾ ਕਰਵਾਇਆ ਗਿਆ। ਇਹ ਸਾਰੇ ਫ਼ੈਸਲੇ ਸੰਵਿਧਾਨ ਜਾਂ ਕਾਨੂੰਨ ਦੀ ਬਜਾਇ ਪੰਜਾਬ ਕੋਲ ਵਾਧੂ ਪਾਣੀ ਹੋਣ ਅਤੇ ਹਰਿਆਣਾ ਦੀਆਂ ਜ਼ਰੂਰਤਾਂ ਵਧਣ ਦੀ ਦਲੀਲ ਤਹਿਤ ਕੀਤੇ ਗਏ ਸਨ। ਇਸ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਮਾਮਲੇ ਕਾਰਨ ਪੰਜਾਬੀਆਂ ਨੇ 1980ਵਿਆਂ ਵਿਚ ਵੱਡਾ ਦੁਖਾਂਤ ਝੱਲਿਆ ਹੈ।