ਚੋਣ ਨਤੀਜਿਆਂ ਦੇ ਮਾਇਨੇ

ਚੋਣ ਨਤੀਜਿਆਂ ਦੇ ਮਾਇਨੇ

ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਨਤੀਜਿਆਂ ਦੇ ਰੁਝਾਨਾਂ ਦਾ ਮੁਲਕ ਦੀ ਸਿਆਸਤ ਉੱਤੇ ਕਈ ਪੱਖਾਂ ਤੋਂ ਅਸਰ ਪੈਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਹੂੰਝਾ-ਫੇਰੂ ਜਿੱਤ ਨੇ ਭਾਰਤੀ ਜਨਤਾ ਪਾਰਟੀ ਦੀ ਚੋਣ ਰਣਨੀਤੀ, ਧਨ, ਸੰਗਠਨ, ਸਰਕਾਰੀ ਤੰਤਰ ਦੇ ਸਮੁੱਚੇ ਤਾਕਤਵਰ ਹੱਲੇ ਨੂੰ ਪਛਾੜ ਕੇ ਇਤਿਹਾਸ ਸਿਰਜਿਆ ਹੈ। ‘ਦੋ ਸੌ ਪਾਰ’ ਦਾ ਨਾਅਰਾ ਦੇਣ ਵਾਲੀ ਭਾਜਪਾ ਦੋ ਹਿੰਦਸਿਆਂ ਤੱਕ ਸਿਮਟ ਗਈ ਹੈ। ਭਾਜਪਾ ਵੱਲੋਂ ਜੈ ਸ਼੍ਰੀਰਾਮ ਅਤੇ ਹੋਰ ਬਹੁਤ ਸਾਰੇ ਹਿੰਦੂਤਵੀ ਨਾਅਰਿਆਂ ਨਾਲ ਪੱਛਮੀ ਬੰਗਾਲ ਅੰਦਰ ਹਿੰਦੂ ਵੋਟ ਬੈਂਕ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਪ੍ਰਧਾਨ ਮੰਤਰੀ ਨੇ 24 ਅਤੇ ਮੁਲਕ ਦੇ ਗ੍ਰਹਿ ਮੰਤਰੀ ਨੇ ਕਰੋਨਾ ਸੰਕਟ ਦੇ ਬਾਵਜੂਦ 27 ਰੈਲੀਆਂ ਪੱਛਮੀ ਬੰਗਾਲ ਵਿਚ ਕੀਤੀਆਂ। ਇਸ ਦੇ ਬਾਵਜੂਦ ਮਮਤਾ ਬੈਨਰਜੀ ਦੀ ਜ਼ਮੀਨੀ ਆਗੂ ਵਾਲੀ ਸ਼ਖ਼ਸੀਅਤ, ਬੰਗਾਲੀ ਸੱਭਿਆਚਾਰ ਦੀ ਪਛਾਣ, ਪ੍ਰਧਾਨ ਮੰਤਰੀ ਵੱਲੋਂ ਮਜ਼ਾਕੀਆ ਲਹਿਜੇ ਵਿਚ ਮਮਤਾ ਖਿ਼ਲਾਫ਼ ਕੀਤੀਆਂ ਟਿੱਪਣੀਆਂ ਅਤੇ ਤਾਕਤਾਂ ਦੇ ਕੇਂਦਰੀਕਰਨ ਖਿ਼ਲਾਫ਼ ਬੰਗਾਲੀ ਲੋਕਾਂ ਦੀ ਮਾਨਸਿਕਤਾ ਨੇ ਮਿਲ ਕੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ।

ਰਾਜ ਵਿਚ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੇ ਖੱਬੇ-ਪੱਖੀ ਅਤੇ ਕਾਂਗਰਸ ਦਾ ਗੱਠਜੋੜ ਪੂਰੀ ਤਰ੍ਹਾਂ ਹਾਸ਼ੀਏ ਉੱਤੇ ਚਲਾ ਗਿਆ। ਕੇਰਲ ਵਿਚ ਖੱਬੇ-ਪੱਖੀ ਗੱਠਜੋੜ ਨੇ ਮੁੜ ਸਰਕਾਰ ਬਣਾ ਕੇ ਇਤਿਹਾਸ ਸਿਰਜਿਆ ਹੈ। ਉਥੇ ਕਾਂਗਰਸ ਦੀ ਅਗਵਾਈ ਵਾਲਾ ਫਰੰਟ ਕਾਮਯਾਬ ਨਹੀਂ ਹੋ ਸਕਿਆ। ਅਸਾਮ ਵਿਚ ਭਾਜਪਾ ਮੁੜ ਸੱਤਾ ਵਿਚ ਆ ਰਹੀ ਹੈ। ਤਾਮਿਲ ਨਾਡੂ ਵਿਚ ਡੀਐੱਮਕੇ ਅਤੇ ਕਾਂਗਰਸ ਗੱਠਜੋੜ ਭਾਰੀ ਬਹੁਮੱਤ ਨਾਲ ਸੱਤਾ ਵਿਚ ਆ ਰਿਹਾ ਹੈ। ਪੁਡੂਚਿਰੀ ਵਿਚ ਭਾਜਪਾ ਗੱਠਜੋੜ ਬਹੁਮਤ ਦੇ ਨੇੜੇ ਹੈ। ਚੋਣ ਨਤੀਜਿਆਂ ਨੇ ਇਹ ਸੰਕੇਤ ਦਿੱਤੇ ਹਨ ਕਿ ਕਾਂਗਰਸ ਯੋਗ ਆਗੂ, ਮਜ਼ਬੂਤ ਸੰਗਠਨ ਅਤੇ ਰਣਨੀਤੀ ਦੀ ਅਣਹੋਂਦ ਕਾਰਨ ਆਪਣਾ ਵਕਾਰ ਗੁਆ ਰਹੀ ਹੈ। ਇਸੇ ਤਰ੍ਹਾਂ ਭਾਜਪਾ 2019 ਤੋਂ ਬਾਅਦ ਮਹਾਰਾਸ਼ਟਰ, ਹਰਿਆਣਾ, ਦਿੱਲੀ ਵਿਚ ਵੋਟਰਾਂ ਵਿਚ ਪਾਰਲੀਮੈਂਟ ਵਾਲੀ ਸਾਖ ਨਹੀਂ ਬਚਾ ਸਕੀ। ਪੱਛਮੀ ਬੰਗਾਲ ਵਿਚ ਤਿੰਨ ਸੀਟਾਂ ਤੋਂ ਸੱਤਰ ਪਾਰ ਪਹੁੰਚਣ ਦੀ ਦਲੀਲ ਇਸ ਕਰ ਕੇ ਠੀਕ ਨਹੀਂ ਕਿਉਂਕਿ ਪਾਰਟੀ ਨੂੰ 2019 ਵਿਚ ਲੋਕ ਸਭਾ ਚੋਣਾਂ ਦੌਰਾਨ 121 ਵਿਧਾਨ ਸਭਾ ਹਲਕਿਆਂ ਉੱਤੇ ਵੱਧ ਵੋਟ ਮਿਲੇ ਸਨ।

ਚੋਣ ਨਤੀਜੇ ਸਾਬਤ ਕਰ ਰਹੇ ਹਨ ਕਿ ਤਾਕਤਾਂ ਦਾ ਕੇਂਦਰੀਕਰਨ ਖੇਤਰਾਂ ਦੀਆਂ ਵੱਖਰੀਆਂ ਪਛਾਣਾਂ ਅਤੇ ਹੋਰ ਖੇਤਰੀ ਮੁੱਦਿਆਂ ਬਾਰੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ’ਚ ਅਸਫ਼ਲ ਹੁੰਦਾ ਹੈ। ਵੱਖ ਵੱਖ ਸੱਭਿਆਚਾਰ, ਬੋਲੀਆਂ, ਧਰਮਾਂ ਵਾਲੇ ਮੁਲਕ ਨੂੰ ਸਹੀ ਰੂਪ ’ਚ ਫੈਡਰਲ ਢਾਂਚੇ ਦੀ ਜ਼ਰੂਰਤ ਹੈ। ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਚੋਣ ਦੌਰਾਨ ਸਾਰੀਆਂ ਸਿਆਸੀ ਧਿਰਾਂ ਨੂੰ ਲਿਖੀ ਚਿੱਠੀ ’ਚ ਮਿਲ ਕੇ ਭਾਜਪਾ ਦਾ ਮੁਕਾਬਲਾ ਕਰਨ ਦਾ ਦਿੱਤਾ ਸੱਦਾ ਇਨ੍ਹਾਂ ਨਤੀਜਿਆਂ ਪਿੱਛੋਂ ਸਾਰਥਕ ਹੋ ਸਕਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਮਮਤਾ ਬੈਨਰਜੀ ਅਜਿਹੀਆਂ ਧਿਰਾਂ ਨੂੰ ਇਕ ਮੰਚ ਉੱਤੇ ਲਿਆਉਣ ਲਈ ਵੱਡੀ ਭੂਮਿਕਾ ਨਿਭਾ ਸਕਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All