ਫਰਾਂਸ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਲਾ ਰਿਪਬਲਕ ਏਨ ਮਾਰਚੇ ਪਾਰਟੀ ਦਾ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੈਸ਼ਨਲ ਰੈਲੀ (ਫਰੰਟ) ਪਾਰਟੀ ਦੀ ਉਮੀਦਵਾਰ ਮਾਰੀਨ ਲਾ ਪੈਨ ਨੂੰ ਹਰਾ ਕੇ ਦੂਸਰੀ ਵਾਰ ਰਾਸ਼ਟਰਪਤੀ ਚੁਣਿਆ ਗਿਆ ਹੈ। 2002 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ
ਰਾਸ਼ਟਰਪਤੀ ਨੇ ਦੂਸਰੀ ਵਾਰ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਮੈਕਰੌਂ ਨੂੰ 58.6 ਫ਼ੀਸਦੀ ਅਤੇ ਮਾਰੀਨ ਲਾ ਪੈਨ ਨੂੰ 41.4 ਫ਼ੀਸਦੀ ਵੋਟਾਂ ਮਿਲੀਆਂ। ਉਸ ਨੂੰ ਪੈਰਿਸ, ਲਿਉਂ, ਟੁਲੂਜ ਆਦਿ ਮਹਾਂਨਗਰਾਂ ਅਤੇ ਛੋਟੇ ਸ਼ਹਿਰਾਂ ਵਿਚੋਂ ਹਮਾਇਤ ਮਿਲੀ ਜਦੋਂਕਿ ਲਾ ਪੈਨ ਨੂੰ ਦਿਹਾਤੀ ਇਲਾਕਿਆਂ ’ਚੋਂ ਵੱਧ ਵੋਟਾਂ ਮਿਲੀਆਂ।
ਫਰਾਂਸ ਵਿਚ ਰਾਸ਼ਟਰਪਤੀ ਲਈ ਦੋ ਪੜਾਵਾਂ (ਰਾਊਂਡਾਂ) ਵਿਚ ਵੋਟਾਂ ਪੈਂਦੀਆਂ ਹਨ। ਜੇ ਪਹਿਲੀ ਵਾਰ (ਪਹਿਲੇ ਰਾਊਂਡ) ਕਿਸੇ ਉਮੀਦਵਾਰ ਨੂੰ 50 ਫ਼ੀਸਦੀ ਵੋਟਾਂ ਨਾ ਮਿਲਣ ਤਾਂ ਘੱਟ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਚੋਣ ਪ੍ਰਕਿਰਿਆ ’ਚੋਂ ਬਾਹਰ ਹੋ ਜਾਂਦੇ ਹਨ। ਦੂਸਰੇ ਗੇੜ ਵਿਚ ਪਹਿਲੇ ਗੇੜ ਦੇ ਦੋ ਸਿਖ਼ਰਲੇ ਉਮੀਦਵਾਰਾਂ ਲਈ ਹੀ ਵੋਟਾਂ ਪਾਈਆਂ ਜਾਂਦੀਆਂ ਹਨ। ਦਸ ਅਪਰੈਲ ਨੂੰ ਪਹਿਲੇ ਗੇੜ ਵਿਚ ਮੈਕਰੌਂ ਨੂੰ 27.9 ਫ਼ੀਸਦੀ, ਪੈਨ ਨੂੰ 23.2 ਫ਼ੀਸਦੀ, ਖੱਬੇ ਪੱਖੀ ਲਾ ਫਰਾਂਸ ਪਾਰਟੀ ਦੇ ਉਮੀਦਵਾਰ ਨੂੰ 21.9 ਫ਼ੀਸਦੀ ਅਤੇ ਹੋਰ ਦੋ ਉਮੀਦਵਾਰਾਂ ਨੂੰ 5 ਫ਼ੀਸਦੀ ਤੋਂ ਘੱਟ ਵੋਟਾਂ ਮਿਲੀਆਂ। 2002 ਤੋਂ ਪਹਿਲਾਂ ਰਾਸ਼ਟਰਪਤੀ ਦੇ ਅਹੁਦੇ ਦੀ ਮਿਆਦ 7 ਸਾਲ ਹੁੰਦੀ ਸੀ ਪਰ 2002 ਵਿਚ ਇਸ ਨੂੰ 5 ਸਾਲ ਕਰ ਦਿੱਤਾ ਗਿਆ।
ਮੈਕਰੌਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸਮਾਜਵਾਦੀ ਵਜੋਂ ਕੀਤੀ ਅਤੇ ਉਹ ਕਈ ਵਰ੍ਹੇ ਸੋਸ਼ਲਿਸਟ ਪਾਰਟੀ ਦਾ ਮੈਂਬਰ ਰਿਹਾ। 2016 ਵਿਚ ਉਸ ਨੇ ਆਪਣੀ ਪਾਰਟੀ ਲਾ ਰਿਪਬਲਕ ਏਨ ਮਾਰਚੇ ਬਣਾਈ ਜੋ ਉਦਾਰਵਾਦੀ (Liberal) ਤੇ ਕੇਂਦਰਵਾਦੀ (Centrist) ਪਾਰਟੀ ਹੈ। ਉਹ ਮੈਨੂਅਲ ਵਾਲਜ ਦੀ ਅਗਵਾਈ ਵਾਲੀ ਸੋਸ਼ਲਿਸਟ ਪਾਰਟੀ ਅਤੇ ਇਕ ਹੋਰ ਖੱਬੇ ਪੱਖੀ ਪਾਰਟੀ ਦੀ ਹਕੂਮਤ ਸਮੇਂ ਦੇਸ਼ ਦਾ ਵਿੱਤ ਮੰਤਰੀ ਰਿਹਾ। ਉਸ ਨੇ 2015 ਵਿਚ ਸਪੱਸ਼ਟ ਕੀਤਾ ਕਿ ਉਸ ਦਾ ਸੋਸ਼ਲਿਸਟ ਪਾਰਟੀ ਨਾਲ ਕੋਈ ਸਬੰਧ ਨਹੀਂ ਤੇ ਉਹ ਆਜ਼ਾਦ ਹੈ। 2016 ’ਚ ਆਪਣੀ ਪਾਰਟੀ ਬਣਾਉਣ ਤੋਂ ਬਾਅਦ 2017 ਦੀਆਂ ਚੋਣਾਂ ਵਿਚ ਉਹ ਦੂਸਰੇ ਗੇੜ ਵਿਚ 66.9 ਫ਼ੀਸਦੀ ਵੋਟਾਂ ਲੈ ਕੇ ਰਾਸ਼ਟਰਪਤੀ ਚੁਣਿਆ ਗਿਆ; ਉਸ ਸਮੇਂ ਮੈਰੀਨ ਲਾ ਪੈਨ ਨੂੰ 33.9 ਫ਼ੀਸਦੀ ਵੋਟਾਂ ਮਿਲੀਆਂ ਸਨ। ਮੈਰੀਨ ਲਾ ਪੈਨ ਨੈਸ਼ਨਲ ਰੈਲੀ (ਜਿਸ ਨੂੰ 2018 ਤਕ ਨੈਸ਼ਨਲ ਫਰੰਟ ਵੀ ਕਿਹਾ ਜਾਂਦਾ ਸੀ) ਪਾਰਟੀ ਨਾਲ ਸਬੰਧ ਰੱਖਦੀ ਹੈ। ਇਹ ਪਾਰਟੀ ਉਸ ਦੇ ਪਿਤਾ ਯਾਂ ਮੈਰੀ ਲਾ ਪੈਨ ਨੇ 1972 ਵਿਚ ਬਣਾਈ ਅਤੇ 2002 ਵਿਚ ਉਹ ਪਹਿਲੀ ਵਾਰ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਦੂਸਰੇ ਨੰਬਰ ’ਤੇ ਰਿਹਾ ਸੀ। ਪਾਰਟੀ ਪਰਵਾਸੀਆਂ ਤੇ ਯਹੂਦੀਆਂ ਦਾ ਵਿਰੋਧ ਕਰਨ ਅਤੇ ਹੋਰ ਸੱਜੇ ਪੱਖੀ ਨੀਤੀਆਂ ਲਈ ਜਾਣੀ ਜਾਂਦੀ ਹੈ। 2011 ਵਿਚ ਮੈਰੀਨ ਲਾ ਪੈਨ ਆਪਣੇ ਪਿਤਾ ਦੀ ਥਾਂ ਇਸ ਪਾਰਟੀ ਦੀ ਆਗੂ ਬਣੀ; 2015 ਵਿਚ ਉਸ ਨੇ ਆਪਣੇ ਪਿਤਾ ਨੂੰ ਵਿਵਾਦਪੂਰਨ ਬਿਆਨ ਦੇਣ ਕਾਰਨ ਪਾਰਟੀ ’ਚੋਂ ਕੱਢ ਦਿੱਤਾ ਅਤੇ ਪਾਰਟੀ ਦੀਆਂ ਯਹੂਦੀ ਵਿਰੋਧੀ ਨੀਤੀਆਂ ਵਿਚ ਨਰਮੀ ਲਿਆਂਦੀ। ਇਸ ਵਾਰ ਉੁਸ ਦੀਆਂ ਵੋਟਾਂ ਕਾਫ਼ੀ ਵਧੀਆਂ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਫਰਾਂਸ ਵਿਚ ਪਰਵਾਸੀਆਂ ਦਾ ਵਿਰੋਧ, ਫਰਾਂਸੀਸੀ ਅਰਥਚਾਰੇ ਨੂੰ ਵਿਸ਼ਵ ਅਰਥਚਾਰੇ ਤੋਂ ਅਲੱਗ ਥਲੱਗ ਰੱਖਣਾ, ਫਰਾਂਸੀਸੀ ਰਾਸ਼ਟਰਵਾਦ ਅਤੇ ਅਜਿਹੇ ਹੋਰ ਸੱਜੇ ਪੱਖੀ ਰੁਝਾਨ ਜ਼ੋਰ ਫੜ ਰਹੇ ਹਨ। ਮੈਕਰੌਂ ਭਾਵੇਂ ਰਾਸ਼ਟਰਪਤੀ ਚੁਣਿਆ ਗਿਆ ਹੈ ਪਰ ਉਸ ਨੂੰ ਘੱਟ ਪਈਆਂ ਵੋਟਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਫਰਾਂਸ ਵਿਚ ਪਰਵਾਸੀਆਂ ਵਿਰੁੱਧ ਸਖ਼ਤੀਆਂ ਵਧਣਗੀਆਂ। ਫਰਾਂਸ ਦੀ ਪ੍ਰਮੁੱਖ ਖੱਬੇ ਪੱਖੀ ਪਾਰਟੀ ਨੂੰ ਪਹਿਲੇ ਗੇੜ ਵਿਚ 21 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਦੇ 66 ਫ਼ੀਸਦੀ ਵੋਟਰਾਂ ਨੇ ਦੂਸਰੇ ਗੇੜ ਵਿਚ ਹਿੱਸਾ ਨਾ ਲੈਣ ਜਾਂ ਨਿਰਪੱਖ ਰਹਿਣ ਅਤੇ 33 ਫ਼ੀਸਦੀ ਨੇ ਮੈਕਰੌਂ ਨੂੰ ਵੋਟ ਪਾਉਣ ਦੇ ਸੰਕੇਤ ਦਿੱਤੇ ਸਨ। ਮੈਕਰੌਂ ਨੂੰ ਖੱਬੇ ਪੱਖ ਤੇ ਸੱਜੇ ਪੱਖ ਵਿਚ ਸਮਤੋਲ ਬਣਾਈ ਰੱਖਣ ਵਾਲਾ ਸਿਆਸਤਦਾਨ ਮੰਨਿਆ ਜਾਂਦਾ ਹੈ। ਫਰਾਂਸੀਸੀ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ’ਤੇ ਕੰਟਰੋਲ ਰੱਖਣ, ਬਿਜਲਈ ਵਾਹਨਾਂ ਨੂੰ ਸਬਸਿਡੀ ਦੇਣ, ਪੁਲੀਸ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਲਈ ਚੁੱਕੇ ਕਦਮਾਂ ਕਾਰਨ ਉਸ ਨੂੰ ਪਸੰਦ ਕਰਦੇ ਹਨ। ਉਸ ਨੇ ਵੱਡੇ ਦੌਲਤਮੰਦਾਂ ’ਤੇ ਲੱਗਦਾ ਦੌਲਤ ਟੈਕਸ (Wealth Tax) ਘਟਾਇਆ ਸੀ। ਉਸ ਨੂੰ ‘ਅਮੀਰਾਂ’ ਦਾ ਰਾਸ਼ਟਰਪਤੀ ਵੀ ਕਿਹਾ ਗਿਆ ਹੈ। ਉਸ ਦੀ ਜਿੱਤ ਨਾਲ ਫਰਾਂਸ ਦੀਆਂ ਮੌਜੂਦਾ ਨੀਤੀਆਂ ਹੀ ਜਾਰੀ ਰਹਿਣਗੀਆਂ।