ਕੋਵਿਡ-19 ਦੇ ਦੌਰਾਨ ਘਰਾਂ ਅੰਦਰ ਬੰਦ ਰਹਿਣ ਅਤੇ ਕਾਰੋਬਾਰ ਠੱਪ ਹੋ ਜਾਣ ਕਰਕੇ ਪੈਦਾ ਹੋਈ ਬੇਰੁਜ਼ਗਾਰੀ ਸਮੇਤ ਬਹੁਤ ਵੱਡੀਆਂ ਸਮੱਸਿਆਵਾਂ ਦਰਪੇਸ਼ ਹਨ ਪਰ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਵੀ ਤਾਲਾਬੰਦੀ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਦੁਨੀਆਂ ਭਰ ਵਿਚ ਇਸ ਸਬੰਧੀ ਅਧਿਐਨ ਹੋ ਰਹੇ ਹਨ। ਹਾਲ ਹੀ ਵਿਚ ਰਾਜਸਥਾਨ ਦੇ ਇਕ ਹਸਪਤਾਲ ਦੇ ਡਾਕਟਰਾਂ ਵੱਲੋਂ ਤਾਲਾਬੰਦੀ ਦੇ ਬੱਚਿਆਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਨੋਟ ਕੀਤਾ ਗਿਆ ਹੈ। ਇਸ ਸਰਵੇਖਣ ਅਨੁਸਾਰ 65 ਫ਼ੀਸਦੀ ਤੋਂ ਵੱਧ ਬੱਚੇ ਇਕ ਤਰਾਂ ਨਾਲ ਮੋਬਾਈਲ ਦੇ ਕੈਦੀ/ਆਦੀ ਹੋ ਗਏ ਹਨ। ਸਿੱਖਿਆ ਸਮੇਤ ਹਰ ਕੰਮ ਨੂੰ ਆਨਲਾਈਨ ਕਰਨ ਦੇ ਤਰੀਕੇ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਮਾਰਟ ਫੋਨਾਂ ਉੱਤੇ ਨਿਰਭਰ ਕਰ ਦਿੱਤਾ ਹੈ। ਚਿੜਚੜਾਪਣ, ਗੁੱਸਾ, ਉਪਰਾਮਤਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣਦਾ ਜਾ ਰਿਹਾ ਹੈ। ਸਰੀਰਕ ਕਸਰਤ ਦੀ ਅਣਹੋਂਦ ਕਾਰਨ ਬੱਚਿਆਂ ਵਿਚ ਭਾਰ ਵਧ ਜਾਣ, ਸਿਰਦਰਦ, ਅੱਖਾਂ ਦਾ ਦਰਦ ਅਤੇ ਖਾਰਸ਼ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ।
ਬੀਬੀਸੀ ਦੀ ਇਕ ਰਿਪੋਰਟ ਅਨੁਸਾਰ ਇੰਗਲੈਂਡ ਵਿਚ ਮਈ ਦੇ ਪਹਿਲੇ ਹਫ਼ਤੇ ਹੀ ਕੀਤੇ ਸਰਵੇਖਣ ਅਨੁਸਾਰ ਤਕਰੀਬਨ 20 ਲੱਖ ਬੱਚੇ ਨਸ਼ੇ ਅਤੇ ਸ਼ਰਾਬ ਦੇ ਆਦੀ ਹੋ ਹਏ ਹਨ। ਬੱਚਿਆਂ ਖ਼ਿਲਾਫ਼ ਘਰੇਲੂ ਹਿੰਸਾ ਵਧੀ ਹੈ ਅਤੇ ਸਮੁੱਚੇ ਤੌਰ ਉੱਤੇ ਵੀ ਉਨ੍ਹਾਂ ਦੀ ਮਾਨਸਿਕ ਸਿਹਤ ਸਾਹਮਣੇ ਨਵੀਆਂ ਚੁਣੌਤੀਆਂ ਆਈਆਂ ਹਨ। ਕੋਵਿਡ-19 ਨਾਲ ਨਜਿੱਠਣ ਲਈ ਸਰਕਾਰਾਂ ਨੇ, ਖ਼ਾਸ ਤੌਰ ਉੱਤੇ ਭਾਰਤ ਵਰਗੇ ਦੇਸ਼ ਵਿਚ, ਡਰ ਅਤੇ ਸਹਿਮ ਜ਼ਿਆਦਾ ਪੈਦਾ ਕੀਤਾ ਹੈ ਜਦਕਿ ਜਾਗਰੂਕਤਾ ਦੀ ਘਾਟ ਸਾਫ਼ ਦਿਖਾਈ ਦਿੰਦੀ ਹੈ। ਤਾਲਾਬੰਦੀ ਲਗਾਉਣ ਅਤੇ ਹਟਾਉਣ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਇਸੇ ਕਰ ਕੇ ਬੇਭਰੋਸਗੀ, ਅਨਿਸ਼ਚਿਤਤਾ ਅਤੇ ਬੇਚੈਨੀ ਦਾ ਆਲਾਮ ਦਿਖਾਈ ਦੇ ਰਿਹਾ ਹੈ। ਆਨਲਾਈਨ ਪੜ੍ਹਾਈ ਬਾਰੇ ਵੀ ਵੱਡੇ ਸੁਆਲ ਉੱਭਰ ਕੇ ਸਾਹਮਣੇ ਆ ਰਹੇ ਹਨ। ਗ਼ਰੀਬੀ-ਅਮੀਰੀ ਦੇ ਪਾੜੇ ਦੌਰਾਨ ਲੱਖਾਂ ਗ਼ਰੀਬ ਬੱਚੇ ਸਮਾਰਟ ਫੋਨ ਨਾ ਹੋਣ ਕਰਕੇ ਆਨਲਾਈਨ ਪੜ੍ਹਾਈ ਦੇ ਢੰਗ-ਤਰੀਕੇ ਵਿਚ ਸ਼ਾਮਲ ਹੋਣ ਦੇ ਯੋਗ ਹੀ ਨਹੀਂ ਹਨ। ਅਜਿਹੇ ਬੱਚਿਆਂ ਵਿਚ ਹੀਣ-ਭਾਵਨਾ ਦਾ ਪੈਦਾ ਹੋਣਾ ਸੁਭਾਵਿਕ ਹੈ।
ਮੌਤ ਦੇ ਡਰ ਕਾਰਨ ਮੱਧ-ਵਰਗ ਤਾਲਾਬੰਦੀ ਦਾ ਸਮਰਥਨ ਕਰਦਾ ਦਿਖਾਈ ਦੇ ਰਿਹਾ ਹੈ ਪਰ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਵੀ ਪ੍ਰਭਾਵਿਤ ਕਰ ਰਹੀ ਹੈ। ਮਾਪਿਆਂ ਲਈ ਬੱਚਿਆਂ ਦੇ ਵਿਹਾਰ ਵਿਚ ਤਬਦੀਲੀ ਨੂੰ ਸਮਝਣ ਦੇ ਨੁਸਖ਼ੇ ਦੱਸੇ ਜਾ ਰਹੇ ਹਨ ਕਿ ਉਹ ਅਜਿਹੀ ਤਬਦੀਲੀ ’ਤੇ ਨੇੜਿਉਂ ਧਿਆਨ ਦੇਣ ਅਤੇ ਲੋੜ ਪੈਣ ਉੱਤੇ ਮੈਡੀਕਲ ਸਹਾਇਤਾ ਲੈਣ ਦੀ ਕੋਸ਼ਿਸ਼ ਕਰਨ। ਤਾਲਾਬੰਦੀ ਤੋਂ ਪਹਿਲਾਂ ਵੀ ਸਮਾਜ ਅੰਦਰ ਇਕਲਾਪੇ ਦਾ ਅਹਿਸਾਸ ਵਧ ਰਿਹਾ ਸੀ। ਤਾਲਾਬੰਦੀ ਦਾ ਅਸਰ ਇਹ ਹੈ ਕਿ ਇਸ ਨੇ ਹਰ ਬੱਚੇ ਨੂੰ ਮੋਬਾਈਲ ਨਾਲ ਜੁੜਨ ਲਈ ਮਜਬੂਰ ਕਰ ਦਿੱਤਾ ਹੈ ਜਿਸ ਕਰ ਕੇ ਇਸ ਦੇ ਆਦੀ ਹੋਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਤਾਲਾਬੰਦੀ ਪਿੱਛੋਂ ਨਵੀਂ ਪੀੜ੍ਹੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਕਲਾਪੇ ਵੱਲ ਵਧ ਰਹੇ ਸਮਾਜ ਨੂੰ ਭਾਈਚਾਰਕ ਸਾਂਝ ਵੱਲ ਮੋੜਨ ਦੀ ਹੋਵੇਗੀ।