ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੇ ਮਹੀਨਾਵਾਰ ਰੇਡੀਉ ਪ੍ਰੋਗਰਾਮ ‘ਮਨ ਕੀ ਬਾਤ’ ਬਹੁਤ ਜ਼ਿਆਦਾ ਨਾਸਪੰਦ ਕੀਤੇ ਜਾਣ ਕਾਰਨ ਉਸ ਵੀਡੀਉ ’ਚੋਂ ਪਸੰਦ ਅਤੇ ਨਾਪਸੰਦ (like or dislike) ਕਰਨ ਵਾਲਾ ਬਟਨ ਹਟਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਪਸੰਦ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ। ਇਸ ਭਾਸ਼ਨ ਵਿਚ ਪ੍ਰਧਾਨ ਮੰਤਰੀ ਨੇ ਲੋਕਾਂ ਦਾ ਧਿਆਨ ਬੱਚਿਆਂ ਦੇ ਖਿਡੌਣੇ ਬਣਾਉਣ ਵਾਲੀ ਸਨਅਤ, ਜਿਹੜੀ ਸਾਲਾਨਾ ਲਗਭਗ 7 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਦੀ ਹੈ, ’ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਮਹਿੰਗੇ ਵਿਦੇਸ਼ੀ ਖਿਡੌਣਿਆਂ ਨੇ ਸਾਡੇ ਬੱਚਿਆਂ ਨੂੰ ਇਕ-ਦੂਸਰੇ ਤੋਂ ਅਲੱਗ-ਥਲੱਗ ਕਰ ਕੇ ਇਕੱਠੇ ਹੋ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਤੋਂ ਦੂਰ ਕਰ ਦਿੱਤਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਗੁੱਸੇ ਦੀ ਇਸ ਲਹਿਰ ਦਾ ਕਾਰਨ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਇਹ ਆਸ ਸੀ ਕਿ ਪ੍ਰਧਾਨ ਮੰਤਰੀ ਮੈਡੀਕਲ ਕਾਲਜਾਂ ਅਤੇ ਇੰਜਨੀਅਰਿੰਗ ਦੇ ਇਮਤਿਹਾਨਾਂ, ਨੀਟ (NEET) ਅਤੇ ਜੀ (JEE) ਬਾਰੇ ਵਿਚਾਰ ਪ੍ਰਗਟਾਉਣਗੇ ਪਰ ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰੀਖਿਆਵਾਂ ਬਾਰੇ ਚੁੱਪ ਧਾਰੀ ਰੱਖੀ। ਇਸੇ ਤਰ੍ਹਾਂ ‘ਅਮਰੀਕਾ-ਭਾਰਤ ਰਣਨੀਤਕ ਤੇ ਭਾਈਵਾਲੀ ਮੰਚ’ ਦੇ ਤੀਜੇ ਸੰਮੇਲਨ ਤੋਂ ਬਾਅਦ ਵੀ ਹੋਇਆ ਜਿਸ ਵਿਚ ਪ੍ਰਧਾਨ ਮੰਤਰੀ ਦੇ ਦਿੱਤੇ ਭਾਸ਼ਨ ਨੂੰ ਨਾਪਸੰਦ ਕਰਨ ਵਾਲਿਆਂ ਦੀ ਗਿਣਤੀ ਪਸੰਦ ਕਰਨ ਵਾਲਿਆਂ ਤੋਂ ਦੁੱਗਣੀ ਸੀ।
ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਧਿਰਾਂ ’ਤੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਭਾਜਪਾ ਅਨੁਸਾਰ ਦੇਸ਼ ਦਾ ਸਿਰਫ਼ ਇਕ ਹਿੱਸਾ ਹੀ ਪ੍ਰਧਾਨ ਮੰਤਰੀ ਦੇ ਭਾਸ਼ਨਾਂ ਨੂੰ ਨਾਪਸੰਦ ਕਰ ਰਿਹਾ ਹੈ। ਭਾਜਪਾ ਅਨੁਸਾਰ ਕਾਂਗਰਸ ਇਹ ਸਭ ਕੁਝ ਪ੍ਰਧਾਨ ਮੰਤਰੀ ਦਾ ਅਕਸ ਵਿਗਾੜਨ ਲਈ ਕਰ ਰਹੀ ਹੈ। ਇਹ ਦੋਸ਼ ਲਗਾਉਂਦੇ ਹੋਏ ਭਾਜਪਾ ਬੜੀ ਤਿਲਕਵੀਂ ਜ਼ਮੀਨ ’ਤੇ ਹੈ। ਇਉਂ ਲੱਗਦਾ ਹੈ ਕਿ ਪਾਰਟੀ ਦੇ ਆਗੂਆਂ ਨੂੰ ਉਹ ਦਿਨ ਭੁੱਲ ਗਏ ਹਨ ਜਦ ਲੱਖਾਂ ਦੀ ਗਿਣਤੀ ਵਿਚ ਲੋਕ ਪ੍ਰਧਾਨ ਮੰਤਰੀ ਦੀ ਕਹੀ ਹਰ ਗੱਲ ਨੂੰ ਪਸੰਦ ਕਰਦੇ ਅਤੇ ਇੰਟਰਨੈੱਟ ਪਲੇਟਫਾਰਮਾਂ ’ਤੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਦਾ ਤੂਫ਼ਾਨ ਆ ਜਾਂਦਾ ਸੀ। ਲੋਕਾਂ ਦੇ ਨਾਪਸੰਦਗੀ ਜ਼ਾਹਿਰ ਕਰਨ ਦੇ ਕੁਝ ਠੋਸ ਕਾਰਨ ਹਨ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਏਨੀਆਂ ਮਜ਼ਬੂਤ ਨਹੀਂ ਕਿ ਉਹ ਏਨੀ ਵੱਡੀ ਗਿਣਤੀ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਨਾਂ ਨੂੰ ਨਾਪਸੰਦ ਕਰਨ ਵਾਲਿਆਂ ਦੀ ਫ਼ੌਜ ਖੜ੍ਹੀ ਕਰ ਸਕਣ। ਸਾਰਾ ਜੱਗ ਜਾਣਦਾ ਹੈ ਕਿ ਭਾਜਪਾ ਦਾ (IT) ਸੈੱਲ ਬਹੁਤ ਮਜ਼ਬੂਤ ਹੈ ਅਤੇ ਪਾਰਟੀ ਨੇ ਉਸ ਨੂੰ ਆਪਣੇ ਪ੍ਰਚਾਰ ਲਈ ਚੋਣਾਂ ਅਤੇ ਹੋਰ ਮੁਹਿੰਮਾਂ ਦੌਰਾਨ ਬੜੀ ਕਾਰਜਕੁਸ਼ਲਤਾ ਨਾਲ ਵਰਤਿਆ ਹੈ। ਭਾਜਪਾ ਨੂੰ ਇਹ ਸਵਾਲ ਤਾਂ ਆਪਣੇ ਆਗੂ ਨੂੰ ਪੁੱਛਣੇ ਚਾਹੀਦੇ ਹਨ ਕਿ ਇਹੋ ਜਿਹਾ ਵਰਤਾਰਾ ਕਿਉਂ ਵਾਪਰ ਰਿਹਾ ਹੈ; ਕੀ ਉਨ੍ਹਾਂ ਦੇ ਭਾਸ਼ਨਾਂ ਵਿਚਲਾ ਜਾਦੂ ਖ਼ਤਮ ਹੋ ਰਿਹਾ ਹੈ; ਲੋਕਾਂ ਨੂੰ ਕੀਲ ਲੈਣ ਵਾਲੀ ਉਨ੍ਹਾਂ ਦੀ ਭਾਸ਼ਾ ਕਿੱਥੇ ਗਈ ਹੈ?
ਸਿਆਸੀ ਮਾਹਿਰਾਂ ਅਨੁਸਾਰ ਅਰਥਚਾਰੇ ਵਿਚ ਆਈ ਵੱਡੀ ਮੰਦੀ ਅਤੇ ਬੇਰੁਜ਼ਗਾਰੀ ਵਧਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਵਧ ਰਹੀ ਹੈ। ਲੋਕ ਇਹ ਵੀ ਸਮਝਦੇ ਹਨ ਕਿ ਵਿਰੋਧੀ ਧਿਰਾਂ ਨਾ ਤਾਂ ਭਾਜਪਾ ਦਾ ਬਦਲ ਪੇਸ਼ ਕਰ ਸਕਦੀਆਂ ਹਨ ਅਤੇ ਨਾ ਹੀ ਉਨ੍ਹਾਂ ਕੋਲ ਅਜਿਹਾ ਆਗੂ ਹੈ ਜਿਹੜਾ ਨਰਿੰਦਰ ਮੋਦੀ ਦਾ ਸਾਹਮਣਾ ਕਰ ਸਕੇ। ਇਸ ਕਾਰਨ ਲੋਕਾਂ ਵਿਚ ਬੇਵਸੀ ਅਤੇ ਲਾਚਾਰੀ ਦੀਆਂ ਭਾਵਨਾਵਾਂ ਆਈਆਂ ਹਨ; ਉਹ ਅਜੇ ਕੁਝ ਹੋਰ ਤਾਂ ਨਹੀਂ ਕਰ ਸਕਦੇ, ਸਿਰਫ਼ ਭਾਸ਼ਨਾਂ ’ਤੇ ਨਾਪਸੰਦੀ ਦਾ ਬਟਨ ਦਬਾ ਰਹੇ ਹਨ। ਭਾਜਪਾ ਨੂੰ ਅਸਲ ਫ਼ਿਕਰ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੀ ਹੈ। ਉਸ ਨੂੰ ਚਿੰਤਾ ਹੈ ਕਿ ਭਾਸ਼ਨਾਂ ਨੂੰ ਨਾਪਸੰਦ ਕਰਨ ਵਾਲੇ ਦਬਾਏ ਜਾ ਰਹੇ ਬਟਨਾਂ ਨੂੰ ਦਬਾਉਣ ਦਾ ਵਰਤਾਰਾ ਵਿਧਾਨ ਸਭਾ ਚੋਣਾਂ ਦੌਰਾਨ ਜਨਤਾ ਦਲ (ਯੂਨਾਈਟਿਡ)-ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਨਾਪਸੰਦਗੀ ਵਿਚ ਨਾ ਬਦਲ ਜਾਵੇ। ਲੋਕਾਂ ਨੇ ਨੋਟਬੰਦੀ ਅਤੇ ਜੀਐੱਸਟੀ ਦੀਆਂ ਵੱਡੀਆਂ ਮਾਰਾਂ ਸਹੀਆਂ ਹਨ ਪਰ ਕੋਵਿਡ-19 ਦਾ ਸਾਹਮਣਾ ਕਰਨ ਲਈ ਚਾਰ ਘੰਟਿਆਂ ਦੀ ਮੁਹਲਤ ਦੇ ਕੇ ਕੀਤੀ ਗਈ ਤਾਲਾਬੰਦੀ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ। ਵਿਦਿਆਰਥੀਆਂ, ਨੌਜਵਾਨਾਂ ਅਤੇ ਇੰਟਰਨੈੱਟ ਵਰਤਣ ਵਾਲਿਆਂ ਦੇ ਨਾਲ ਨਾਲ ਸਮੂਹ ਲੋਕਾਂ ਨੂੰ ਇਸ ਸਾਰੇ ਵਰਤਾਰੇ ’ਤੇ ਗ਼ੌਰ ਕਰਦਿਆਂ ਇਹ ਵੀ ਸਮਝਣਾ ਪੈਣਾ ਹੈ ਕਿ ਮਾਮਲਾ ਸਿਰਫ਼ ਨਾਪਸੰਦ ਕਰਨ ਦੇ ਬਟਨ ਦਬਾਉਣ ਨਾਲ ਹੱਲ ਨਹੀਂ ਹੋ ਜਾਣਾ। ਇਸ ਲਈ ਉਨ੍ਹਾਂ ਨੂੰ ਸੰਗਠਿਤ ਹੋ ਕੇ ਆਵਾਜ਼ ਉਠਾਉਣ ਦੀ ਲੋੜ ਹੈ।