ਕਾਨੂੰਨੀ ਅਤੇ ਨੈਤਿਕ ਮੁੱਦਾ

ਕਾਨੂੰਨੀ ਅਤੇ ਨੈਤਿਕ ਮੁੱਦਾ

ਪਿੱਛਲੇ ਵੀਰਵਾਰ ਮਦਰਾਸ ਹਾਈ ਕੋਰਟ ਨੇ ਬਾਬਾ ਰਾਮਦੇਵ ਅਤੇ ਬਾਲ ਕ੍ਰਿਸ਼ਨ ਦੀ ਕੰਪਨੀ ‘ਪਤੰਜਲੀ ਆਯੁਰਵੇਦ’ ਨੂੰ ਉਸ ਦੀ ਇਕ ਦਵਾਈ, ਜਿਸ ਬਾਰੇ ਕੋਵਿਡ-19 ਵਿਰੁੱਧ ਲੜਨ ਲਈ ਅੰਦਰੂਨੀ ਮਨੁੱਖੀ ਤਾਕਤ (immunity) ਵਧਾਉਣ ਦਾ ਦਾਅਵਾ ਕੀਤਾ ਗਿਆ, ਲਈ ਕੋਰੋਨਿਲ (Coronil) ਦਾ ਨਾਂ ਵਰਤਣ ਤੇ ਵੇਚਣ ਤੋਂ ਮਨ੍ਹਾ ਕਰ ਦਿੱਤਾ ਹੈ। ਜਸਟਿਸ ਸੀਵੀ ਕਾਰਤੀਕੇਅਨ ਨੇ ਕੰਪਨੀ ਨੂੰ 10 ਲੱਖ ਰੁਪਏ ਜੁਰਮਾਨਾ ਵੀ ਕੀਤਾ। ਮਦਰਾਸ ਦੀ ਕੰਪਨੀ ਅਰੁਦਰਾ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਨੇ 1993 ਵਿਚ ਸਨਅਤਾਂ ਵਿਚ ਸਫ਼ਾਈ ਕਰਨ ਵਾਲੇ ਇਕ ਪਦਾਰਥ ਦੀ ਰਜਿਸਟਰੇਸ਼ਨ ‘ਕੋਰੋਨਿਲ-92 ਬੀ’ ਵਜੋਂ ਕਰਾਈ ਸੀ। ਇਸ ਕੰਪਨੀ ਅਨੁਸਾਰ ਰਾਮਦੇਵ ਦੀ ਕੰਪਨੀ ਅਤੇ ਟਰੱਸਟ (ਦਿਵਯਾ ਯੋਗ ਮੰਦਰ ਟਰੱਸਟ) ਨੇ ਇਸ ਦੇ ਰਜਿਸਟਰਡ ਟਰੇਡ ਮਾਰਕ ਦੇ ਅਧਿਕਾਰ ਦੀ ਉਲੰਘਣਾ ਕੀਤੀ ਹੈ। ਅਰੁਦਰਾ ਕੰਪਨੀ ਨੇ ਆਪਣੇ ਉਤਪਾਦਨਾਂ ਦਾ ਨਾਂ ਕੋਰੋਨਿਲ ਇਸ ਲਈ ਰੱਖਿਆ ਸੀ ਕਿ ਇਹ ਪਦਾਰਥ (ਕੋਰੋਨਿਲ-92 ਬੀ ਅਤੇ ਕੋਰੋਨਿਲ-213 ਐੱਸਪੀਐੱਲ) ਸਨਅਤੀ ਖ਼ੋਰੇ (Corrosion) ਵਿਰੁੱਧ ਕਾਰਗਰ ਹਨ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਗੱਲ ਵਿਚ ਸੱਚਾਈ ਹੈ ਕਿ ਵੱਡੀਆਂ ਸਨਅਤਾਂ ਅਰੁਦਰਾ ਕੰਪਨੀ ਦੇ ਇਨ੍ਹਾਂ ਉਤਪਾਦਨਾਂ ਦੀਆਂ ਖਰੀਦਦਾਰ ਹਨ ਅਤੇ ਕੰਪਨੀ ਨੇ ਇਸ ਖੇਤਰ ਵਿਚ ਨਾਮ ਕਮਾਇਆ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਪਤੰਜਲੀ ਆਯੁਰਵੇਦ ਨੂੰ ਟਰੇਡ ਮਾਰਕ ਰਜਿਸਟਰਡ ਕਰਨ ਵਾਲੀ ਰਜਿਸਟਰੀ ਤੋਂ ਮੁੱਢਲੀ ਪੁੱਛ-ਪੜਤਾਲ ਦੌਰਾਨ ਹੀ ਇਸ ਗੱਲ ਦਾ ਪਤਾ ਲੱਗ ਜਾਣਾ ਸੀ ਕਿ ‘ਕੋਰੋਨਿਲ’ ਟਰੇਡ ਮਾਰਕ ਪਹਿਲਾਂ ਹੀ ਰਜਿਸਟਰਡ ਹੈ।

ਅਦਾਲਤ ਨੇ ਇਹ ਤੱਥ ਵੀ ਵਿਚਾਰਿਆ ਕਿ ਪਤੰਜਲੀ ਆਯੁਰਵੇਦ ਕੋਲ ਕੋਈ ਸਬੂਤ ਨਹੀਂ ਹੈ ਕਿ ਕੋਰੋਨਿਲ ਦੇ ਨਾਂ ’ਤੇ ਵੇਚੀਆਂ ਜਾਣ ਵਾਲੀਆਂ ਗੋਲੀਆਂ ਕਰੋਨਾਵਾਇਰਸ ਕਾਰਨ ਹੁੰਦੀ ਬਿਮਾਰੀ ਦਾ ਇਲਾਜ ਕਰ ਸਕਦੀਆਂ ਹਨ ਅਤੇ ਕੇਂਦਰੀ ਸਰਕਾਰ ਦੇ ਆਯੁਰਵੇਦ, ਯੋਗ, ਯੂਨਾਨੀ, ਸਿੱਧਾ ਅਤੇ ਹੋਮਿਓਪੈਥਿਕ ਇਲਾਜ ਪੱਧਤੀਆਂ ਵਾਲੇ ਵਿਭਾਗ ਆਯੂਸ਼ ਨੇ ਵੀ ਪਤੰਜਲੀ ਆਯੁਰਵੇਦ ਦੇ ਇਸ ਦਾਅਵੇ ਨੂੰ ਨਕਾਰਿਆ ਸੀ। ਅਦਾਲਤ ਨੇ ਟਿੱਪਣੀ ਕੀਤੀ ਕਿ ਪਤੰਜਲੀ ਆਯੁਰਵੇਦ ‘‘ਦੁਬਾਰਾ ਦੁਬਾਰਾ ਇਸ ਗੱਲ ’ਤੇ ਜ਼ੋਰ ਦੇਣ ਦੀ ਕੋਸ਼ਿਸ਼ ਕਰਦੀ ਰਹੀ ਹੈ ਕਿ ਉਹ 10,000 ਕਰੋੜ ਰੁਪਏ ਦੇ ਸਰਮਾਏ ਵਾਲੀ ਕੰਪਨੀ ਹੈ। ਉਹ ਲੋਕਾਂ ਦੇ ਮਨਾਂ ਵਿਚ ਡਰ ਅਤੇ ਸਹਿਮ ਤੋਂ ਫ਼ਾਇਦਾ ਉਠਾਉਂਦੇ ਹੋਏ ਮੁਨਾਫ਼ੇ ਪਿੱਛੇ ਪਏ ਹੋਏ ਹਨ ਜਦੋਂਕਿ ਕੋਰੋਨਿਲ ਦੀ ਗੋਲੀ ਇਲਾਜ ਨਹੀਂ ਕਰਦੀ ਸਗੋਂ ਇਹ ਦਵਾਈ ਸਿਰਫ਼ ਖੰਘ ਤੇ ਠੰਢ ਲੱਗਣ ਅਤੇ ਬੁਖ਼ਾਰ ਚੜ੍ਹਨ ’ਤੇ ਮਨੁੱਖ ਦੀ ਬਿਮਾਰੀਆਂ ਵਿਰੁੱਧ ਲੜਨ ਵਾਲੀ ਅੰਦਰੂਨੀ ਸ਼ਕਤੀ (immunity) ਨੂੰ ਵਧਾਉਂਦੀ ਹੈ।’’

ਮਦਰਾਸ ਹਾਈ ਕੋਰਟ ਅਨੁਸਾਰ ਪਤੰਜਲੀ ਆਯੁਰਵੇਦ ਨੇ ਨਾ ਸਿਰਫ਼ ਇਕ ਕੰਪਨੀ ਦੇ ਰਜਿਸਟਰਡ ਟਰੇਡ ਮਾਰਕ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਗੋਂ ਲੋਕਾਂ ਨੂੰ ਗੁਮਰਾਹ ਵੀ ਕੀਤਾ। ਅਦਾਲਤ ਅਨੁਸਾਰ ਕੰਪਨੀ ਕੋਵਿਡ-19 ਕਾਰਨ ਲੋਕਾਂ ਦੇ ਮਨਾਂ ’ਚ ਫੈਲੀ ਹੋਈ ਦਹਿਸ਼ਤ ਦਾ ਫ਼ਾਇਦਾ ਉਠਾ ਕੇ ਮੁਨਾਫ਼ੇਖੋਰੀ ਦੀ ਦੌੜ ਵਿਚ ਲੱਗੀ ਹੋਈ ਹੈ। ਅਦਾਲਤ ਨੇ ਚਿਤਾਵਨੀ ਦਿੱਤੀ ਕਿ ਕੰਪਨੀ ਨੂੰ ਇਹ ਮਿੱਥ ਨਹੀਂ ਲੈਣਾ ਚਾਹੀਦਾ ਕਿ ਉਹ ਦਬਾਅ ਪਾ ਕੇ ਇਕ ਰਜਿਸਟਰਡ ਟਰੇਡ ਮਾਰਕ ਦੀ ਉਲੰਘਣਾ ਕਰ ਸਕਦੀ ਹੈ। ਅਦਾਲਤ ਨੇ ਪਤੰਜਲੀ ਆਯੁਰਵੇਦ ਅਤੇ ਦਿਵਯਾ ਯੋਗ ਮੰਦਰ ਟਰੱਸਟ ਨੂੰ ਅਦਿਆਰ ਕੈਂਸਰ ਇੰਸਟੀਚਿਊਟ ਅਤੇ ਗੌਰਮਿੰਟ ਯੋਗ ਐਂਡ ਨੈਚਰੋਪੈਥੀ ਮੈਡੀਕਲ ਕਾਲਜ ਅਤੇ ਹਸਪਤਾਲ, ਅਰੁਨਬਕਮ ਨੂੰ ਪੰਜ-ਪੰਜ ਲੱਖ ਰੁਪਏ ਦੇਣ ਲਈ ਕਿਹਾ ਜਿਹੜੇ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਵਰਤੇ ਜਾਣਗੇ। ਵੱਡਾ ਸਵਾਲ ਇਹ ਹੈ ਕਿ ਕੀ ਅਦਾਲਤ ਦੇ ਇਸ ਫ਼ੈਸਲੇ ਤੇ ਟਿੱਪਣੀਆਂ ਕਾਰਨ ਇਹ ਕੰਪਨੀ (ਪਤੰਜਲੀ ਆਯੁਰਵੇਦ) ਇਸ ਗੱਲ ਉੱਤੇ ਮੰਥਨ ਜਾਂ ਪਛਤਾਵਾ ਕਰੇਗੀ ਕਿ ਉਹ ਲੋਕਾਂ ਨੂੰ ਗੁਮਰਾਹ ਕਰਦੀ ਰਹੀ ਹੈ ਅਤੇ ਉਸ ਨੇ ਆਮ ਬਿਮਾਰੀਆਂ ਵਿਰੁੱਧ ਮਨੁੱਖ ਦੀ ਅੰਦਰੂਨੀ ਸ਼ਕਤੀ (immunity) ਨੂੰ ਵਧਾਉਣ ਵਾਲੀ ਦਵਾਈ ਨੂੰ ਕਰੋਨਾਵਾਇਰਸ ਦਾ ਇਲਾਜ ਕਰਨ ਵਾਲੀ ਦਵਾਈ ਵਜੋਂ ਪੇਸ਼ ਕਰਕੇ ਉਸ ਨੇ ਗ਼ਲਤੀ ਕੀਤੀ ਜਾਂ ਫਿਰ ਇਹ ਅਦਾਲਤ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਅਪੀਲ ਕਰੇਗੀ। ਮੁੱਖ ਮੁੱਦਾ ਕਾਨੂੰਨੀ ਨਹੀਂ, ਨੈਤਿਕਤਾ ਦਾ ਹੈ। ਇਸ ਕੰਪਨੀ ਦੇ ਬਾਨੀ ਆਪਣੇ ਆਪ ਨੂੰ ਧਾਰਮਿਕ ਵਿਅਕਤੀ ਅਖਵਾਉਂਦੇ ਹਨ। ਇਹ ਆਉਣ ਵਾਲੇ ਦਿਨ ਹੀ ਦੱਸਣਗੇ ਕਿ ਉਹ ਆਪਣੀ ਬਣਾਈ ਦਵਾਈ ਦਾ ਨਾਂ ‘ਕੋਰੋਨਿਲ’ ਰੱਖਣ ਦੀ ਲੜਾਈ ਨੂੰ ਅੱਗੇ ਵਧਾਉਂਦੇ ਹਨ ਜਾਂ ਫਿਰ ਇਸ ਦਾ ਨਾਂ ਬਦਲਦੇ ਹਨ ਜਾਂ ਇਸ ਬਾਰੇ ਕੋਈ ਹੋਰ ਸਪੱਸ਼ਟੀਕਰਨ ਦਿੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All