ਹਿੰਦੀ ਦੀ ਪ੍ਰਸਿੱਧ ਲੇਖਕ ਗੀਤਾਂਜਲੀ ਸ਼੍ਰੀ ਦੇ ਨਾਵਲ ‘ਰੇਤ ਸਮਾਧੀ’ ਦਾ ਅੰਗਰੇਜ਼ੀ ’ਚ ਅਨੁਵਾਦ (ਟੌਂਬ ਆਫ ਸੈਂਡ) ਛਪਣ ਤੋਂ ਬਾਅਦ ਇਸ ਨੂੰ ਦੁਨੀਆ ਭਰ ’ਚ ਮੰਨਿਆ ਜਾਂਦਾ ਬੁਕਰ ਸਨਮਾਨ ਮਿਲਿਆ। ਇਹ ਬੁਕਰ ਸਨਮਾਨ ਨਾਲ ਸਨਮਾਨਿਤ ਹਿੰਦੀ ਸਾਹਿਤ ਦਾ ਪਹਿਲਾ ਨਾਵਲ ਹੈ। ਇਹ ਸ਼ੁਹਰਤ ਲੇਖਕ ਨੂੰ ਮਹਿੰਗੀ ਪੈ ਗਈ। 30 ਜੁਲਾਈ ਨੂੰ ਲੇਖਕ ਨੂੰ ਸਨਮਾਨਿਤ ਕਰਨ ਲਈ ਆਗਰਾ ’ਚ ਸਮਾਗਮ ਹੋਣਾ ਸੀ ਪਰ ਹਾਥਰਸ ਦੇ ਇਕ ਬੰਦੇ ਦੀ ਸ਼ਿਕਾਇਤ ’ਤੇ ਉਨ੍ਹਾਂ ਖ਼ਿਲਾਫ਼ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਤਹਿਤ ਮੁਕੱਦਮਾ ਦਰਜ ਕਰ ਲਿਆ। ਵਰ੍ਹਿਆਂ ਤੋਂ ਗੀਤਾਂਜਲੀ ਸ਼੍ਰੀ ਨੂੰ ਜਾਨਣ ਵਾਲੇ ਵੱਡੇ ਹਿੰਦੀ ਲੇਖਕ ਇਸ ਮਾਮਲੇ ’ਚ ਉਨ੍ਹਾਂ ਦੀ ਪਿੱਠ ’ਤੇ ਆ ਗਏ ਹਨ ਅਤੇ ਉਨ੍ਹਾਂ ਨੂੰ ਹਿੰਦੀ ਲੇਖਕਾਂ ਦੀ ਪਹਿਲੀ ਕਤਾਰ ਦੀ ਲੇਖਕ ਪ੍ਰਵਾਨ ਕਰ ਰਹੇ ਹਨ। ਮ੍ਰਿਣਾਲ ਪਾਂਡੇ, ਓਮ ਥਾਨਵੀ ਤੇ ਹੋਰ ਪੱਤਰਕਾਰਾਂ ਤੇ ਲੇਖਕਾਂ ਨੇ ਮੁਕੱਦਮਾ ਦਰਜ ਕਰਨ ਦੀ ਨਿੰਦਾ ਕੀਤੀ ਹੈ।
ਸੋਸ਼ਲ ਮੀਡੀਆ ਉੱਤੇ ਵੀ ਗੀਤਾਂਜਲੀ ਖ਼ਿਲਾਫ਼ ਨਾਂਹਪੱਖੀ ਮੁਹਿੰਮ ਚੱਲ ਰਹੀ ਹੈ। ਉਸ ਦਾ ਕਸੂਰ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਪੜ੍ਹੀ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਜੇਐੱਨਯੂ ਦੇ ਵਿਦਿਆਰਥੀਆਂ ਦੇ ਖੱਬੇ-ਪੱਖੀ ਵਿਚਾਰਧਾਰਾ ਵਾਲੇ ਹਿੱਸੇ ਨੂੰ ‘ਟੁਕੜੇ ਟੁਕੜੇ ਗੈਂਗ’ ਦਾ ਨਾਮ ਦਿੱਤਾ ਜਾ ਰਿਹਾ ਹੈ। ਅਜਿਹੇ ਕਾਰਨਾਂ ਕਰਕੇ ਲੇਖਕ ਨੂੰ ਪ੍ਰੇਸ਼ਾਨ ਕਰਨਾ ਸੰਵਿਧਾਨਕ, ਕਾਨੂੰਨੀ ਅਤੇ ਇਖ਼ਲਾਕੀ ਤੌਰ ਉੱਤੇ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਹਿੰਦੀ ਲੇਖਕ ਭਾਰਤ ਤਿਵਾੜੀ ਨੇ ਕਿਹਾ ਕਿ ਦੇਸ਼ ਅੰਦਰ ਰਾਜ ਦਾ ਨਜ਼ਰੀਆ ਬਦਲਿਆ ਜਾ ਰਿਹਾ ਹੈ। ਵਾਦ-ਵਿਵਾਦ ਹੋਣ ਕਾਰਨ ਆਗਰਾ ਵਿਚ ਹੋਣ ਵਾਲਾ ਸਮਾਗਮ ਰੱਦ ਕਰ ਦਿੱਤਾ ਗਿਆ। ਲੇਖਕ ਦੇ ਨਾਲ ਨਾਲ ਇਹ ਸਾਹਿਤ ਦਾ ਵੀ ਅਪਮਾਨ ਹੈ।
ਪਿਛਲੇ ਸਮੇਂ ਤੋਂ ਬਾਦਲੀਲ ਗੱਲ ਕਰਨ ਵਾਲੇ ਲੇਖਕ, ਪੱਤਰਕਾਰ ਅਤੇ ਹੋਰ ਵਿਦਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ, ਮੁਹੰਮਦ ਜ਼ੁਬੈਰ ਉੱਤੇ 2018 ਦੇ ਟਵੀਟ ਨੂੰ ਆਧਾਰ ਬਣਾ ਕੇ ਮੁਕੱਦਮਾ ਦਰਜ ਕਰਨ ਅਤੇ ਲੇਖਕਾਂ, ਵਿਦਵਾਨਾਂ, ਚਿੰਤਕਾਂ, ਪੱਤਰਕਾਰਾਂ, ਕਲਾਕਾਰਾਂ ਤੇ ਸਮਾਜਿਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਪ੍ਰੇਸ਼ਾਨ ਕਰਨ ਵਾਲੇ ਹਨ। ਦੂਸਰੇ ਪਾਸੇ ਅਦਾਲਤਾਂ ਨੇ ਦਿੱਲੀ ਅਤੇ ਹਰਿਦੁਆਰ ਵਿਖੇ ਹੋਏ ਨਫ਼ਰਤੀ ਭਾਸ਼ਨਾਂ ਦਾ ਨੋਟਿਸ ਤਾਂ ਲਿਆ ਪਰ ਅਜਿਹੇ ਭਾਸ਼ਨ ਦੇਣ ਵਾਲਿਆਂ ਵਿਰੁੱਧ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਭਾਰਤ ਦਾ ਸੰਵਿਧਾਨ ਵਿਚਾਰ ਪ੍ਰਗਟਾਵੇ ਦਾ ਬੁਨਿਆਦੀ ਅਧਿਕਾਰ ਦਿੰਦਾ ਹੈ। ਕਿਸੇ ਵੀ ਲਿਖਤ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਹਰ ਇਕ ਦਾ ਹੱਕ ਹੈ ਪਰ ਇਸ ਹੱਕ ਨੂੰ ਦੂਸਰੇ ਦੀ ਆਵਾਜ਼ ਦਬਾਉਣ ਦਾ ਵਸੀਲਾ ਨਹੀਂ ਬਣਾਇਆ ਜਾ ਸਕਦਾ। ਗੀਤਾਂਜਲੀ ਸ਼੍ਰੀ ਦੇ ਮਾਮਲੇ ’ਚ ਉੱਠੀ ਲੇਖਕਾਂ ਦੀ ਆਵਾਜ਼ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਲੇਖਕ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਬਜਾਇ ਉਸ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ।